ਮਨੁੱਖੀ ਜੀਵਨ ਰੱਬ ਦੀ ਬਖਸ਼ੀ ਹੋਈ ਇਕ ਵਡਮੁੱਲੀ ਦਾਤ ਹੈ । ਜੋ ਕਿੰਨੀਆਂ ਹੀ ਜੂਨਾਂ ਵਿਚ ਭਟਕਣ ਤੋਂ ਬਾਅਦ ਹਾਸਲ ਹੁੰਦੀ  ਹੈ। ਜੇ ਇੰਨੇ ਚਿਰਾਂ ਮਗਰੋਂ ਹਾਸਲ ਹੋਏ ਇਸ ਸੋਹਣੇ ਮਨੁੱਖੀ ਜੀਵਨ ਨੂੰ ਬਿਨਾਂ ਰੱਬ ਨੂੰ ਯਾਦ ਕਰੇ, ਗੁਰਬਾਣੀ ਪੜੇ, ਸਿਮਰਨ ਕਰੇ ਹੀ ਬਤੀਤ ਕਰ ਲਿਆ ਜਾਵੇ ਤਾਂ ਮਨੁੱਖੀ ਜੀਵਨ ਹੀ  ਵਿਅਰਥ ਹੋ ਜਾਂਦਾ ਹੈ। 
ਗੁਰਬਾਣੀ ਵਿੱਚ ਵੀ ਹੁਕਮ ਹੈ :

ਭਈ ਪਰਾਪਤਿ ਮਾਨੁਖ ਦੇਹੁਰੀਆ।।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।

ਜਿਸਦਾ ਭਾਵ ਹੈ ਕਿ ਇਹ ਮਨੁੱਖੀ ਦੇਹ ਤੇਰੇ ਹੱਥ ਲੱਗੀ ਹੈ। 
ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦਾ ਤੇਰੇ ਕੋਲ ਇਹੀ  ਮੌਕਾ ਹੈ।

ਗੁਰਬਾਣੀ ਦੇ ਅਨੁਸਾਰ ਜੀਵਨ ਦੀਆਂ ਚਾਰ ਮਹੱਤਵਪੂਰਨ ਅਵਸਥਾਵਾਂ ਹੁੰਦੀਆਂ ਨੇ। ਜੋ ਹਰੇਕ ਵਿਅਕਤੀ ਜੀਵਨ ਵਿੱਚ ਪੁਰੀਆਂ ਆਉਣ  ਇਸ ਦਾ ਕੋਈ ਪਤਾ ਨਹੀਂ ਹੁੰਦਾ। ਕੁਝ ਬਾਲ ਅਵਸਥਾ ਵਿੱਚ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਨੇ, ਕੁੱਝ ਜਵਾਨੀ ਵਿੱਚ ਤੇ ਕੁਝ ਇਸ ਤੋਂ ਬਾਅਦ। ਸਾਹਾਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਸ਼ਰੀਰ ਛੱਡ ਜਾਣ।  ਇਸ ਕਰਕੇ ਚਾਹੀਦਾ ਹੈ ਕਿ ਜੀਵਨ ਦੇ ਜਿੰਨੇ ਦਿਨ ਜਿੰਨੇ ਸਾਹ ਰੱਬ ਵਲੋਂ ਬਖ਼ਸ਼ੇ ਹੋਏ ਨੇ ਉਨ੍ਹਾਂ ਨੂੰ ਵਿਅਰਥ ਨਾ ਗਵਾਉਂਦੇ ਹੋਏ ੳਸ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜੇ ਰਹਿ ਕੇ ਬਤੀਤ ਕਰੀਏ।

ਜੀਵਨ ਦੀਆਂ ਇਹਨਾਂ ਚਾਰ ਅਵਸਥਾਵਾਂ  ਵਿੱਚੋਂ ਪਹਿਲੀ ਅਵਸਥਾ  ਬਚਪਨ ਦੀ ਹੁੰਦੀ ਹੈ, ਜਿਸ ਵਿੱਚ ਕੋਈ ਗਿਆਨ ਨਹੀਂ ਹੁੰਦਾ । ਬਚਪਨ ਅੰਨ੍ਹੇ ਵਾਂਗ (ਵਰਗਾ) ਹੁੰਦਾ ਹੈ। ਜੋ ਹੱਸਦੇ  ਖੇੜਦੇ  ਹੀ  ਬਤੀਤ ਹੋ ਜਾਂਦਾ ਹੈ।

