ਗੁਰਦੀਸ਼ ਕੌਰ ਗਰੇਵਾਲ ਫੋਨ: 403-404-1450 (ਕੈਲਗਰੀ)
ਗੁਰਦੀਸ਼ ਕੌਰ ਗਰੇਵਾਲ ਫੋਨ: 403-404-1450 (ਕੈਲਗਰੀ)

ਆਮ ਬੋਲ ਚਾਲ ਭਾਸ਼ਾ ਵਿੱਚ ਆਪਾਂ ਸੁਆਦੀ ਖਾਣਾ ਖਾ ਕੇ ਵੀ ਕਹਿ ਦਿੰਦੇ ਹਾਂ ਕਿ ‘ਆਨੰਦ ਆ ਗਿਆ’। ਕਈ ਵਾਰੀ ਦੁਨਿਆਵੀ ਸੁੱਖ ਸਹੂਲਤਾਂ ਮਾਣਦੇ ਹੋਏ ਵੀ ਕਿਸੇ ਦੇ ਪੁੱਛਣ ਤੇ ਕਹਿ ਦਿੰਦੇ ਹਾਂ ਕਿ-‘ਆਨੰਦ ਵਿੱਚ ਹਾਂ’। ਪਰ ਇਹ ਆਨੰਦ ਥੋੜ੍ਹ ਚਿਰੇ ਹੁੰਦੇ ਹਨ। ਅਸਲ ਆਨੰਦ, ਜਿਸ ਦੀ ਵਿਆਖਿਆ ਗੁਰਬਾਣੀ ਵਿੱਚ ਕੀਤੀ ਗਈ ਹੈ ਉਹ ਹੈ-‘ਆਤਮਾ ਜਾਂ ਰੂਹ ਦਾ ਆਨੰਦ’- ਜੋ ਕੇਵਲ ਪ੍ਰਭੂ ਦੇ ਨਾਮ ਵਿੱਚੋਂ ਹੀ ਮਿਲਦਾ ਹੈ। ਜਿਵੇਂ ਸਾਡੇ ਸਰੀਰ ਦੀ ਲੋੜ, ਪੌਸ਼ਟਿਕ ਭੋਜਨ ਤੇ ਕਸਰਤ ਹੈ- ਇਸੇ ਤਰ੍ਹਾਂ ਸਾਡੇ ਮਨ ਦੀ ਵਧੀਆ ਖੁਰਾਕ, ਵਿਸ਼ੇ ਵਿਕਾਰਾਂ ਤੋਂ ਰਹਿਤ, ਚੰਗੇ ਵਿਚਾਰ ਹਨ ਅਤੇ ਆਤਮਾ ਦੀ ਖੁਰਾਕ, ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ ਹੈ। ਕਹਿੰਦੇ ਹਨ ਕਿ- ਸਰੀਰ ਇੱਕ ਵਾਹਨ ਹੈ, ਜਿਸ ਦਾ ਡਰਾਈਵਰ ਮਨ ਹੈ ਤੇ ਇਸ ਵਿੱਚ ਸਵਾਰ ਆਤਮਾ ਇੱਕ ਯਾਤਰੀ ਹੈ। ਸੋ ਇਸ ਯਾਤਰੀ ਦੇ ਸਫ਼ਰ ਨੂੰ ਸੁਹਾਵਣਾ ਬਨਾਉਣ ਲਈ- ਜਿੱਥੇ ਵਧੀਆ ਤੇ ਨਵੀਂ ਨਰੋਈ ਗੱਡੀ ਸਮੇਤ ਸਿਆਣਾ ਡਰਾਈਵਰ ਚਾਹੀਦਾ ਹੈ- ਉਥੇ ਯਾਤਰੀ ਦੀ ਸੁਵਿਧਾ ਦਾ ਧਿਆਨ ਰੱਖਣ ਦੀ ਵੀ ਲੋੜ ਹੈ- ਕਿਉਂਕਿ ਡਰਾਈਵਰ ਨੇ ਯਾਤਰੀ ਦੇ ਦਰਸਾਏ ਮਾਰਗ ਤੇ ਹੀ ਚਲਣਾ ਹੈ।


ਸਰੀਰ, ਮਨ ਤੇ ਆਤਮਾ- ਇਹਨਾਂ ਤਿੰਨਾਂ ਦੀਆਂ ਵੱਖ ਵੱਖ ਲੋੜਾਂ ਬਾਰੇ ਗਿਆਨ ਦੇਣ ਵਾਲੀ ਇੱਕ ਸੰਸਥਾ ਬਾਰੇ ਮੈਂਨੂੰ ਚਾਰ ਕੁ ਸਾਲ ਪਹਿਲਾਂ ਹੀ ਪਤਾ ਲੱਗਾ। ਇਸ ਦਾ ਨਾਮ- ਸ੍ਰੀ ਗੁਰੂੁ ਨਾਨਕ ਮਿਸ਼ਨ ਹੈ ਅਤੇ ਇਸ ਦੇ ਬਾਨੀ ਤੇ ਸੰਚਾਲਕ, ਮਾਤਾ ਬਲਜੀਤ ਕੌਰ ਜੀ ਖਾਲਸਾ ਹਨ। ਇਸ ਨਾਲ ਜੁੜ ਕੇ, ਹੱਡੀਂ ਹੰਢਾਏ ਕੁਝ ਪਲਾਂ ਦਾ ਜ਼ਿਕਰ, ਮੈਂ ਆਪ ਸਭ ਨਾਲ ਸਾਂਝੇ ਕਰਨ ਦੀ ਖੁਸ਼ੀ ਪ੍ਰਾਪਤ ਕਰ ਰਹੀ ਹਾਂ।
ਬੀ.ਸੀ. ਰਹਿੰਦਿਆਂ ਵੀ, ਮੈਂ ਇਸ ਮਿਸ਼ਨ ਦੇ ਕੈਂਪਾਂ ਬਾਰੇ ਸੁਣਿਆਂ ਸੀ- ਪਰ ਕੋਈ ਅਨੁਭਵ ਪ੍ਰਾਪਤ ਕਰਨ ਦਾ ਸਬੱਬ ਨਾ ਬਣਿਆਂ। 2017 ‘ਚ ਦਸ਼ਮੇਸ਼ ਕਲਚਰ ਸੈਂਟਰ, ਕੈਲਗਰੀ ਗੁਰੂੁ ਘਰ ਵਿਖੇ ਇਸ ਮਿਸ਼ਨ ਦਾ 7 ਦਿਨ ਦਾ ਕੈਂਪ ਲੱਗਾ। ਇਸ ਦਾ ਸਮਾਂ ਅੰਮ੍ਰਿਤ ਵੇਲੇ ਚਾਰ ਵਜੇ ਤੋਂ ਛੇ ਵਜੇ ਤਕ ਦਾ ਸੀ। ਚਾਰ ਵਜੇ ਲੰਗਰ ਹਾਲ ਵਿੱਚ ਯੋਗਾ ਤੇ ਕਸਰਤ ਦੀ ਕਲਾਸ ਸ਼ੁਰੂ ਹੋ ਜਾਂਦੀ ਤੇ ਬਾਅਦ ਵਿੱਚ ਇੱਕ ਘੰਟਾ- ਸਿਮਰਨ, ਗੁਰਬਾਣੀ ਤੇ ਸਿੱਖ ਇਤਿਹਾਸ ਦੀਆਂ ਵਿਚਾਰਾਂ ਹੁੰਦੀਆਂ। ਸੰਗਤ ਵਿੱਚ ਏਨਾ ਉਤਸ਼ਾਹ ਸੀ ਕਿ- ਪੌਣੇ ਚਾਰ ਤੱਕ ਸਾਰਾ ਹਾਲ ਭਰ ਜਾਂਦਾ। ਮੈਂਨੂੰ ਰਾਈਡ ਦੇਣ ਵਾਲੀ ਗੁਰਸਿੱਖ ਬੀਬੀ, ਸਾਢੇ ਤਿੰਨ ਵਜੇ ਮੇਰੀ ਬਿਲਡਿੰਗ ਅੱਗੇ ਲਿਆ ਗੱਡੀ ਖੜ੍ਹਾਉਂਦੀ- ਜਦ ਕਿ ਸਾਨੂੰ ਗੁਰੂੁ ਘਰ ਜਾਣ ਲਈ, ਦਸ ਕੁ ਮਿੰਟ ਹੀ ਲਗਦੇ। ਸਫੈਦ ਪੋਸ਼ਾਕ, ਕੇਸਕੀ ਤੇ ਖੰਡੇ ਦਾ ਚਿਨ੍ਹ, ਹੱਥ ਵਿੱਚ ਤਿੰਨ ਫੁੱਟੀ ਕਿਰਪਾਨ ਫੜੀ, ਸਟੇਜ ਤੇ ਬੈਠੇ ਹੋਏ ਗੋਰੇ ਨਿਸ਼ੋਹ ਰੰਗ ਵਾਲੇ, ਸਿਮਰਨ ਵਿੱਚ ਲੀਨ, ਮਾਤਾ ਬਲਜੀਤ ਕੌਰ ਜੀ ਦੇ ਚਿਹਰੇ ਦਾ ਜਲਾਲ ਸਭ ਨੂੰ ਪ੍ਰਭਾਵਤ ਕਰਦਾ। ਉਹਨਾਂ ਦਾ ਬੇਟਾ ਪਰਮਵੀਰ ਸਿੰਘ, ਸੰਗਤ ਨੂੰ ਯੋਗਾ ਤੇ ਕਸਰਤ ਕਰਾਉਂਦਾ ਤੇ ਮਾਤਾ ਜੀ, ਉਸ ਆਸਣ ਦੇ ਫਾਇਦੇ ਵਰਨਣ ਕਰ ਦਿੰਦੇ। ਸਮਾਗਮ ਦੇ ਦੂਜੇ ਭਾਗ ਨੂੰ, ਸੁਆਲ ਜੁਆਬ ਦੇ ਸਿਲਸਿਲੇ ਨਾਲ ਸ਼ੁਰੂ ਕਰਕੇ ਉਹ ਸੰਗਤ ਨੂੰ ਸੁਸਤੀ ਨਾ ਪੈਣ ਦਿੰਦੇ। ਪੌਸ਼ਟਿਕ ਭੋਜਨ ਬਾਰੇ ਦੱਸਣ ਦੇ ਨਾਲ ਨਾਲ, ਗੁਰਬਾਣੀ ਵਿਚਾਰ ਤੇ ਸਿੱਖ ਇਤਿਹਾਸ ਵਿਚੋਂ ਇੱਕ ਦੋ ਸਾਖੀਆਂ ਦੀ ਸਾਂਝ ਵੀ ਪਾਈ ਜਾਂਦੀ। ਹਰ ਸਾਖੀ ਵਿਚੋ ਅਜੋਕੇ ਜੀਵਨ ਵਿੱਚ ਅਪਨਾਉਣ ਲਈ ਜਰੂਰੀ ਨੁਕਤੇ ਸਮਝਾਏ ਜਾਂਦੇ। ਹਰ ਰੋਜ਼ ‘ਹੋਮ ਵਰਕ’ ਵਿੱਚ ਗੁਰਬਾਣੀ ਦੀ ਇੱਕ ਤੁਕ ਦੇ ਕੇ, ਉਸ ਤੇ ਅਮਲ ਕਰਨ ਲਈ ਕਿਹਾ ਜਾਂਦਾ।
