ਜਲਾਲਾਬਾਦ – ਪਨਬੱਸ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਅੰਦਰ ਤਨਖਾਹਾਂ ਦੀ ਕਟੌਤੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ ਦੇ ਰੋਸ ਵੱਜੋਂ ਪ੍ਰਦਰਸ਼ਨ ਕੀਤਾ ਗਿਆ।

Image Courtesy :jagbani(punjabkesar)

ਸਰਕਾਰ ਅਤੇ ਅਫਸਰਸ਼ਾਹੀ ਖ਼ਿਲਾਫ ਪਨਬੱਸ ਮੁਲਾਜ਼ਮਾਂ ਨੇ ਫਾਜ਼ਿਲਕਾ-ਫਿਰੋਜਪੁਰ ਸਡ਼ਕ ‘ਤੇ ਸਥਿਤ ਨਵੇਂ ਬੱਸ ਅੱਡੇ ਕੋਲ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪ੍ਰਧਾਨ ਰਾਜ ਕੁਮਾਰ ਨੇ ਦੱਸਿਆ ਕਿ ਅਫਸਰਸ਼ਾਹੀ ਵੱਲੋਂ ਪਨਬੱਸ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚ 25 ਫੀਸਦੀ ਕਟੌਤੀ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨਾ ਪੂਰਨ ਗਠਨ ਤਹਿਤ ਪੰਜਾਬ ਰੋਡਵੇਜ਼ ਦੀਆਂ ਅਸਾਮੀਆਂ ਖਤਮ ਕਰਨ ਦੇ ਰੋਸ ‘ਚ ਯੂਨੀਅਨ ਵੱਲੋਂ ਪੁਤਲੇ ਫੂਕੇ ਗਏ ਹਨ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ 10 ਅਗਸਤ ਨੂੰ ਡਾਇਰੈਕਟਰ ਸਟੇਟ ਟਰਾਂਸਪੋਰਟ ਨਾਲ ਵੀਡਿਓ ਕਾਨਫਰੈਂਸਿੰਗ ਜ਼ਰੀਏ ਮੀਟਿੰਗ ‘ਚ ਅਫਸਰਾਂ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਗਿਆ। ਇਸ ਦੇ ਰੋਸ ‘ਚ ਯੂਨੀਅਨ ਵਲੋਂ ਸਪੱਸ਼ਟ ਕਿਹਾ ਗਿਆ ਹੈ ਕਿ ਜੀ.ਪੀ.ਐਸ, ਵੀ.ਟੀ.ਐਸ ਪੰਪਾਂ ਅਤੇ ਅੱਡਿਆਂ ਦੇ ਕੰਪਿਊਟਰੀਕਰਨ ਅਤੇ ਸੀ.ਸੀ.ਟੀਵੀ ਕੈਮਰਿਆਂ ‘ਤੇ ਕਰੋੜਾਂ ਰੁਪਏ ਫਾਲਤੂ ਖਰਚ ਕੀਤੇ ਜਾ ਰਹੇ ਹਨ।
ਪਰ ਜਦੋਂ ਕੋਰੋਨਾ ਆਫ਼ਤ ਦੌਰਾਨ ਸਰਕਾਰ ਵੱਲੋਂ ਸ਼੍ਰੀ ਹਜ਼ੂਰ ਸਾਹਿਬ , ਦਿੱਲੀ , ਜੰਮੂ , ਰਾਜਸਥਾਨ ਭੇਜਣ ਅਤੇ ਹੁਣ ਤੱਕ ਐਬੂਲੈਂਸਾਂ, ਰੂਟਾਂ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ 10-11 ਹਜ਼ਾਰ ਰੁਪਏ ਤਨਖਾਹ ਦੀ ਗੱਲ ਆਉਂਦੀ ਹੈ ਤਾਂ ਉਸ ਦੇ ਵਿਚੋਂ ਵੀ ਕੱਟ ਲਾਉਣੇ, ਇਹ ਗਲਤ ਹੈ। ਇਸ ਨੂੰ ਵਰਕਰ ਕਦੇਂ ਵੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸੱਤਾ ‘ਚ ਆਇਆ 4 ਸਾਲ ਬੀਤ ਚੁੱਕੇ ਹਨ ਅਤੇ ਪਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਈ ਕਮੇਟੀ ਅਜੇ ਤੱਕ ਟਾਲਮਟੋਲ ਕਰਦੀ ਆ ਰਹੀ ਹੈ। ਦੂਜੇ ਪਾਸੇ ਸਾਰੇ ਵਿਭਾਗਾਂ ਦੀਆਂ ਪੁਰਨਗਠਨ ਦੇ ਨਾਮ ‘ਤੇ ਅਸਾਮੀਆਂ ਘੱਟ ਕਰਨ ਤੋਂ ਸਾਫ ਹੈ ਕਿ ਸਰਕਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਮਹਿਕਮੇ ਖਤਮ ਕਰਨ ‘ਤੇ ਲੱਗੀ ਹੈ। ਇਸ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ 13 ਅਗਸਤ ਨੂੰ ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮ ਅਤੇ ਪਨਬੱਸ ਮੁਲਾਜ਼ਮਾਂ ਵੱਲੋਂ ਗੁਲਾਮੀ ਦਿਵਸ ਮਨਾਇਆ ਜਾਵੇਗਾ।
ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਪਨਬੱਸ ਮੁਲਾਜ਼ਮ ਦੀ ਤਨਖਾਹ ਕੌਟਤੀ ਬੰਦ ਕਰ ਕੇ ਤੁਰੰਤ ਤਨਖਾਹ ਦਿੱਤੀ ਜਾਵੇ , ਪੁਨਰਗਠਨ ਤਹਿਤ ਪੰਜਾਬ ਰੋਡਵੇਜ਼ ਦੀਆਂ ਅਸਾਮੀਆਂ ਖਤਮ ਨਾ ਕਰਨ ਅਤੇ ਪਨਬੱਸ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ‘ਤੇ ਪੱਕੇ ਕਰਨ ਦੀ ਮੰਗ ਕੀਤੀ ਹੈ। ਇਸਦੇ ਲਈ ਬਣਾਈ ਕੈਬਨਿਟ ਸਬ ਕਮੇਟੀ ਨਾਲ ਮਹਿਕਮੇ ਦੇ ਮੰਤਰੀ ਅਤੇ ਅਧਿਕਾਰੀਆਂ ਸਮੇਤ ਤੁਰੰਤ ਮੀਟਿੰਗ ਕਰਵਾਈ ਜਾਵੇ ਨਹੀ ਤਾਂ ਪਨਬੱਸ ਕਾਮੇ 15 ਅਗਸਤ ਨੂੰ ਕਾਲੇ ਚੋਲੇ ਪਾ ਕੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਪ੍ਰਧਾਨ ਰਾਜ ਕੁਮਾਰ, ਬਲਵੀਰ ਸਿੰਘ, ਅਸ਼ੋਕ ਕੁਮਾਰ, ਤਰਲੋਕ ਸਿੰਘ, ਗੁਰਦੀਪ ਸਿੰਘ, ਜਰਨੈਲ ਸਿੰਘ, ਰਕੇਸ਼ ਕੁਮਾਰ, ਸੁਰਿੰਦਰ ਸਿੰਘ , ਰਵਿੰਦਰ ਸਿੰਘ, ਲਾਲ ਚੰਦ ਆਦਿ ਨੇ ਵੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

News Credit :jagbani(punjabkesar)