     ਦੂਜੀ ਅਵਸਥਾ ਜਵਾਨੀ ਦੀ ਹੁੰਦੀ ਹੈ ਜੋ ਵਿਅਰਥ ਕੰਮ ਕਾਜਾਂ ਵਿਚ ਲੰਗ ਜਾਂਦੀ ਹੈ। ਇਸ ਵਿੱਚ ਕੋਈ ਕਿਸੇ ਦੀ ਗੱਲ ਨਹੀਂ ਸੁਣਨਾ ਚਾਹੁੰਦਾ ਬੱਸ ਅਪਣੇ ਮਨ  ਆਈਆਂ ਹੀ ਕਰਨੀਆਂ ਪਸੰਦ ਕਰਦਾ ਹੈ। ਕੁਝ  ਵਿਰਲੀਆਂ ਰੂਹਾਂ ਹੀ  ਹੁੰਦੀਆਂ ਨੇ ਜੋ ਬਚਪਨ ਵਿੱਚ ਹੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗੁਰਬਾਣੀ ਨਾਲ ਜੁੜ ਕੇ ਸਾਰਾ ਜੀਵਨ ਬਤੀਤ ਕਰ ਕੇ ਸਫਲ ਕਰਦੀਆਂ ਹਨ ।

ਜ਼ਿੰਦਗੀ ਦੀ ਤੀਜੀ ਅਵਸਥਾ ਜੋ ਜਵਾਨੀ ਤੇ ਬੁਢਾਪੇ ਦੇ ਬਿਚਕਾਰ ਆਉਂਦੀ ਹੈ ਉਸ  ਵਿੱਚ ਮਨੁੱਖ ਦੀ  ਦੌੜ ਪੈਸਾ ਕਮਾਉਣ ਵੱਲ ਨੂੰ ਲੱਗੀ ਹੁੰਦੀ ਹੈ। ਧਨ ਦੋਲਤ, ਐਸ਼ੋ ਆਰਾਮ ਦੀਆਂ ਚੀਜ਼ਾਂ ਇਕੱਠੀਆਂ ਕਰਨ ਵਿੱਚ ਮਨੁੱਖ ਇੰਨਾ ਰੁੱਝ ਜਾਂਦਾ ਹੈ ਕਿ ਰੱਬ ਦੀ ਹੋਂਦ ਨੂੰ ਹੀ ਭੁੱਲ ਬੈਠਦਾ ਹੈ। ਜ਼ਿੰਦਗੀ ਦੀ ਇਸ ਭੱਜ ਦੌੜ ਵਿੱਚ ਕਿਂਵੇ ਉਮਰ ਲੰਘ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ।

ਜਦੋਂ ਤੱਕ ਬੰਦੇ ਨੂੰ ਅਸਲ ਜ਼ਿੰਦਗੀ ਦੇ ਮਨੋਰਥ ਦੀ ਸਮਝ ਆਉਣ ਲੱਗਦੀ ਹੈ ਤਾਂ ੳਸਨੂੰ ਅਹਸਾਸ ਹੁੰਦਾ ਹੈ ਕਿ ਜੀਵਨ ਵਿੱਚ ਕੀ ਕਮਾਇਆ ਤੇ ਕਿ ਗਵਾਇਆ ਹੈ। ਫਿਰ ਜਦੋਂ ੳਸਨੂੰ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ ਤਾਂ ਉਸ ਸਮੇਂ ਤੱਕ ਬੰਦਾ ਜੀਵਨ ਦੀ ਚੌਥੀ ਅਵਸਥਾ ਵਿੱਚ ਪਹੁੰਚ ਚੁੱਕਿਆ ਹੁੰਦਾ ਹੈ ਜੋ ਬੁਢਾਪੇ ਦੀ ਹੁੰਦੀ ਹੈ। ਇਥੋਂ ਮੌਤ ਉਸ ਦੇ ਬਹੁਤ ਨੇੜੇ ਹੁੰਦੀ ਹੈ। ਹੁਣ ਇਥੇ ਆਕੇ ਬੜਾ ਪਛਤਾਵਾ ਹੁੰਦਾ ਹੈ ਕਿ ਸਾਰਾ ਜੀਵਨ ਉਨ੍ਹਾਂ ਚੀਜ਼ਾਂ ਪਿੱਛੇ ਵਿਅਰਥ ਗਵਾ ਦਿੱਤਾ ਜਿਨ੍ਹਾਂ ਦਾ ਰੱਬ ਦੇ ਘਰ  ਵਿਚ ਰੱਤੀ ਭਰ ਵੀ ਮੁੱਲ ਨਹੀਂ । ਇਸੀ ਤਰ੍ਹਾਂ ਮਨੁੱਖ ਬਹੁਤ ਪਛਤਾਉਂਦਾ ਹੋਇਆ ਦੁਨੀਆਂ ਤੌਂ  ਤੁਰ ਜਾਂਦਾ ਹੈ ।  