ਮਾਤਾ ਜੀ ਦੇ ਮਿਠੜੇ ਬੋਲ, ਮੁਸਕ੍ਰਾਉਂਦਾ ਚਿਹਰਾ, ਖੁਸ਼ਮਿਜਾਜ਼ ਤਬੀਅਤ, ਤੇ ਬਿਆਨ ਕਰਨ ਦੇ ਢੰਗ ਦੇ ਨਾਲ ਨਾਲ, ਅਨੁਸ਼ਾਸਨ ਨੇ ਮੈਂਨੂੰ ਬੜਾ ਪ੍ਰਭਾਵਤ ਕੀਤਾ। ਕਿਸੇ ਧਾਰਮਿਕ ਸਮਾਗਮ ਵਿੱਚ ਪਹਿਲੀ ਵਾਰ ਇੰਨਾ ਅਨੁਸ਼ਾਸਨ ਦੇਖਣ ਨੂੰ ਮਿਲਿਆ। ਪਹਿਲੇ ਦਿਨ ਰਜਿਸਟ੍ਰੇਸ਼ਨ ਹੋਈ। ਹਰ ਇੱਕ ਦਾ ਨਾਮ, ਪਤਾ, ਈਮੇਲ, ਕੰਟੈਕਟ ਲਿਆ ਗਿਆ। ਗੁਰੂੁ ਘਰ ਵੜਦੇ ਸਾਰ ਵੋਲੰਟੀਅਰ ਰਜਿਸਟਰ ਲੈ ਕੇ ਖੜੇ ਹੁੰਦੇ- ਹਰ ਰੋਜ਼ ਹਾਜ਼ਰੀ ਲਗਦੀ। ਜਿਸ ਨੇ ਸੱਤ ਦਿਨ ਹੀ ਹਾਜ਼ਰੀ ਭਰੀ ਹੁੰਦੀ, ਉਸ ਦਾ ਮੈਂਬਰਸ਼ਿਪ ਕਾਰਡ ਬਣ ਜਾਂਦਾ। ਉਹ ਮਿਸ਼ਨ (ਬੀ.ਸੀ.) ਵਿਖੇ ਅਡਵਾਂਸ ਕੈਂਪ ਅਟੈਂਡ ਕਰਨ ਯੋਗ ਹੋ ਜਾਂਦਾ। ਪਰ ਜੋ ਇਸ ਸੱਤ ਦਿਨ ਦੇ ਬੇਸਿਕ ਕੈਂਪ ਵਿੱਚ, ਇੱਕ ਦਿਨ ਵੀ ਕਿਸੇ ਕਾਰਨ ਗੈਰ ਹਾਜ਼ਰ ਹੋ ਜਾਂਦਾ- ਉਹ ਅਗਲਾ ਕੈਂਪ ਅਟੈਂਡ ਨਹੀਂ ਸੀ ਕਰ ਸਕਦਾ। ਬਹੁਤੇ ਲੋਕ ਆਪਣੇ ਬਣਾਏ ਅਸੂਲਾਂ ਨੂੰ, ਲੋੜ ਅਨੁਸਾਰ ਤੋੜ ਮਰੋੜ ਲੈਂਦੇ ਹਨ- ਪਰ ਮਾਤਾ ਜੀ ਵਰਗਾ ਕੋਈ ਵਿਰਲਾ ਟਾਵਾਂ ਹੀ ਹੁੰਦਾ ਹੈ- ਜੋ ਆਪਣੇ ਬਣਾਏ ਹੋਏ ਅਸੂਲਾਂ ਤੇ ਪੂਰਾ ਪਹਿਰਾ ਦਿੰਦਾ ਹੈ। ਵਾਹਿਗੁਰੂ ਦੀ ਕਿਰਪਾ ਨਾਲ, ਮੇਰੀ ਸੱਤੇ ਦਿਨ ਹੀ ਹਾਜ਼ਰੀ ਭਰੀ ਗਈ ਤੇ ਮੇਰਾ ਮੈਂਬਰਸ਼ਿਪ ਕਾਰਡ ਬਣ ਗਿਆ- ਜਿਸ ਕਾਰਨ ਮੈਂ ਅਗਲਾ ਕੈਂਪ ਲਾਉਣ ਦੇ ਯੋਗ ਹੋ ਗਈ।


ਹਰ ਸਾਲ, ਜੂਨ 28 ਤੋਂ ਇੱਕ ਜੁਲਾਈ ਤੱਕ ਦਾ, ਚਾਰ ਦਿਨ ਦਾ ਅਡਵਾਂਸ ਕੈਂਪ ਮਿਸ਼ਨ (ਬੀ.ਸੀ.) ਵਿਖੇ ਲਗਦਾ ਹੈ- ਜਿਸ ਵਿੱਚ ਮੈਂਨੂੰ ਦੋ ਸਾਲ ਲਗਾਤਾਰ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। 27 ਜੂਨ ਨੂੰ ਸਵੇਰੇ 5 ਵਜੇ, ਗੁਰੂ ਘਰ ਤੋਂ ਬੱਸ ਚਲਦੀ ਹੈ- ਜੋ ਸ਼ਾਮ ਨੂੰ 5 ਕੁ ਵਜੇ ਤੱਕ, ਕੈਂਪ ਵਾਲੇ ਸਥਾਨ ਤੇ ਪੁਚਾ ਦਿੰਦੀ ਹੈ- ਕਿਉਂਕਿ ਸਤਾਈ ਜੂਨ ਨੂੰ ਰਿਪੋਰਟਿੰਗ ਟਾਈਮ ਹੈ। ਕੁਝ ਕੁ ਆਪਣੀ ਸਹੂਲਤ ਮੁਤਾਬਕ ਫਲਾਈਟ ਤੇ ਵੀ ਪਹੁੰਚ ਜਾਂਦੇ ਹਨ। ਪਹਿਲੀ ਵਾਰੀ 12 ਘੰਟੇ ਦੇ ਲੰਬੇ ਸਫਰ ਤੋਂ ਕੁੱਝ ਘਬਰਾਹਟ ਹੁੰਦੀ ਸੀ- ਪਰ 35-40 ਸਵਾਰੀਆਂ ਦੀ ਸੰਗਤ ਵਿੱਚ ਸਫ਼ਰ ਪਤਾ ਹੀ ਨਹੀਂ ਲੱਗਿਆ। ਤੁਸੀਂ ਜਾਣਦੇ ਹੀ ਹੋ ਕਿ- ਇਹ ਰਸਤਾ ਹੀ ਕਿੰਨਾ ਰਮਣੀਕ ਹੈ- ਚਾਂਦੀ ਰੰਗੇ ਮੁਕਟ ਪਹਿਨੀ ਖੜੀਆਂ ਉਚੀਆਂ ਪਰਬਤ ਚੋਟੀਆਂ.. ਹਰੇ ਭਰੇ ਜੰਗਲ.. ਪਹਾੜਾਂ ਦੀ ਹਿੱਕ ਨੂੰ ਚੀਰ ਕੇ ਕਲਕਲ ਵਗਦੇ ਝਰਨੇ.. ਤੇ ਪਹਾੜਾਂ ਦੇ ਪੈਰਾਂ ‘ਚ ਵਗਦਾ ਨਿਰੰਤਰ ਦਰਿਆ ਤੇ ਝੀਲਾਂ ਦਾ ਪਾਣੀ- ਉਸ ਕਾਦਰ ਦੀ ਕੁਦਰਤ ਤੋਂ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ। ਬੱਸ ਚਲਦੇ ਸਾਰ, ਪਹਿਲਾਂ ਸੰਗਤੀ ਰੂਪ ‘ਚ ਨਿੱਤ ਨੇਮ ਕੀਤਾ, ਫੇਰ ਘਰਾਂ ਤੋਂ ਲਿਆਂਦੇ ਰੰਗ-ਬਰੰਗੇ ਪਕਵਾਨਾਂ ਨਾਲ, ਨਾਸ਼ਤਾ ਕੀਤਾ। ਫੇਰ ਸੁਖਮਨੀ ਸਾਹਿਬ ਦਾ ਪਾਠ ਸੰਗਤੀ ਰੂਪ ‘ਚ ਸ਼ੁਰੂ ਕਰ ਲਿਆ। ਜਦ ਤੱਕ ਕਈਆਂ ਨੂੰ ਨੀਂਦ ਦੇ ਝੋਕੇ ਆ ਗਏ। ਤਿੰਨ ਚਾਰ ਘੰਟੇ ਬਾਅਦ ਬੱਸ 20-25 ਮਿੰਟ ਲਈ ਕਿਸੇ ਟਿੰਮ ਹੌਟਨ ਤੇ ਰੋਕੀ ਜਾਂਦੀ। ਸਾਰੇ ਲੱਤਾਂ ਸਿੱਧੀਆਂ ਕਰ ਲੈਂਦੇ, ਚਾਹ ਪਾਣੀ ਪੀ ਲੈਂਦੇ ਤੇ ਵਾਸ਼ਰੂਮ ਜਾ ਆਉਂਦੇ।


