ਦਿੱਲੀ ਦੇ ਨਿਰਭੈਯਾ ਬਲਾਤਕਾਰ ਤੇ ਕਤਲ ਮਾਮਲੇ ਦੇ ਦੋਸ਼ੀਆਂ ਵਿੱਚੋਂ ਇੱਕ ਮੁਕੇਸ਼ ਦੀ ਰਹਿਮ ਦੀ ਬੇਨਤੀ ਅੱਜ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰੱਦ ਕਰ ਦਿੱਤੀ ਹੈ। ਇਹ ਪਟੀਸ਼ਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜੀ ਸੀ। ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਨਾਲ ਹੀ ਇਹ ਸਿਫ਼ਾਰਸ਼ ਵੀ ਕੀਤੀ ਸੀ ਕਿ ਮੁਕੇਸ਼ ਸਿੰਘ ਦੀ ਰਹਿਮ ਦੀ ਬੇਨਤੀ ਪ੍ਰਵਾਨ ਨਾ ਕੀਤੀ ਜਾਵੇ।
ਨਿਰਭੈਯਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ 22 ਜਨਵਰੀ ਦੀ ਤਰੀਕ ਤੇ ਸਵੇਰੇ 7:00 ਵਜੇ ਦਾ ਸਮਾਂ ਮੁਕੱਰਰ ਕੀਤਾ ਸੀ। ਅਦਾਲਤ ਨੇ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਸੀ। ਮੁਲਜ਼ਮਾਂ ਨੇ ਇਸ ਫ਼ੈਸਲੇ ਤੋਂ ਬਾਅਦ ਸੁਪਰੀਮ ਕੋਰਟ ’ਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਸੀ ਤੇ ਦੇਸ਼ ਦੀ ਸਰਬਉੱਚ ਅਦਾਲਤ ਨੇ ਉਹ ਵੀ ਰੱਦ ਕਰ ਦਿੱਤੀ ਸੀ। ਰਾਸ਼ਟਰਪਤੀ ਨੇ ਭਾਵੇਂ ਦੋਸ਼ੀਆਂ ਦੀ ਰਹਿਮ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ, ਫਿਰ ਵੀ ਨਿਰਭਯਾ ਦੇ ਦੋਸ਼ੀਆਂ ਨੂੰ 22 ਜਨਵਰੀ ਨੂੰ ਹੀ ਫਾਂਸੀ ਉੱਤੇ ਲਟਕਾਇਆ ਜਾਣਾ ਔਖਾ ਜਾਪਦਾ ਹੈ। ਕਾਨੂੰਨੀ ਕਾਰਵਾਈ ਕਾਰਨ ਰਹਿਮ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ 14 ਦਿਨਾਂ ਤੱਕ ਫਾਂਸੀ ’ਤੇ ਨਹੀਂ ਲਟਕਾਇਆ ਜਾ ਸਕਦਾ।