ਹਰਪਾਲ ਚੀਮਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਿਹਾ ਕਿ ਉਹ ਪੂਰੇ ਪੰਜਾਬ ਦੇ ਲੋਕਾਂ ਤੋਂ ਨਾ ਸਹੀ ਘੱਟੋ-ਘੱਟ ਬਠਿੰਡਾ ਦੇ ਲੋਕਾਂ ਤੋਂ ਹੀ ਝੂਠੇ ਵਾਅਦੇ ਤੇ ਦਾਅਵੇ ਕਰਨ ਬਾਰੇ ਮਾਫ਼ੀ ਮੰਗਣ ਜਿਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਤਰਸ ਖਾ ਕੇ ਤੇ ਵੱਡੀਆਂ ਉਮੀਦਾਂ ਨਾਲ ਵਿਧਾਨ ਸਭਾ ਭੇਜਿਆ ਸੀ।

Image Courtesy Abp Sanjha

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ-ਬੀਜੇਪੀ ਦੀ ਪਿਛਲੀ 10 ਸਾਲਾ ਸਰਕਾਰ ਦੇ ਵਿਕਾਸ ਦੇ ਫੋਕੇ ਦਾਅਵਿਆਂ ਨੂੰ ਧੋ ਦਿੱਤਾ ਹੈ। ਚੀਮਾ ਨੇ ਕਿਹਾ, ”ਅਜੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਰਸ਼ ਦੇ ਮੱਦੇਨਜ਼ਰ 50 ਕਰੋੜ ਰੁਪਏ ਖ਼ਰਚੇ ਜਾਣ ਦਾ ਦਾਅਵਾ ਕੀਤਾ ਸੀ, ਕੀ ਕੈਪਟਨ ਜਨਤਾ ਦੇ ਇਸ ਪੈਸੇ ਦੀ ਜਾਂਚ ਕਰਾਉਣਗੇ ਕਿ ਕਿੱਥੇ ਖ਼ਰਚਿਆ ਦਿਖਾਇਆ ਗਿਆ ਹੈ?”

ਚੀਮਾ ਨੇ ਕਿਹਾ ਕਿ ਹਰ ਸਾਲ ਮੌਨਸੂਨ ਤੋਂ ਪਹਿਲਾਂ ਕਰੋੜ-ਅਰਬਾਂ ਰੁਪਏ ਪਿੰਡਾਂ-ਸ਼ਹਿਰਾਂ ਦੇ ਨਿਕਾਸੀ ਤੇ ਬਰਸਾਤੀ ਨਾਲਿਆਂ ਦੀ ਸਾਫ-ਸਫਾਈ ਤੇ ਦਰਿਆਵਾਂ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਖ਼ਰਚ ਹੁੰਦੇ ਹਨ, ਪਰ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਹੇਠਾਂ ਤੱਕ ਫੈਲੇ ਭ੍ਰਿਸ਼ਟਾਚਾਰ ਕਾਰਨ ਇਹ ਖ਼ਰਚ ਸਿਰਫ਼ ਕਾਗ਼ਜ਼ੀ ਹੁੰਦਾ ਹੈ ਜਿਸ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ।

ਹਰਪਾਲ ਸਿੰਘ ਚੀਮਾ ਨੇ ਪਿਛਲੀ ਬਾਦਲ ਸਰਕਾਰ ਬਾਰੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ, ”ਹਰਸਿਮਰਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਬਠਿੰਡਾ ਨੂੰ ਪੈਰਿਸ ਅਤੇ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦੇ ਦਾਅਵੇ ਕਰਦੇ ਰਹੇ। ਇੱਕ ਮੀਂਹ ਨੇ ਹੀ ਜਿੱਥੇ ਬਠਿੰਡਾ ਸਮੇਤ ਅਬੋਹਰ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਮਾਨਸਾ, ਪਟਿਆਲਾ, ਨਾਭਾ ਆਦਿ ਨੂੰ ਵੈਨਿਸ ਬਣਾ ਦਿੱਤਾ ਹੈ।”

ਚੀਮਾ ਨੇ ਕਿਹਾ ਕਿ ਲੋਕਾਂ ਦੇ ਘਰਾਂ ਅਤੇ ਦੁਕਾਨਾਂ ‘ਚ ਸੀਵਰੇਜ ਦਾ ਗੰਦਾ ਪਾਣੀ ਭਰ ਗਿਆ ਹੈ। ਗੰਦੇ ਬਰਸਾਤੀ ਪਾਣੀ ਦੇ ਪੀਣ ਵਾਲੇ ਪਾਣੀ ‘ਚ ਰਲੇਵੇਂ ਹੋਣ ਕਾਰਨ ਘਾਤਕ ਬਿਮਾਰੀਆਂ ਦੇ ਖ਼ਤਰੇ ਖੜ੍ਹੇ ਹੋ ਗਏ ਹਨ। ਇਸ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਥੱਲੇ ਆ ਗਈ ਹੈ। ਜਿਸ ਦੇ ਨੁਕਸਾਨ ਦੀ 100 ਫ਼ੀਸਦੀ ਭਰਪਾਈ ਲਈ ਪੰਜਾਬ ਸਰਕਾਰ ਨੂੰ ਤੁਰੰਤ ਗਿਰਦਾਵਰੀ ਅਤੇ ਪਾਣੀ ਦੀ ਨਿਕਾਸੀ ਲਈ ਜੰਗੀ ਪੱਧਰ ‘ਤੇ ਕੰਮ ਕਰਨ ਦੀ ਲੋੜ ਹੈ।

News Credit ABP Sanjha