ਪਿਛਲੇ ਸਾਲ ਗੋਰਾ ਡਰਾਈਵਰ ਬੜਾ ਹਸਮੁੱਖ ਸੀ। ਉਸ ਨੂੰ ਕੁੱਝ ਲਫਜ਼ ਪੰਜਾਬੀ ਦੇ ਵੀ ਆਉਂਦੇ ਸਨ। ਉਹ ਆਪਣੀ ਅਨਾਊਂਸਮੈਂਟ ਕਰਨ ਬਾਅਦ ਮਾਈਕ ਸਾਨੂੰ ਦੇ ਦਿੰਦਾ। ਅਸੀਂ ਸੰਗਤੀ ਰੂਪ ‘ਚ ਸ਼ਬਦ ਪੜ੍ਹ ਲੈਂਦੇ ਜੋ ਪਿਛਲੀਆਂ ਸਵਾਰੀਆਂ ਨੂੰ ਵੀ ਸੁਣ ਜਾਂਦੇ। ਜਦੋਂ ਫਿਰ ਸੁਸਤੀ ਪੈਣ ਲਗਦੀ ਤਾਂ ਮੇਰੇ ਪੁਰਾਣੇ ਪਾਠਕ ਤੇ ਸਰੋਤਿਆਂ ਵਲੋਂ, ਮੇਰੀਆਂ ਕਵਿਤਾਵਾਂ ਦੀ ਫਰਮਾਇਸ਼ ਹੋ ਜਾਂਦੀ। ਸੋ ਕੁੱਝ ਧਾਰਮਿਕ ਤੇ ਕੁੱਝ ਸਮਾਜਿਕ ਗੀਤ- ਕਵਿਤਾਵਾਂ ਸੁਣਾ, ਮੈਂ ਵੀ ਉਹਨਾਂ ਦਾ ਨੀਂਦ ਉੜਾ ਦਿੰਦੀ। ਬਹੁਤ ਸਾਰੀਆਂ ਭੈਣਾਂ, ਸਾਰੀ ਸੰਗਤ ਲਈ- ਬੇਸਣ, ਮੱਠੀਆਂ ਮਟਰੀ ਤੇ ਹੋਰ ਬਹੁਤ ਸਨੈਕਸ ਬਣਾ ਕੇ ਲਿਆਂਈਆਂ ਸਨ। ਸਾਰੇ ਰਸਤੇ ਬਾਬੇ ਨਾਨਕ ਦੇ ਸਿਧਾਂਤ- ਨਾਮ ਜਪੋ ਤੇ ਵੰਡ ਛਕੋ- ਤੇ ਅਮਲ ਕੀਤਾ ਗਿਆ। ਸੋ ਇਸ ਤਰ੍ਹਾਂ ਸ਼ਾਮ ਨੂੰ ਤਕਰੀਬਨ ਪੰਜ ਕੁ ਵਜੇ ਅਸੀਂ, ਨਿਰਧਾਰਤ ਸਥਾਨ ਤੇ ਪਹੁੰਚ ਗਏ।
ਖਾਲਸਾ ਸੈਂਟਰ ਮਿਰੇਕਲ ਵੈਲੀ, ਮਿਸ਼ਨ (ਬੀ.ਸੀ.), ਵਿਖੇ ਇਹ ਸਥਾਨ, ਇੱਕ ਸੰਘਣੇ ਜੰਗਲ ਵਿੱਚ, ਸਥਿੱਤ ਹੈ। ਮਿਸ਼ਨ ਦੇ ਵੋਲੰਟੀਅਰ ਸਾਡੀ ਆਓ ਭਗਤ ਕਰਨ ਲਈ ਤਿਆਰ ਬਰ ਤਿਆਰ ਖੜ੍ਹੇ ਸਨ। ਉਹਨਾਂ ਦਾ ਸੇਵਾ ਭਾਵ ਦੇਖ, ਮਨ ਗਦ ਗਦ ਹੋ ਉਠਿਆ। ਕੋਈ ਸਾਡਾ ਸਮਾਨ ਚੁੱਕ ਰਿਹਾ ਸੀ। ਕੁੱਝ ਰਜਿਸਟਰੇਸ਼ਨ ਕਰ ਰਹੇ ਸਨ। ਸਭ ਦੇ ਆਈ. ਡੀ, ਹੈਲਥ ਕਾਰਡ, ਤੇ ਫੋਟੋਆਂ ਲਈਆਂ ਗਈਆਂ। ਰਜਿਸਟ੍ਰੇਸ਼ਨ ਨੰਬਰ ਅਲਾਟ ਕੀਤੇ ਗਏ। ਆਦਮੀ ਤੇ ਔਰਤਾਂ ਨੂੰ, ਅਲੱਗ ਅਲੱਗ ਹੋਸਟਲ ਬਿਲਡਿੰਗ ਤੇ ਕਮਰੇ ਅਲਾਟ ਕੀਤੇ ਗਏ। ਹਰ ਕਮਰੇ ਵਿੱਚ ਦੋ ਔਰਤਾਂ ਜਾਂ ਦੋ ਮਰਦ ਰਹਿ ਸਕਦੇ ਸਨ। ਵੋਲੰਟੀਅਰ ਸਾਡਾ ਸਮਾਨ ਚੁੱਕ ਸਾਡੇ ਕਮਰਿਆਂ ਵਿੱਚ ਪੁਚਾ ਆਏ। ਮੂੰਹ ਹੱਥ ਧੋ, ਸਭ ਨੇ ਲੰਗਰ ਹਾਲ ‘ਚ ਸੌਂਫ ਜਵੈਣ ਵਾਲਾ ਗਰਮ ਪਾਣੀ ਜਾਂ ਦੁੱਧ ਦੇ ਨਾਲ ਸਨੈਕਸ ਸੇਵਨ ਕੀਤੇ। ਏਥੇ ਇਹ ਵੀ ਜ਼ਿਕਰਯੋਗ ਹੈ ਕਿ- ਇਸ ਕੈਂਪ ਵਿੱਚ ਚਾਹ ਨਹੀਂ ਮਿਲਦੀ। ਮਾਤਾ ਜੀ ਨੇ ਬੇਸਿਕ ਕੈਂਪ ਵਿੱਚ ਹੀ ਚਾਹ ਦੇ ਨੁਕਸਾਨ ਦੱਸ ਕੇ, ਇਸ ਬਾਰੇ ਸੂਚਿਤ ਕਰ ਦਿੱਤਾ ਸੀ। ਸੱਤ ਕੁ ਵਜੇ ਸਭ ਨੇ ਦਰਬਾਰ ਹਾਲ ਵਿੱਚ ਰਹਿਰਾਸ ਲਈ ਇਕੱਠੇ ਹੋਣਾ ਸੀ। ਉਥੇ ਹੀ, ਚਾਰ ਦਿਨਾਂ ਦਾ ਟਾਈਮ ਟੇਬਲ ਤੇ ਕੈਂਪ ਦੇ ਅਸੂਲਾਂ ਤੋਂ ਜਾਣੂੰ ਕਰਵਾਇਆ ਗਿਆ। ਅੱਠ ਵਜੇ ਲੰਗਰ ਹਾਲ ‘ਚ ਲੰਗਰ ਛਕਿਆ- ਲੋੜ ਅਨੁਸਾਰ ਬਿਸਤਰੇ ਲਏ ਤੇ ਕਮਰਿਆਂ ਵਿੱਚ ਆਰਾਮ ਕਰਨ ਚਲੇ ਗਏ।


ਏਥੇ ਇਹ ਵੀ ਦੱਸਣਾ ਜਰੂਰੀ ਹੈ ਕਿ- ਇਸ ਕੈਂਪ ਦੀ ਫੀਸ ਕੋਈ ਨਹੀਂ ਹੁੰਦੀ। ਪਰ ਜੇ ਕੋਈ ਆਪਣੀ ਮਰਜ਼ੀ ਨਾਲ ਡੋਨੇਸ਼ਨ ਦੇਣਾ ਚਾਹੇ ਤਾਂ ਉਹ ਡੋਨੇਸ਼ਨ ਬੌਕਸ ‘ਚ ਪਾ ਸਕਦਾ ਹੈ। ਇਸ ਅਡਵਾਂਸ ਕੈਂਪ ਦਾ ਡਰੈਸ ਕੋਡ- ‘ਸਫੈਦ ਪੋਸ਼ਾਕ’ ਹੁੰਦਾ ਹੈ- ਜਿਸ ਨੂੰ ਹਰ ਹਾਲਾਤ ਵਿੱਚ ਬਰਕਰਾਰ ਰੱਖਣਾ ਹੁੰਦਾ ਹੈ। ਇਥੇ ਇੰਟਰਨੈੱਟ ਦੀ ਸੁਵਿਧਾ ਵੀ ਉਪਲਬਧ ਨਹੀਂ ਹੁੰਦੀ। ਸੋ ਫੋਨ ਬੰਦ ਰੱਖਣ ਦੀ ਹਿਦਾਇਤ ਕੀਤੀ ਜਾਂਦੀ ਹੈ। ਕੈਂਪਸ ਵਿੱਚ ਪਹੁੰਚਣ ਤੋਂ ਪਹਿਲਾਂ ਇੱਕ ਵਾਰ ਘਰਦਿਆਂ ਨੂੰ ਦੱਸ ਦਿੱਤਾ ਸੀ ਕਿ-‘ਠੀਕ ਠਾਕ ਪਹੁੰਚ ਗਏ ਹਾਂ’- ਫਿਰ ਚਾਰ ਦਿਨ ਕਿਸੇ ਨਾਲ ਗੱਲ ਨਹੀਂ ਹੋਈ। ਇਹ ਸਮਾਰਟ ਫੋਨ ਵੀ ਸਾਡੇ ਮਨ ਵਿੱਚ ਹਰ ਵੇਲੇ ਤਰਥੱਲੀ ਮਚਾਈ ਰੱਖਦਾ ਹੈ। ਸੋ ਚਾਰ ਦਿਨ, ਇਸ ਦੀ ਗੈਰਹਾਜ਼ਰੀ ਕਾਰਨ ਜੋ ਮਨ ਨੂੰ ਸਕੂਨ ਮਿਲਿਆ- ਉਹ ਕਥਨ ਤੋਂ ਬਾਹਰ ਹੈ। ਪਹਿਲੀ ਰਾਤ ਆਸ ਪਾਸ ਵਾਲਿਆਂ ਨਾਲ ਜਾਣ-ਪਛਾਣ ਕਰ ਲਈਦੀ ਹੈ- ਬਾਕੀ ਚਾਰ ਦਿਨ ਫਾਲਤੂ ਗੱਲਾਂ ਕਰਨ ਦੀ ਮਨਾਹੀ ਹੁੰਦੀ ਹੈ। ਕੁਦਰਤ ਦੀ ਗੋਦ ‘ਚ ਬੈਠ, ਸਿਮਰਨ ਜਾਂ ਗੁਰਬਾਣੀ ਵਿਚਾਰ ਨੂੰ ਤਰਜੀਹ ਦਿੱਤੀ ਜਾਂਦੀ ਹੈ। ਮਾਤਾ ਜੀ ਦਾ ਕਹਿਣਾ ਹੈ ਕਿ- ਗੱਲਾਂ ਕਰਨ ਨਾਲ ਜਾਂ ਫੋਨ ‘ਚ ਧਿਆਨ ਰੱਖਣ ਨਾਲ ਮਨ ਦੀ ਇਕਾਗਰਤਾ ਭੰਗ ਹੁੰਦੀ ਹੈ- ਤੇ ਇਹ ਹੈ ਵੀ ਸੋਲਾਂ ਆਨੇ ਸੱਚ।
ਹਰ ਰੋਜ਼ ਅੰਮ੍ਰਿਤ ਵੇਲੇ 2 ਵਜੇ ਤੋਂ 3 ਵਜੇ ਤੱਕ, ਦਰਬਾਰ ਹਾਲ ਵਿੱਚ ਨਿੱਤਨੇਮ ਨਾਲ ਦਿਨ ਦੀ ਸ਼ੁਰੂਆਤ ਹੁੰਦੀ। ਹਰ ਬਿਲਡਿੰਗ ਵਿੱਚ ਸੰਗਤ ਨੂੰ ਜਗਾਉਣ ਦੀ ਡਿਊਟੀ ਵੀ, ਦੋ ਦੋ ਵੋਲੰਟੀਅਰਜ਼ ਦਿੰਦੇ। ਜਿਸ ਬਿਲਡਿੰਗ ਵਿਚੋਂ ਸੰਗਤ 5 ਕੁ ਮਿੰਟ ਲੇਟ ਹੋ ਜਾਂਦੀ ਤਾਂ ਵੋਲੰਟੀਅਰ ਦੀ ਪੇਸ਼ੀ ਹੋ ਜਾਂਦੀ। ਦਰਬਾਰ ਹਾਲ ਵਿੱਚ ਸਾਰੀ ਸੰਗਤ ਨੂੰ, ਕਤਾਰਾਂ ਵਿੱਚ ਬਿਠਾਇਆ ਜਾਂਦਾ। ਜਦੋਂ ਕੈਨੇਡਾ ਤੇ ਯੂ.ਐਸ.ਏ ਦੇ ਵੱਖ ਵੱਖ ਸ਼ਹਿਰਾਂ ਤੋਂ ਦੋ ਕੁ ਸੌ ਦੀ ਗਿਣਤੀ ਵਿੱਚ ਪੁੱਜੀ ਸੰਗਤ, ਸੰਗਤੀ ਰੂਪ ‘ਚ ਸਿਮਰਨ ਤੇ ਨਿੱਤਨੇਮ ਕਰਦੀ ਤਾਂ ਰੂਹਾਨੀ ਮਹੌਲ ਸਿਰਜਿਆ ਜਾਂਦਾ। ਉਥੇ ਹੀ ਮਾਤਾ ਜੀ ਵਲੋਂ 3 ਵਜੇ ਤੋਂ ਸਾਢੇ ਚਾਰ ਵਜੇ ਤੱਕ, ਸਿਮਰਨ ਤੇ ਕਥਾ ਵੀਚਾਰਾਂ ਹੁੰਦੀਆਂ। ਕਈ ਵਾਰੀ ਲੱਤਾਂ ਸਿੱਧੀਆਂ ਕਰਨ ਲਈ, ਸੰਗਤ ਨੂੰ ਦੋ ਤਿੰਨ ਮਿੰਟ ਖੜ੍ਹਾ ਕਰ ਦਿੱਤਾ ਜਾਂਦਾ। ਮਾਤਾ ਜੀ ਹਰ ਇਤਿਹਾਸਕ ਘਟਨਾ ਜਾਂ ਸਾਖੀ ਸੁਣਾ ਕੇ ਸੰਗਤ ਨੂੰ ਪੁੱਛਦੇ ਕਿ- ਇਸ ਵਿਚੋਂ ਸਾਨੂੰ ਆਪਣੇ ਜੀਵਨ ਲਈ ਕੀ ਸੇਧ ਮਿਲੀ? ਉਹਨਾਂ ਦਾ ਬਿਰਤਾਂਤ ਲਹਿਜ਼ਾ, ਇੰਨਾ ਰੌਚਕ ਤੇ ਪ੍ਰਭਾਵਸ਼ਾਲੀ ਹੁੰਦਾ ਕਿ- ਉਹ ਹਰ ਇੱਕ ਦੇ ਮਨ ਤੇ ਡੂੰਘਾ ਪ੍ਰਭਾਵ ਛੱਡਦਾ। ਫਿਰ 5 ਵਜੇ ਤੱਕ, ਅੱਧੇ ਘੰਟੇ ਦੀ ਬਰੇਕ ਹੁੰਦੀ- ਜਿਸ ਵਿੱਚ ਅਸੀਂ ਭੱਜ ਕੇ ਲੰਗਰ ਹਾਲ ਜਾ ਕੇ- ਦੁੱਧ, ਸੌਂਫ ਵਾਲਾ ਪਾਣੀ ਤੇ ਸਨੈਕਸ ਲੈਂਦੇ। ਹੁਣ ਸਾਢੇ ਛੇ ਵਜੇ ਤੱਕ- ਜਿਮਨੇਜ਼ੀਅਮ ‘ਚ, ‘ਯੋਗਾ ਤੇ ਧਿਆਨ’ ਦੀ ਕਲਾਸ ਲਗਦੀ- ਜਿਸ ਵਿੱਚ ਕਸਰਤ ਕਰਕੇ, ਪੂਰਾ ਸਰੀਰ ਖੁੱਲ੍ਹ ਜਾਂਦਾ। ਇਥੇ 65, 70, 75 ਤੇ 80 ਸਾਲ ਤੋਂ ਉੱਪਰ ਵਾਲਿਆਂ ਦੇ ਦਰਸ਼ਨ ਵੀ ਕਰਾਏ ਜਾਂਦੇ ਤੇ ਉਹਨਾਂ ਨੂੰ ਤਾੜੀਆਂ ਦੀ ਗੂੰਜ ਨਾਲ ‘ਜੀ ਆਇਆਂ’ ਕਿਹਾ ਜਾਂਦਾ। ਮੌਸਮ ਅਨੁਸਾਰ ਕਈ ਵਾਰੀ ਅੱਧੇ ਘੰਟੇ ਲਈ, ਸੰਘਣੇ ਰੁੱਖਾਂ ਦੇ ਝੁੰਡ ਵਿਚਕਾਰ, ਬੈਠਣ ਲਈ ਬਣੀ ਕੁੱਝ ਕੁ ਪੱਧਰੀ ਜਗ੍ਹਾ ਤੇ, ਦਰੱਖਤਾਂ ਦੇ ਲੇਟੇ ਹੋਏ ਮੋਟੇ ਤਣਿਆਂ ਤੇ ਬੈਠ, ਜਦ ਧਿਆਨ ਦੀ ਕਲਾਸ ਲਗਦੀ- ਤਾਂ ਪੰਛੀਆਂ ਦਾ ਮਧੁਰ ਸੰਗੀਤ ਵਾਤਾਵਰਣ ਨੂੰ ਵਿਸਮਾਦੀ ਬਣਾ ਦਿੰਦਾ।
ਕੈਂਪ ਸ਼ੁਰੂ ਹੋਣ ਤੇ ਹੀ ਕੁੱਝ ਬੇਨਤੀਆਂ ਕਰ ਦਿੱਤੀਆਂ ਗਈਆਂ। ਜਿਵੇਂ- ਪੂਰੇ ਕੈਂਪ ਵਿੱਚ ਚੁੱਪ ਦਾ ਦਾਨ ਬਖਸ਼ਣਾ ਹੈ ਜੀ- ਕਮਰਿਆਂ ਤੇ ਵਾਸ਼ਰੂਮ ਦੀ ਸਫਾਈ ਦਾ ਪੂਰਾ ਧਿਆਨ ਰੱਖਣਾ ਹੈ ਜੀ- ਕੈਂਪਸ ਦੀ ਹੱਦ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੈ ਜੀ- ਦੂਸਰੇ ਕਮਰਿਆਂ ਵਿੱਚ ਜਾਣ ਦੀ ਇਜਾਜ਼ਤ ਨਹੀਂ- ਕਮਰਿਆਂ ਵਿੱਚ ਲੰਗਰ ਛਕਣ ਦੀ ਆਗਿਆ ਨਹੀਂ- ਆਦਿ।
