ਸਮਾਂ ਬੀਤਣ ਦੇ ਨਾਲ-ਨਾਲ ਸਾਡੇ ਦੰਦ ਪੀਲੇ ਪੈ ਜਾਂਦੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਦੰਦਾਂ ਦੀ ਸਾਫ਼-ਸਫ਼ਾਈ ਦਾ ਧਿਆਨ ਨਾ ਰੱਖਣਾ, ਖਾਣ ਦੀਆਂ ਗ਼ਲਤ ਆਦਤਾਂ ਅਤੇ ਉਮਰ ਦਾ ਵਧਣਾ। ਦੰਦਾਂ ਦਾ ਰੰਗ ਖ਼ਰਾਬ ਹੋਣ ਪਿੱਛੇ ਕੁੱਝ ਦਵਾਈਆਂ ਅਤੇ ਦੰਦਾਂ ਸੰਬੰਧੀ ਸਮੱਸਿਆਵਾਂ ਵੀ ਕਾਰਨ ਹੋ ਸਕਦੀਆਂ ਹਨ। ਕਈ ਵਾਰ ਰੈੱਡ ਵ੍ਹਾਈਨ, ਚਾਹ-ਕੌਫ਼ੀ, ਸੌਫ਼ਟ ਡਰਿੰਕ, ਸਿਗਰਟ ਅਤੇ ਮਠਿਆਈਆਂ ਆਦਿ ਵੀ ਦੰਦਾਂ ਦੇ ਪੀਲੇਪਨ ਦਾ ਕਾਰਨ ਹੋ ਸਕਦੀਆਂ ਹਨ। ਹਾਲਾਂਕਿ ਸਾਲ ‘ਚ ਦੋ ਵਾਰ ਦੰਦਾਂ ਦੇ ਡਾਕਟਰ ਕੋਲ ਜਾਣ ਦਾ ਸੁਝਾਅ ਦਿੱਤਾ ਜਾਂਦਾ ਹੈ, ਪਰ ਫ਼ਿਰ ਵੀ ਕੁੱਝ ਅਜਿਹੇ ਘਰੇਲੂ ਇਲਾਜ ਵੀ ਕਾਫ਼ੀ ਸਹਾਇਕ ਹੋ ਸਕਦੇ ਹਨ। ਦੰਦਾਂ ਦੀ ਸਫ਼ੇਦੀ ਨੂੰ ਵਧਾਉਣ ਦਾ ਇੱਕ ਅਸਰਦਾਰ ਤਰੀਕਾ ਹੈ ਬੇਕਿੰਗ ਸੋਡਾ। ਇਹ ਨਾ ਸਿਰਫ਼ ਦੰਦਾਂ ਨੂੰ ਚਮਕਾਏਗਾ ਸਗੋਂ ਇਨ੍ਹਾਂ ‘ਤੇ ਜੰਮਿਆ ਪਲੈਕ ਵੀ ਹਟਾਏਗਾ। ਲੋੜੀਂਦੀ ਸਮੱਗਰੀ ਇਸ ਦੇ ਲਈ ਸਾਨੂੰ ਚਾਹੀਦੈ ਬੇਕਿੰਗ ਸੋਡਾ, ਨਿੰਬੂ ਜਾਂ ਪਾਣੀ ਵੀ ਵਰਤ ਸਕਦੇ ਹੋ। ਇਸ ਸਮੱਗਰੀ ਦਾ ਲੇਪ ਬਣਾ ਕੇ ਘਰ ਬੈਠਿਆਂ ਹੀ ਸਿਰਫ਼ ਤਿੰਨ ਮਿੰਟਾਂ ‘ਚ ਆਪਣੇ ਦੰਦਾਂ ਨੂੰ ਚਮਕਾ ਸਕਦੇ ਹੋ। ਹਫ਼ਤੇ ‘ਚ ਇੱਕ ਵਾਰ ਹੀ ਇਸ ਦੀ ਵਰਤੋਂ ਕਰੋ ਕਿਉਂਕਿ ਵਧੇਰੇ ਵਰਤੋਂ ਨਾਲ ਦੰਦਾਂ ਦੇ ਇਨੈਮਲ ਕਮਜ਼ੋਰ ਪੈ ਸਕਦੇ ਹਨ। ਕਈ ਹਫ਼ਤਿਆਂ ਤਕ ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਦੂਰ ਹੋਣ ਲੱਗੇਗਾ।
ਤਰੀਕਾ: ਅੱਧਾ ਚੱਮਚ ਬੇਕਿੰਗ ਸੋਡੇ ਨੂੰ ਟੁਥਪੇਸਟ ‘ਚ ਮਿਲਾਓ ਅਤੇ ਹਫ਼ਤੇ ‘ਚ ਇੱਕ ਵਾਰ ਇਸ ਨਾਲ ਦੰਦ ਸਾਫ਼ ਕਰੋ। ਬਦਲ ਦੇ ਤੌਰ ‘ਤੇ ਤੁਸੀਂ ਪਾਣੀ ਦੀਆਂ ਕੁੱਝ ਬੂੰਦਾਂ ‘ਚ ਅੱਧਾ ਚੱਮਚ ਬੇਕਿੰਗ ਸੋਡਾ ਪਾ ਕੇ ਆਪਣੀਆਂ ਉਂਗਲੀਆਂ ਨਾਲ ਦੰਦਾਂ ‘ਤੇ ਮੰਜਨ ਕਰ ਸਕਦੇ ਹੋ।
ਨਿੰਬੂ ‘ਚ ਬਲੀਚਿੰਗ ਏਜੰਟਸ ਹੁੰਦੇ ਹਨ ਜੋ ਪੀਲੇਪਨ ਦੀ ਸਮੱਸਿਆ ‘ਚ ਵਧੀਆ ਕੰਮ ਕਰਦੇ ਹਨ। ਆਪਣੇ ਦੰਦਾਂ ‘ਤੇ ਰਗੜਨ ਲਈ ਨਿੰਬੂ ਦੇ ਛਿਲਕੇ ਦਾ ਰਸ ਵਰਤ ਸਕਦੇ ਹੋ ਜਾਂ ਫ਼ਿਰ ਥੋੜ੍ਹੇ ਜਿਹੇ ਨਿੰਬੂ ਦਾ ਰਸ ਕੱਢ ਕੇ ਕੁਰਲੀ ਕਰ ਸਕਦੇ ਹੋ।