ਗੁਰਬਾਣੀ ਵਿੱਚ ਭੀ ਜੀਵਨ ਦੀਆਂ ਇਨ੍ਹਾਂ ਚਾਰ ਅਵਸਥਾਵਾਂ ਦਾ ਵੀ ਜ਼ਿਕਰ ਮਿਲਦਾ ਹੈ।

ਬਾਲ ਬਿਵਸਥਾ ਬਾਰਿਕੁ ਅੰਧ।।
ਭਰਿ ਜੋਬਨਿ ਲਾਗਾ ਦੁਰਗੰਧ।।
ਤਿ੍ਤੀਅ ਬਿਵਸਥਾ ਸਿੰਚੇ ਮਾਇ।।
ਬਿਰਧਿ ਭਇਆ ਛੋਡਿ ਚਲਿੳ ਪਛੁਤਾਏ।। (ਅੰਗ ੮੮੯)

ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੀਵਨ ਮਿੱਟੀ ਹੈ, ਸਾਹ ਰੇਤ ਦੇ ਘਰ ਵਰਗੇ ਨੇ ਜੋ ਦਿਨ ਪ੍ਰਤੀ ਦਿਨ ਘਟਦੇ ਜਾ ਰਹੇ ਹਨ । ਬਾਅਦ ਵਿੱਚ ਪਛਤਾਉਣ ਨਾਲੋਂ ਚੰਗਾ ਹੈ ਕਿ ਸਮਾਂ ਰਹਿੰਦੇ ਜੀਵਨ ਜਿਊਣ ਦੀ ਜਾਚ ਸਿਖ ਲਈ ਜਾਵੇ । ਦੁਨੀਆਵੀ ਕੰਮਾਂ ਕਾਜਾਂ ਦੇ ਨਾਲ ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰੀਏ , ਗੁਰਬਾਣੀ ਪੜ੍ਹੀਏ, ਸੇਵਾ ਕਰੀਏ ਅਤੇ ਆਪਣੇ ਇਸ ਮਨੁੱਖੀ ਜੀਵਨ ਨੂੰ ਸਫਲਾ ਬਣਾਈਏ। ਅਰਦਾਸ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਜੀ ਸਾਨੂੰ ਆਪਣੇ ਨਾਲ ਜੋੜ ਕੇ ਰੱਖਣਾ, ਨਾਮ ਦਾ ਦਾਨ, ਸਿਮਰਨ, ਲੋੜਵੰਦਾਂ ਦੀ ਮਦਦ ਤੇ ਸੇਵਾ ਭਾਵਨਾ ਸਾਡੇ ਮਨ ਵਿੱਚ ਹਮੇਸ਼ਾ ਬਣੀ ਰਹੇ ਤਾਂ ਜੋ ਰੱਬ ਵੱਲੋਂ ਮਿਲੀ ਇਸ ਮਨੁੱਖੀ ਦੇਹ ਦਾ ਅਸਲ ਮਨੋਰਥ ਪੂਰਾ ਹੋ ਸਕੇ ।

ਸਰਵਜੀਤ ਕੌਰ 
ਪਿੰਡ ਨਿਹਾਲਗੜ੍ਹ 
ਪਾਉਂਟਾ ਸਾਹਿਬ