‘ਯੋਗਾ ਤੇ ਧਿਆਨ’ ਦੀ ਕਲਾਸ ਤੋਂ ਬਾਅਦ- ਇੱਕ ਘੰਟੇ ਦੀ ਬਰੇਕਫਾਸਟ ਲਈ ਬਰੇਕ ਹੁੰਦੀ। ਇਸ ਕੈਂਪ ਵਿੱਚ ਹਮੇਸ਼ਾ ਹੈਲਦੀ ਖਾਣਾ ਹੀ ਪਰੋਸਿਆ ਜਾਂਦਾ। ਨਾਸ਼ਤੇ ਵਿੱਚ- ਪੁੰਗਰੀਆਂ ਦਾਲਾਂ, ਮਿੱਸੇ ਪ੍ਰਸ਼ਾਦੇ, ਮਫਿਨ, ਖਿੱਚੜੀ, ਦਹੀਂ, ਦਲੀਆ, ਸੂਪ, ਬਰੈੱਡ- ਆਦਿ, ਹੀ ਦਿੱਤੇ ਜਾਂਦੇ। ਖਾਣਾ ਬਨਾਉਣ ਤੋਂ ਲੇ ਕੇ, ਪਰੋਸਣ ਤੱਕ ਦੀ ਸਾਰੀ ਸੇਵਾ, ਸੇਵਾਦਾਰ ਬੀਬੀਆਂ ਬੜੇ ਚਾਅ ਨਾਲ ਕਰਦੀਆਂ। ਮਰਦ ਲੋਕ ਵੀ ਹਰ ਤਰ੍ਹਾਂ ਦੀ ਮਦਦ ਕਰਨ ‘ਚ ਖੁਸ਼ੀ ਮਹਿਸੂਸ ਕਰਦੇ। ਸਾਢੇ ਸੱਤ ਤੋਂ 11 ਵਜੇ ਤੱਕ ਦਾ ਸਮਾਂ ਆਰਾਮ ਲਈ ਹੁੰਦਾ। ਸਾਰੀ ਸੰਗਤ 3 ਕੁ ਘੰਟੇ ਲਈ, ਨੀਂਦ ਦੀ ਗੋਦ ਵਿੱਚ ਚਲੀ ਜਾਂਦੀ- ਪਰ ਸੇਵਾਦਾਰ ਸਾਡੇ ਦੁਪਹਿਰ ਦੇ ਖਾਣੇ ਦੀ ਤਿਆਰੀ ਵਿੱਚ ਜੁੱਟ ਜਾਂਦੇ। ਆਪਣੀ ਸਰੀਰਕ ਸਮਰੱਥਾ ਅਨੁਸਾਰ ਸੰਗਤ ਵੀ ਸੇਵਾ ਕਰਵਾ ਦਿੰਦੀ।
ਇੱਕ ਹੋਰ ਗੱਲ ਨੇ ਮੈਂਨੂੰ ਇਸ ਕੈਂਪ ਵਿੱਚ ਬਹੁਤ ਪ੍ਰਭਾਵਤ ਕੀਤਾ- ਉਹ ਸੀ ਭੋਜਨ ਦੀ ਪੌਸ਼ਟਿਕਤਾ। ਸਨੈਕਸ ਤੋਂ ਲੈ ਕੇ ਤਿੰਨਾਂ ਸਮਿਆਂ ਦੇ ਭੋਜਨ ਵਿੱਚ- ਨਾ ਤਾਂ ਚਾਹ ਕੌਫੀ ਹੁੰਦੀ, ਨਾ ਤਲਿਆ ਹੋਇਆ, ਨਾ ਹੀ ਬਹੁਤ ਮਿੱਠਾ ਤੇ ਨਾ ਹੀ ਮਸਾਲੇਦਾਰ। ਸੌਂਫ ਉਬਲਿਆ ਪਾਣੀ ਤੇ ਗਰਮ ਦੁੱਧ ਨਾਲ ਕੁੱਝ ਸਨੈਕਸ, ਫਰੂਟ- ਹਰ ਵੇਲੇ ਉਪਲਬਧ ਹੁੰਦਾ। ਜਿਸ ਦਿਨ ਵੱਧ ਗਰਮੀ ਹੁੰਦੀ ਤਾਂ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਕੋਈ ਸ਼ਰਬਤ ਪੀਣ ਲਈ ਦਿੱਤਾ ਜਾਂਦਾ। ਦੁਪਹਿਰ ਤੇ ਰਾਤ ਦੇ ਲੰਗਰ ਵਿੱਚ- ਦਾਲ, ਸਬਜ਼ੀ, ਰਾਇਤਾ, ਸਲਾਦ, ਚਾਵਲ ਆਦਿ ਦੇ ਨਾਲ ਵੱਖ ਵੱਖ ਤਰ੍ਹਾਂ ਦੀਆਂ ਚਟਣੀਆਂ-ਆਚਾਰ (ਘਰ ਤਿਆਰ ਕੀਤੇ ਹੋਏ) ਹਰ ਰੋਜ਼ ਪਰੋਸੇ ਜਾਂਦੇ। ਇੱਕ ਦਿਨ ਸਾਗ, ਮੱਕੀ ਦੀ ਰੋਟੀ ਨਾਲ ਅਧਰਕ ਨਿੰਬੂ ਦਾ ਆਚਾਰ ਵੀ ਖਾਣ ਲਈ ਮਿਲਦਾ। ਮਿੱਠੇ ਵਿੱਚ- ਸੇਵੀਆਂ, ਖੀਰ, ਮਿੱਠੇ ਚੌਲ ਜਾਂ ਹਲਵਾ ਦਿੱਤੇ ਜਾਂਦੇ। ਲੰਗਰ ਪਰੋਸਣ ਵੇਲੇ ਵੀ ਪੂਰਾ ਡਸਿਪਲਨ ਹੁੰਦਾ। ਦੋ ਕੈਂਪ ਲਾ ਚੁੱਕੇ ਮੈਂਬਰਾਂ ਨੂੰ ਮਾਤਾ ਜੀ ਵਲੋਂ ਹਦਾਇਤ ਹੁੰਦੀ ਕਿ- ਉਹ ਪੰਦਰਾਂ ਮਿੰਟ ਪਹਿਲਾਂ ਦਰਬਾਰ ਹਾਲ ‘ਚੋਂ ਚਲੇ ਜਾਣ ਤੇ ਲੰਗਰ ਪਰੋਸਣ ਦੀ ਸੇਵਾ ਵਿੱਚ ਡਿਊਟੀ ਨਿਭਾਉਣ। ਸੋ ਉਹ ਸਾਰੇ ਮੈਂਬਰ ਆ ਕੇ, ਲੰਗਰ ਲਈ ਥਾਲ, ਚਮਚੇ ਤੇ ਗਿਲਾਸ ਪਰੋਸ ਦਿੰਦੇ- ਤੇ ਸੰਗਤ ਦੇ ਪਹੁੰਚਣ ਤੇ ਲੰਗਰ ਪਰੋਸਣ ਲਈ ਡਿਊਟੀ ਦੀ ਸੇਵਾ ਲਈ ਤਿਆਰ ਖੜ੍ਹੇ ਜਾਪ ਕਰ ਰਹੇ ਹੁੰਦੇ। ਸੰਗਤ ‘ਸਤਿਨਾਮੁ ਵਾਹਿਗੁਰੂ’ ਦਾ ਜਾਪ ਕਰਦੀ ਹੋਈ, ਕੀਤੀ ਹੋਈ ਵਿਛਾਈ ਤੇ, ਆਪੋ ਆਪਣੇ ਥਾਲ ਪਾਸ ਬੈਠਦੀ ਜਾਂਦੀ। ਕਣਕ ਤੋਂ ਅਲਰਜੀ ਵਾਲਿਆਂ ਦੀ ਵੱਖਰੀ ਪੰਗਤ ਹੁੰਦੀ ਤੇ ਉਹਨਾਂ ਲਈ ਵਿਸ਼ੇਸ਼ ਖਾਣਾ ਪਰੋਸਿਆ ਜਾਂਦਾ।
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥
ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ (ਅੰਗ 257) ਅਤੇ
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ॥ (ਅੰਗ 652) -ਰਾਹੀਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ, ਜੈਕਾਰਾ ਛੱਡ ਕੇ, ਲੰਗਰ ਪਰੋਸਿਆ ਜਾਂਦਾ। ਇੱਕ ਕੋਨੇ ਵਿੱਚ ਟੇਬਲ ਤੇ, ਲਿਟਰੇਚਰ ਅਤੇ ਡੋਨੇਸ਼ਨ ਬੌਕਸ ਪਿਆ ਹੁੰਦਾ- ਜਿਸ ਵਿੱਚ ਸੰਗਤ ਆਪਣੀ ਮਰਜ਼ੀ ਜਾਂ ਸਮਰੱਥਾ ਅਨੁਸਾਰ, ਲੰਗਰ ਲਈ ਜਾਂ ਮਿਸ਼ਨ ਲਈ ਦਾਨ ਪਾ ਦਿੰਦੀ। ਦਾਨ ਦੇਣ ਵਾਲਿਆਂ ਦਾ ਨਾਮ ਕਿਤੇ ਵੀ ਲਿਖਿਆ ਬੋਲਿਆ ਨਹੀਂ ਜਾਂਦਾ। ਐਪਰ ਇਸ ਕੈਂਪ ਦੀ ਕੋਈ ਵੀ ਫੀਸ ਨਹੀਂ ਵਸੂਲੀ ਜਾਂਦੀ। ਚਾਰੇ ਦਿਨ ਬਰਤਨ ਸਟੀਲ ਦੇ ਹੀ ਵਰਤੋਂ ਵਿੱਚ ਲਿਆਂਦੇ ਜਾਂਦੇ ਜਦ ਕਿ ਬਰਤਨਾਂ ਦੀ ਸੇਵਾ- ਕੈਲਗਰੀ, ਟੋਰੰਟੋ, ਵੈਨਕੂਵਰ ਤੇ ਯੂ.ਐਸ.ਏ. ਤੋਂ ਆਈ ਸੰਗਤ ਵਾਰੀ ਵਾਰੀ ਕਰਦੀ।
