ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਇੱਥੇ ਦੇ ਪ੍ਰਸਾਸ਼ਨ ਨਾਲ ਮੀਟਿੰਗ ਕੀਤੀ। ਜਿਸ ਬਾਰੇ ਮੀਡੀਆ ਨੂੰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ‘ਤੇ ਨਕੇਲ ਕੱਸਣ ਲਈ ਸੂਬਾ ਸਰਕਾਰ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਇੱਥੇ ਦੇ ਪ੍ਰਸਾਸ਼ਨ ਨਾਲ ਮੀਟਿੰਗ ਕੀਤੀ। ਜਿਸ ਬਾਰੇ ਮੀਡੀਆ ਨੂੰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ‘ਤੇ ਨਕੇਲ ਕੱਸਣ ਲਈ ਸੂਬਾ ਸਰਕਾਰ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਨਾਲ ਹੀ ਸੂਬੇ ‘ਚ ਕਰਫਿਊ ਲੱਗਿਆ ਹੋਇਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਜਲਦੀ ਹੀ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ‘ਚ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰਾਂ ਵਿੱਚ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਕੀਤੀ ਜਾ ਰਹੀ ਹੈ। ਨਾਲ ਹੀ ਗਰੀਬ ਪਰਿਵਾਰ ਜੋ ਖਾਣ-ਪੀਣ ਦੀ ਚੀਜਾਂ ਨਹੀਂ ਖਰੀਦ ਸਕਦੇ ਉਨ੍ਹਾਂ ਲਈ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਲਈ ਰਾਸ਼ਨ ਤਿਆਰ ਕਰ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਭਾਰਤ ਵਿੱਚ 4 ਹਫਤਿਆਂ ਦਾ ਲੋਕਡਾਉਨ ਹੈ ਜਦਕਿ ਸੂਬੇ ‘ਚ ਕਰਫਿਊ ਲਾਇਆ ਗਿਆ ਹੈ।

ਵਿੱਤ ਮੰਤਰੀ ਬਾਦਲ ਵੱਲੋਂ ਦੱਸਿਆ ਗਿਆ ਕਿ ਬਠਿੰਡਾ ਵਿੱਚ 5000 ਅਜਿਹੇ ਗਰੀਬ ਪਰਿਵਾਰ ਹਨ, ਜਿਨ੍ਹਾਂ ਨੂੰ ਅਜੇ ਤੱਕ ਖਾਣ-ਪੀਣ ਦੀਆਂ ਵਸਤਾਂ ਨਹੀਂ ਮਿਲੀਆਂ ਉਨ੍ਹਾਂ ਨੂੰ ਪ੍ਰਸ਼ਾਸਨ ਜਲਦੀ ਹੀ ਰਾਸ਼ਨ ਮੁਹੱਈਆ ਕਰਵਾਏਗਾ। ਨਾਲ ਹੀ ਜਾਨਵਰਾਂ ਨੂੰ ਖੁਰਾਕ ਨਹੀਂ ਮਿਲ ਰਹੀ ਇਸ ਦੇ ਲਈ ਡੇਅਰੀ ਫਰਮਾਂ ਨੂੰ ਪਸ਼ੂਆਂ ਲਈ ਖੁਰਾਕ ਪਹੁੰਚਾਈ ਜਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ। ਉਨ੍ਹਾਂ ਦੀ ਫਸਲਾਂ ਲਈ ਵੀ ਪ੍ਰਸਾਸ਼ਨ ਪੁਖਤਾ ਪ੍ਰਬੰਧ ਕਰੇਗਾ। ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਨਾਂ ‘ਤੇ ਵੀ ਸਮਾਜ ਸੇਵਾ ਦੇ ਦਾਨ ਲਈ ਇੱਕ ਖਾਤਾ ਖੋਲ੍ਹਿਆ ਗਿਆ ਹੈ, ਜਿਸ ‘ਚ ਲੋਕ ਦਾਨ ਜਮ੍ਹਾ ਕਰਵਾ ਸਕਦੇ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਵਿੱਚ ਅਜੇ ਤੱਕ ਕੋਰੋਨਾਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ, ਪਰ ਜ਼ਿਲ੍ਹਾ ਸਿਹਤ ਵਿਭਾਗ ਇਸ ਲਈ ਪੂਰੀ ਤਰ੍ਹਾਂ ਚੌਕਸ ਹੈ।