ਨਰਮੇ ਦੀ ਫ਼ਸਲ ‘ਤੇ ਹਰੇ ਤੇਲੇ ਤੇ ਚਿੱਟੀ ਮੱਖੀ ਦੇ ਹਮਲੇ ਲਈ ਅਨੇਕਾਂ ਥਾਵਾਂ ‘ਤੇ ਸਪਰੇਆਂ ਛਿੜਕਣ ਦੇ ਮਾਮਲੇ ਵੀ ਸਾਹਮਣੇ ਆਏ ਹਨ ਪਰ ਵਿਭਾਗ ਵੱਲੋਂ ਕੀਤੇ ਤਾਜ਼ਾ ਸਰਵੇਖਣ ਦੌਰਾਨ ਇਸ ਹਮਲੇ ਦਾ ਮਾਮਲਾ ਖੇਤਾਂ ਵਿਚ ਕਿਧਰੇ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ।

ਬਠਿੰਡਾ: ਮਾਲਵਾ ਖਿੱਤੇ ‘ਚ ਕਿਸਾਨਾਂ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧ ਗਈਆਂ ਹਨ। ਦਰਅਸਲ ਕਪਾਹ ਪੱਟੀ ਵਿੱਚ ਬੀਟੀ ਕੌਟਨ ‘ਤੇ ਹਰਾ ਤੇਲਾ ਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਹੈ। ਇਸ ਦੌਰਾਨ ਕੁਝ ਕਿਸਾਨਾਂ ਨੇ ਫ਼ਸਲ ਦੇ ਬਚਾਅ ਲਈ ਸਪਰੇਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਉਧਰ, ਖੇਤੀ ਵਿਭਾਗ ਨੇ ਕਿਸਾਨਾਂ ਨੂੰ ਸਪੇਰਆਂ ਕਰਨ ਤੋਂ ਮਨ੍ਹਾ ਕੀਤਾ ਹੈ। ਖੇਤੀ ਮਾਹਿਰਾਂ ਵੱਲੋਂ ਇਸ ਹਮਲੇ ਨੂੰ ਮਾਮੂਲੀ ਮੰਨਿਆ ਹੈ ਤੇ ਇਸ ਨੂੰ ਈਟੀਐੱਲ ਲੈਵਲ ਤੋਂ ਥੱਲੇ ਕਰਾਰ ਦਿੱਤਾ ਹੈ। ਬੇਸ਼ੱਕ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ ‘ਤੇ ਹਰੇ ਤੇਲੇ ਤੇ ਚਿੱਟੀ ਮੱਖੀ ਦੇ ਹਮਲੇ ਲਈ ਅਨੇਕਾਂ ਥਾਵਾਂ ‘ਤੇ ਸਪਰੇਆਂ ਛਿੜਕਣ ਦੇ ਮਾਮਲੇ ਵੀ ਸਾਹਮਣੇ ਆਏ ਹਨ ਪਰ ਵਿਭਾਗ ਵੱਲੋਂ ਕੀਤੇ ਤਾਜ਼ਾ ਸਰਵੇਖਣ ਦੌਰਾਨ ਇਸ ਹਮਲੇ ਦਾ ਮਾਮਲਾ ਖੇਤਾਂ ਵਿਚ ਕਿਧਰੇ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ।

ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦਾਅਵਾ ਕੀਤਾ ਕਿ ਕਈ ਪਿੰਡਾਂ ਚ ਸੈਂਕੜੇ ਏਕੜ ਫ਼ਸਲ ਚਿੱਟੀ ਮੱਖੀ ਨੇ ਤਬਾਹ ਕਰ ਦਿੱਤੀ ਹੈ। ਅਜਿਹੇ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਦਾ ਕਹਿਣਾ ਹੈ ਕਿ ਇੱਕ-ਦੋ ਦਿਨਾਂ ਵਿੱਚ ਮੀਂਹ ਪੈਣ ਨਾਲ ਨਰਮੇ ‘ਤੇ ਹਮਲਾ ਕਰਨ ਵਾਲੇ ਸਭ ਜੀਵ-ਜੰਤੂ ਖ਼ਤਮ ਹੋ ਜਾਣਗੇ।

ਬੇਸ਼ੱਕ ਖੇਤੀਬਾੜੀ ਵਿਭਾਗ ਇਸ ਹਮਲੇ ਨੂੰ ਮਾਮੂਲੀ ਦੱਸ ਰਿਹਾ ਹੈ ਪਰ ਕਿਸਾਨਾਂ ਦੇ ਮੱਥੇ ‘ਤੇ ਚਿੰਤਾਂ ਦੀਆਂ ਲਕੀਰਾਂ ਇੱਕ ਵਾਰ ਫਿਰ ਗੂੜ੍ਹੀਆਂ ਹੋ ਗਈਆਂ ਹਨ।

News Credit ABP Sanjha