ਗਿਆਰਾਂ ਤੋਂ ਇੱਕ ਵਜੇ ਤੱਕ ਔਡੀਟੋਰੀਅਮ ਵਿੱਚ, ‘ਆਪੇ ਨਾਲ ਮਿਲਾਪ’ (ਸੈਲਫ ਰੀਅਲਾਈਜ਼ੇਸ਼ਨ) ਦੀ ਕਲਾਸ ਹੁੰਦੀ- ਜਿਸ ਵਿੱਚ ਸਭ ਨੂੰ ਡਾਇਰੀ ਤੇ ਪੈਨ ਲਿਆਉਣ ਦੀ ਹਿਦਾਇਤ ਸੀ। ਇੱਥੇ ਲੱਕੜ ਦੇ ਬੈਂਚਾਂ ਤੇ ਬੈਠ ਕੇ, ਸਕੂਲ- ਕਾਲਜ ਦੇ ਦਿਨਾਂ ਵਰਗਾ ਅਹਿਸਾਸ ਹੋਇਆ। ਮਾਤਾ ਜੀ ਇੱਕ ਪ੍ਰੋਫੈਸਰ ਵਾਂਗ, ਆਪਣੇ ਤਿਆਰ ਕੀਤੇ ਹੋਏ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਂ ਸਮੇਤ, ਸਟੇਜ ਤੇ ਦੋ ਘੰਟੇ ਡਾਈਸ ਤੇ ਖੜ੍ਹ ਕੇ, ਪ੍ਰਭਾਵਸ਼ਾਲੀ ਢੰਗ ਨਾਲ ਸਮਝਾਉਂਦੇ ਤੇ ਉਹਨਾਂ ਦਾ ਬੇਟਾ ਪਰਮਵੀਰ ਸਿੰਘ, ਲੈਪ ਟੌਪ ਤੇ ਬੈਠ, ਪ੍ਰੋਜੈਕਟਰ ਰਾਹੀਂ, ਸਾਹਮਣੇ ਬੋਰਡ ਤੇ ਪੁਆਇੰਟਸ ਡਿਸਪਲੇਅ ਕਰੀ ਜਾਂਦਾ- ਜਿਹਨਾਂ ਨੂੰ ਅਸੀਂ ਨੋਟ ਕਰੀ ਜਾਂਦੇ। ਪਹਿਲੇ ਦਿਨ ਵਿਸ਼ਾ ‘ਮਨ’ ਸੀ। ਮਾਤਾ ਜੀ ਨੇ ਦੱਸਿਆ ਕਿ- ਮਨੋਵਿਗਿਆਨ ਅਨੁਸਾਰ ਸਾਡੇ ਮਨ ਵਿੱਚ ਇੱਕ ਦਿਨ ਵਿੱਚ ਸੱਠ ਹਜ਼ਾਰ ਤੋਂ ਸੱਤਰ ਹਜ਼ਾਰ ਵਿਚਾਰ ਚਲਦੇ ਹਨ- ਪਰ ਤਨਾਓ ਗ੍ਰਸਤ ਲੋਕਾਂ ਵਿੱਚ ਇਹਨਾਂ ਦੀ ਗਿਣਤੀ- 80,000 ਤੱਕ ਪਹੁੰਚ ਜਾਂਦੀ ਹੈ। ਵਿਚਾਰਾਂ ਦੀਆਂ ਵੱਖ ਵੱਖ ਕਿਸਮਾਂ ਜਿਵੇਂ- ਜ਼ਹਿਰੀਲੇ ਵਿਚਾਰ, ਨਕਾਰਤਮਕ, ਬੇਕਾਰ, ਜਰੂਰੀ, ਸਹੀ, ਸਕਾਰਤਮਕ, ਧਾਰਮਿਕ ਤੇ ਨਿਰਵਿਚਾਰ ਅਵਸਥਾ ਦਾ ਵਰਨਣ ਕਰਦੇ ਹੋਏ ਸਮਝਾਇਆ ਕਿ- ਆਪਾਂ ਸਕਾਰਤਮਕ ਤੇ ਧਾਰਮਿਕ ਵਿਚਾਰਾਂ ਤੇ ਫੋਕਸ ਕਰਨਾ ਹੈ। ਇਸ ਤੋਂ ਬਿਨਾ- ‘ਕਿਸਮਤ’ ‘ਗੁਰਬਾਣੀ ਵਿੱਚ ਮਨ’ ‘ਮਾਇਆ ਦਾ ਪ੍ਰਭਾਵ’ ‘ਤਮੋ ਗੁਣ, ਰਜੋ ਗੁਣ, ਸਤੋ ਗੁਣ’ ‘ਕਰਮ ਇੰਦਰੀਆਂ’ ‘ਗਿਆਨ ਇੰਦਰੀਆਂ’ ‘ਨੌਂ ਦਰਵਾਜੇ ਤੇ ਦਸਮ ਦੁਆਰ’ ਬਾਰੇ ਗੁਰਬਾਣੀ ਦੇ ਨਾਲ ਨਾਲ ਮੈਡੀਕਲ ਸਾਇੰਸ ਦੇ ਵੀ ਹਵਾਲੇ ਦੇ ਕੇ- ਵਿਸਥਾਰ ਵਿੱਚ ਮਾਤਾ ਜੀ ਨੇ ਵਰਨਣ ਕੀਤਾ। ਉਸ ਦਿਨ ਦਾ ਹੋਮ ਵਰਕ- ਕਬੀਰ ਜੀ ਦੀ ਤੁਕ-
ਮੂੰਦਿ ਲੀਏ ਦਰਵਾਜੇ॥ ਬਾਜੀਅਲੇ ਅਨਹਦ ਬਾਜੇ॥(ਅੰਗ 656)
ਦੇ ਕੇ ਕਿਹਾ ਕਿ- ਆਪਾਂ ਆਪਣੇ ਨੌਂ ਦਰਵਾਜਿਆਂ ਨੂੰ ਗਲਤ ਪਾਸਿਓਂ ਬੰਦ ਕਰਕੇ, ਚੰਗੇ ਪਾਸੇ ਵੱਲ ਖੋਲ੍ਹ ਦੇਣਾ ਹੈ।
ਇਸੇ ਤਰ੍ਹਾਂ ਹਰ ਰੋਜ਼ ਨਵੇਂ ਟੌਪਿਕ ਤੇ ਸਿੱਖਣ ਨੂੰ ਮਿਲਦਾ। ਇਹਨਾਂ ਵਿੱਚ ਵੱਖ ਵੱਖ ਵਿਸ਼ੇ- ਭਗਤੀ, ਸਿਮਰਨ, ਸੇਵਾ, ਕਰਮ ਸਿਧਾਂਤ, ਸ਼ੁਕਰਾਨਾ, ਕਿਸਮਤ, ਦਸਵੰਧ ਦੀ ਮਹੱਤਤਾ ਆਦਿ ਹੁੰਦੇ। ਹਰ ਵਿਸ਼ੇ ਨੂੰ ਮਾਤਾ ਜੀ ਅਜੋਕੀ ਜੀਵਨ ਜਾਚ ਨਾਲ ਜੋੜ ਦਿੰਦੇ ਜਿਸ ਨਾਲ ਭਾਵ ਸਪੱਸ਼ਟ ਹੋ ਜਾਂਦਾ। ਹਰ ਵਿਸ਼ੇ ਦਾ ਵਰਨਣ, ਗੁਰਬਾਣੀ ਦੇ ਫੁਰਮਾਨਾਂ ਰਾਹੀਂ ਕੀਤਾ ਜਾਂਦਾ। ਉਹਨਾਂ ਦਾ ਲੈਕਚਰ ਬਹੁਤ ਰੌਚਕ ਹੁੰਦਾ। ਹਰ ਰੋਜ਼ ਗੁਰਬਾਣੀ ਦੀ ਇੱਕ ਤੁਕ ਸਾਡਾ ਹੋਮਵਰਕ ਹੁੰਦੀ। ਉਸ ਨੂੰ ਪੜ੍ਹਨਾ ਹੀ ਨਹੀਂ ਸਗੋਂ ਜੀਵਨ ,ਚ ਧਾਰਨ ਕਰਨ ਲਈ ਕਿਹਾ ਜਾਂਦਾ। ਸੁਆਲ ਜੁਆਬ ਦਾ ਸਿਲਸਿਲਾ ਵੀ ਚਲਦਾ। ਕੁੱਝ ਪ੍ਰਸ਼ਨਾਂ ਦੇ ਉੱਤਰ ਸੋਚ ਕੇ ਲਿਖ ਲਿਆਉਣ ਲਈ ਕਿਹਾ ਜਾਂਦਾ ਜਿਵੇਂ- ਜ਼ਿੰਦਗੀ ‘ਚ ਕਿਸ ਕਿਸ ਦਾ ਧੰਨਵਾਦ ਕਰਨਾ ਚਾਹੋਗੇ? ਕਿਹਨਾਂ ਗੱਲਾਂ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੋਗੇ? ਤੁਹਾਨੂੰ ਖੁਸ਼ ਹੋਣ ਲਈ ਕੀ ਚਾਹੀਦਾ ਹੈ? ਜਾਂ ਤੁਸੀਂ ਕਦੋਂ ਸਦੀਵੀ ਖੁਸ਼ੀ (ਆਨੰਦ) ਮਹਿਸੂਸ ਕਰਦੇ ਹੋ?
ਆਖਰੀ ਦਿਨ ਸਾਨੂੰ ‘ਹੈਲਦੀ ਲਿਵਿੰਗ ਟਿਪਸ’ ਪਰਿੰਟ ਕਰ ਕੇ ਦਿੱਤੇ ਗਏ। ਉਹਨਾਂ 10 ਨੁਕਤਿਆਂ ਦਾ ਮਾਤਾ ਜੀ ਨੇ, ਸੰਖਪ ਵਿੱਚ ਵਰਨਣ ਵੀ ਕੀਤਾ। ਜਿਸ ਵਿੱਚ- ਹਾਂ ਪੱਖੀ ਸੋਚ, ਵੰਡ ਛਕਣਾ, ਸ਼ੁਕਰਾਨਾ, ਈਮਾਨਦਾਰੀ, ਨਿਮਰਤਾ ਤੇ ਮਿੱਠੇ ਬੋਲ, ਮੁਆਫ ਕਰਨਾ, ਇਕਾਗਰਤਾ, ਪੌਸ਼ਟਿਕ ਖੁਰਾਕ ਤੇ ਕਸਰਤ, ਸ਼ੌਕ ਅਤੇ ਦੂਜਿਆਂ ਦੀ ਬਣਦੀ ਪ੍ਰਸ਼ੰਸਾ ਕਰਨਾ- ਆਦਿ ਸ਼ਾਮਲ ਸਨ। ਉਹ ਆਪਣੇ ਲੈਕਚਰ ਵਿੱਚ ਹਮੇਸ਼ਾ ਹਾਂ ਪੱਖੀ ਸੋਚ (ਪੌਜ਼ਿਟਿਵ ਥਿੰਕਿੰਗ) ਤੇ ਜ਼ੋਰ ਦਿੰਦੇ। ਇੱਕ ਦਿਨ ‘ਮੁਆਫ ਕਰਨ’ ਤੇ ਬੋਲਦੇ ਹੋਏ ਕਹਿਣ ਲੱਗੇ ਕਿ- ਆਪਣੀ ਡਾਇਰੀ ਤੇ ਇੱਕ ਲਿਸਟ ਬਣਾਓ ਕਿ- ਤੁਹਾਨੂੰ ਕਿਸ ਕਿਸ ਨੇ ਜ਼ਿੰਦਗੀ ਵਿੱਚ ਦੁੱਖ ਦਿੱਤਾ ਹੈ? ਹੁਣ ਹਰ ਇੱਕ ਨੂੰ ਦਿਲੋਂ ਮੁਆਫ ਕਰਕੇ ਕੱਟੀ ਜਾਓ।
‘ਆਪੇ ਨਾਲ ਮਿਲਾਪ’ ਦੀ ਕਲਾਸ ਵਿੱਚ ਕਿਸੇ ਦਿਨ ਇੱਕ ਘੰਟੇ ਲਈ ਦਰਬਾਰ ਹਾਲ ਲੈ ਜਾਂਦੇ ਜਿੱਥੇ ਸਾਨੂੰ ਅੱਖਾਂ ਤੇ ਕਾਲੀਆਂ ਪੱਟੀਆਂ ਬੰਨ੍ਹਣ ਲਈ ਕਿਹਾ ਜਾਂਦਾ ਤੇ ‘ਮੈਡੀਟੇਸ਼ਨ’ ਲਈ ਮਿਊਜ਼ਿਕ ਚਲਾ ਦਿੱਤਾ ਜਾਂਦਾ। ਧਿਆਨ ਨੂੰ ਆਪਣੇ ਅੰਦਰ ਲਿਜਾਣ ਲਈ ਕਿਹਾ ਜਾਂਦਾ। ਇੱਕ ਦਿਨ ਕਤਾਰਾਂ ਵਿੱਚ ਬੈਠੀ ਸੰਗਤ ਦੇ ਮੂੰਹ ਇੱਕ ਦੂਜੇ ਵੱਲ ਕਰਾ ਦਿੱਤੇ। ਫੇਰ ਆਹਮੋ ਸਾਹਮਣੇ ਬੈਠਿਆਂ ਨੂੰ, ਆਪੋ ਆਪਣੇ ਪਹਿਲਾਂ ਦਸ ਗੁਣ ਤੇ ਫੇਰ ਦਸ ਔਗੁਣ ਦੱਸਣ ਲਈ ਕਿਹਾ ਗਿਆ। ਸ਼ਾਇਦ ਆਪਣੇ ਆਪ ਦੇ ਰੂ ਬ ਰੂ ਹੋਣ ਦਾ ਇਹ ਪਹਿਲਾ ਮੌਕਾ ਸੀ ਸਭਨਾਂ ਲਈ। ਅਸੀਂ ਲੋਕ ਸਾਰੀ ਉਮਰ ਦੂਜਿਆਂ ਦੇ ਗੁਣ ਔਗੁਣ ਹੀ ਲੱਭਦੇ ਰਹਿੰਦੇ ਹਾਂ- ਆਪਣੇ ਅੰਦਰ ਤਾਂ ਕਦੇ ਝਾਕਦੇ ਹੀ ਨਹੀਂ। ਇੱਕ ਦੂਜੇ ਨੂੰ ਦੁਆਵਾਂ ਵੀ ਦੇਣੀਆਂ ਸਨ ਕਿ- ‘ਵਾਹਿਗੁਰੂ ਤੇਰੇ ਔਗੁਣ ਦੂਰ ਕਰਕੇ, ਗੁਣਾਂ ਨੂੰ ਹੋਰ ਨਿਖਾਰਨ ਦਾ ਬਲ ਬਖਸ਼ੇ!’ ਸਾਡੇ ਕੋਲੋਂ ਹਰ ਰੋਜ਼- ਅਕਾਲ ਪੁਰਖ ਦਾ, ਮਿਸ਼ਨ ਦੇ ਸੇਵਾਦਾਰਾਂ ਦਾ ਅਤੇ ਨਾਲ ਹੀ ਆਪੋ ਆਪਣੇ ਪਰਿਵਾਰਾਂ ਦਾ ਵੀ, ਕੈਂਪ ਵਿੱਚ ਭੇਜਣ ਲਈ ਧੰਨਵਾਦ ਕਰਾਇਆ ਜਾਂਦਾ।
ਮਾਤਾ ਜੀ ਦੀ ਦਾ ਸਿੱਖ ਇਤਿਹਾਸ ਬਾਰੇ ਵਿਸ਼ਾਲ ਗਿਆਨ ਤੇ ਉਹਨਾਂ ਦੀ ਯਾਦਾਸ਼ਤ ਦਾ ਕਾਰਨ, ਸ਼ਾਇਦ ਉਹਨਾਂ ਨੂੰ ਆਪਣੇ ਮਾਪਿਆਂ ਤੋਂ ਮਿਲੀ ਸਿੱਖੀ ਦੀ ਗੁੜ੍ਹਤੀ ਸੀ। ਸਿੱਖ ਇਤਿਹਾਸ ਦੀਆਂ ਸਾਖੀਆਂ ਉਹਨਾਂ ਨੂੰ ਸਿੱਖਾਂ ਦੇ ਨਾਵਾਂ, ਥਾਵਾਂ ਸਮੇਤ ਸਭ ਜ਼ਬਾਨੀ ਯਾਦ ਹਨ। ਕਦੇ ਕਦੇ ਕੋਈ ਰੌਚਕ ਗੱਲ ਸੁਣਾ ਕੇ ਹਸਾ ਵੀ ਦਿੰਦੇ। ਸਾਖੀ ਦੇ ਅੰਤਿਮ ਪੜਾਅ ਤੇ ਅਕਸਰ ਹੀ ਪੁੱਛਦੇ ਕਿ- ਤੁਸੀਂ ਉਸ ਸਿੱਖ ਦੀ ਜਗ੍ਹਾ ਹੁੰਦੇ ਤਾਂ ਕੀ ਕਰਦੇ? ਫਿਰ ਪੁੱਛਦੇ ਕਿ- ਸਾਨੂੰ ਆਪਣੇ ਜੀਵਨ ਲਈ ਇਸ ਵਿਚੋਂ ਕੀ ਸਿਖਿਆ ਮਿਲੀ?
ਦੋ ਵਜੇ ਦੁਪਹਿਰ ਦੇ ਲੰਗਰ ਬਾਅਦ, ਸਾਢੇ ਚਾਰ ਵਜੇ ਤੱਕ ਆਰਾਮ ਦਾ ਸਮਾਂ ਹੁੰਦਾ। ਫੇਰ ਦੁੱਧ ਜਾਂ ਸੌਂਫ ਵਾਲੇ ਪਾਣੀ ਨਾਲ ਸਨੈਕਸ ਲੈ ਕੇ ਪੰਜ ਵਜੇ ਸ਼ਾਮ ਦੇ ਦੀਵਾਨ ਲਈ ਦਰਬਾਰ ਹਾਲ ਵਿੱਚ ਪਹੁੰਚਣਾ ਹੁੰਦਾ ਸੀ। ਜਿੱਥੇ ਰਾਤ ਦੇ ਅੱਠ ਵਜੇ ਤੱਕ- ਸੰਗਤੀ ਰੂਪ ਵਿੱਚ ਰਹਿਰਾਸ ਸਾਹਿਬ ਤੋਂ ਬਾਅਦ ਕੀਰਤਨੀ ਜਥੇ ਤੋਂ ਕੀਰਤਨ ਸਰਵਣ ਕਰ, ਗੁਰਮਤਿ ਵਿਚਾਰਾਂ ਹੁੰਦੀਆਂ। ਮਾਤਾ ਜੀ ਇਸ ਗੱਲ ਤੇ ਜ਼ੋਰ ਦਿੰਦੇ ਕਿ- ਅਸੀਂ ਚੰਗੇ ਕਰਮ ਕਰਨੇ ਹਨ, ਹਰ ਇੱਕ ਦਾ ਭਲਾ ਕਰਨਾ ਹੈ- ਪਰ ਬਦਲੇ ਵਿੱਚ ਕਿਸੇ ਤੋਂ ਕੋਈ ਆਸ ਨਹੀਂ ਰੱਖਣੀ- ਚਾਹੇ ਦੂਜਾ ਤੁਹਾਡੇ ਪਰਿਵਾਰ ਦਾ ਮੈਂਬਰ ਹੋਵੇ ਜਾਂ ਕੋਈ ਹੋਰ। ਇਹ ਇਛਾਵਾਂ ਜਾਂ ਲਾਈਆਂ ਆਸਾਂ ਹੀ ਸਾਨੂੰ ਦੁਖੀ ਕਰਦੀਆਂ ਹਨ। ਸਿਹਤ ਬਾਰੇ ਗਿਆਨ ਦਿੰਦੇ ਹੋਏ ਕਹਿੰਦੇ ਕਿ- ਇਹ ਸਰੀਰ ਹਰੀ ਦਾ ਮੰਦਰ ਹੈ ਤੇ ਇਸ ਨੂੰ ‘ਹੈਲਦੀ ਡਾਈਟ’ ਤੇ ਕਸਰਤ ਦੁਆਰਾ ਤੰਦਰੁਸਤ ਰੱਖਣਾ- ਸਾਡੀ ਜ਼ਿੰਮੇਵਾਰੀ ਹੈ ਕਿਉਂਕਿ- ‘ਜੈਸਾ ਤਨ ਵੈਸਾ ਮਨ’। ਅੰਮ੍ਰਿਤ ਵੇਲੇ ਦੀ ਮਹਾਨਤਾ ਦੱਸਦੇ ਹੋਏ- ਵਰਲਡ ਹੈਲਥ ਔਰਗੇਨਾਈਜ਼ੇਸ਼ਨ ਦੀ ਰਿਪੋਰਟ ਦਾ ਹਵਾਲਾ ਦੇ ਕੇ, ਮੈਡੀਕਲ ਸਾਇੰਸ ਦੀ ਇਸ ਬਾਰੇ ਹੋਈ ਖੋਜ ਦੀ ਜਾਣਕਾਰੀ ਦੇ ਕੇ, ਆਪਣੀ ਗੱਲ ਦੀ ਪੁਸ਼ਟੀ ਕਰਦੇ। ਉਹ ਦੱਸਦੇ ਕਿ- ‘ਸਾਡੇ ਪਿਤਾ ਜੀ ਨੇ ਸਾਨੂੰ ਬਚਪਨ ਤੋਂ ਅੰਮ੍ਰਿਤ ਵੇਲੇ ਉਠਣ ਤੇ ਪਾਠ ਕਰਨ ਦੀ ਆਦਤ ਪਾ ਦਿੱਤੀ ਸੀ- ਜਿਸ ਕਾਰਨ ਮੈਨੂੰ ਇਸ ਲਈ ਕਦੇ ਕੋਈ ਉਚੇਚ ਨਹੀਂ ਕਰਨੀ ਪਈ’।
ਕੈਂਪ ਦੇ ਆਖਰੀ ਦਿਨ, ਮਿਸ਼ਨ ਵਲੋਂ ਕੀਤੇ ਗਏ ਸਰਬੱਤ ਦੇ ਭਲੇ ਦੇ ਕੰਮਾਂ ਨੂੰ ਦਰਸਾਉਂਦੀ ਹੋਈ, ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਰਾਹੀਂ ਪਤਾ ਲੱਗਾ ਕਿ- ਸੰਗਤ ਵਲੋਂ ਦਾਨ ਦੇ ਰੂਪ ਵਿੱਚ ਦਿੱਤੀ ਰਾਸ਼ੀ ਨਾਲ ਇੰਡੀਆ ਵਿਖੇ, ‘ਵਿਧਵਾ ਸੇਵਾ ਪ੍ਰਾਜੈਕਟ’ ਚਲ ਰਿਹਾ ਹੈ। ਇਸ ਅਧੀਨ, ਮਿਸ਼ਨ ਵਲੋਂ 90 ਦੇ ਕਰੀਬ ਵਿਧਵਾ ਔਰਤਾਂ ਨੂੰ ਆਪਣੇ ਪੈਰਾਂ ਤੇ ਖੜ੍ਹਨ ਲਈ ਮਾਲੀ ਮਦਦ ਦਿੱਤੀ ਜਾਂਦੀ ਹੈ। ਉਹਨਾਂ ਦੇ 200 ਬੱਚਿਆਂ ਦੇ ਪੜ੍ਹਾਈ ਦੇ ਸਾਰੇ ਖਰਚੇ ਤੋਂ ਇਲਾਵਾ, ਜਵਾਨ ਬੱਚੀਆਂ ਦੇ ਵਿਆਹ ਵੀ ਮਿਸ਼ਨ ਦੀ ਮਦਦ ਨਾਲ ਕੀਤੇ ਜਾਂਦੇ ਹਨ। ਡਲਹੌਜ਼ੀ ਨੇੜੇ- ਗੁਰਦੁਆਰਾ ਸ੍ਰੀ ਆਨੰਦਸਰ ਸਾਹਿਬ ਅਤੇ ਅਧਿਆਤਮਕ ਹਸਪਤਾਲ- ਦੀ ਚਲ ਰਹੀ ਉਸਾਰੀ ਵੀ ਦਿਖਾਈ ਗਈ। ਅੰਤਲੇ ਦਿਨ ਦੁਪਹਿਰ ਦੇ ਸੈਸ਼ਨ ਤੋਂ ਬਾਅਦ ਸਮਾਪਤੀ ਕਰਕੇ- ਬੱਸਾਂ ਗੱਡੀਆਂ ਤੇ ਦੂਰੋਂ ਨੇੜਿਉਂ ਆਈ ਸੰਗਤ ਲਈ, ਪੈਕ ਕਰਕੇ ਰੱਖਿਆ ਖਾਣਾ ਤੇ ਪਾਣੀ ਦੀਆਂ ਬੋਤਲਾਂ- ਰਸਤੇ ਲਈ ਦਿੱਤੇ ਗਏ। ਇਥੋਂ ਦੇ ਅਨੁਸ਼ਾਸਨ ਤੇ ਸੇਵਾ ਭਾਵ ਨੇ ਮੇਰੇ ਮਨ ਤੇ ਗਹਿਰਾ ਅਸਰ ਪਾਇਆ।
ਅੰਤ ਵਿੱਚ ਮੈਂ ਇਹੀ ਕਹਾਂਗੀ ਕਿ- ਇਹਨਾਂ ਕੈਂਪਾਂ ਵਿੱਚ ਸਿੱਖਣ ਨੂੰ ਬਹੁਤ ਕੁੱਝ ਮਿਲਿਆ। ਬਾਕੀ ਜੋ ਰੂਹਾਨੀ ਆਨੰਦ ਉਹਨਾਂ ਚਾਰ ਦਿਨਾਂ ਵਿੱਚ ਪ੍ਰਾਪਤ ਹੋਇਆ- ਉਸ ਦਾ ਬਿਆਨ ਤਾਂ ਸ਼ਬਦਾਂ ਵਿੱਚ ਕਰਨਾ ਕਠਿਨ ਹੈ। ਮੈਂ ਆਪਣੇ ਵਲੋਂ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹਾਂ ਕਿ- ਉਹ ਮਾਤਾ ਜੀ ਵਰਗੀਆਂ ਪਾਕ ਪਵਿੱਤਰ ਰੂਹਾਂ ਨੂੰ ਹੋਰ ਬਲ ਬਖਸ਼ੇ ਤਾਂ ਕਿ ਉਹ ਮਾਨਵਤਾ ਦਾ ਮਾਰਗ ਦਰਸ਼ਨ ਕਰਦੇ ਰਹਿਣ!