ਨਾਬਾਲਿਗ ਲੜਕੇ ਨੇ ਆਪਣੀ ਦਾਦੀ ਤੇ ਭੂਆ ‘ਤੇ ਪਿਸਤੌਲ ਨਾਲ ਫਾਇਰ ਕਰ ਦਿੱਤੇ। ਇਸ ਦੌਰਾਨ ਭੂਆ ਸੁਮੀਤ ਕੌਰ ਦੇ ਸਿਰ ‘ਚ ਤਿੰਨ ਤੇ ਮੂੰਹ ‘ਤੇ ਇੱਕ ਗੋਲੀ ਲੱਗੀ ਜਦਕਿ ਨਾਬਾਲਿਗ ਦੀ ਦਾਦੀ ਦੀ ਲੱਤ ‘ਚ ਦੋ ਗੋਲੀਆਂ ਲੱਗੀਆਂ।

ਮੁਕਤਸਰ ਸਾਹਿਬ:  ਮੁਕਤਸਰ ਸਾਹਿਬ ਦੇ ਪਿੰਡ ਸੰਮੇਵਾਲੀ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਮ੍ਹਣੇ ਆਈ ਹੈ, ਜਿੱਥੇ ਇੱਕ ਨਾਬਾਲਿਗ ਲੜਕੇ ਨੇ ਆਪਣੀ ਦਾਦੀ ਤੇ ਭੂਆ ‘ਤੇ ਪਿਸਤੌਲ ਨਾਲ ਫਾਇਰ ਕਰ ਦਿੱਤੇ। ਇਸ ਦੌਰਾਨ ਭੂਆ ਸੁਮੀਤ ਕੌਰ ਦੇ ਸਿਰ ‘ਚ ਤਿੰਨ ਤੇ ਮੂੰਹ ‘ਤੇ ਇੱਕ ਗੋਲੀ ਲੱਗੀ ਜਦਕਿ ਨਾਬਾਲਿਗ ਦੀ ਦਾਦੀ ਦੀ ਲੱਤ ‘ਚ ਦੋ ਗੋਲੀਆਂ ਲੱਗੀਆਂ। ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਵੀ ਸੁਮੀਤ ਕੌਰ ਨੇ ਹਿੰਮਤ ਨਹੀਂ ਹਾਰੀ। ਉਹ ਖ਼ੁਦ 25 ਕਿਲੋਮੀਟਰ ਤੱਕ ਕਾਰ ਚਲਾ ਕੇ ਆਪਣੀ ਮਾਂ ਨੂੰ ਹਸਪਤਾਲ ਲੈ ਕੇ ਪਹੁੰਚੀ ਤੇ ਆਪਣਾ ਇਲਾਜ ਕਰਵਾਇਆ।

ਡਾਕਟਰਾਂ ਨੇ ਅਪਰੇਸ਼ਨ ਕਰਕੇ ਗੋਲੀਆਂ ਕੱਢ ਦਿੱਤੀਆਂ ਹਨ। ਫਿਲਹਾਲ ਸੁਮੀਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਾਬਾਲਿਗ ਹਮਲਾਵਰ ਆਪਣੇ ਪਿਤਾ ਸਮੇਤ ਰਹਿੰਦਾ ਹੈ ਤੇ ਉਸ ਨੇ ਜ਼ਮੀਨੀ ਵਿਵਾਦ ਦੇ ਚਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਅਜੇ ਤੱਕ ਨਾ ਤਾਂ ਪਿਸਤੌਲ ਬਰਾਮਦ ਹੋਈ ਹੈ ਤੇ ਨਾ ਹੀ ਇਹ ਪਤਾ ਲੱਗਿਆ ਹੈ ਕਿ ਅਰੋਪੀ ਕੋਲ ਪਿਸਤੌਲ ਕਿੱਥੋਂ ਆਈ। ਫਿਲਹਾਲ ਪੁਲਿਸ ਵਲੋਂ ਅਰੋਪੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਭਾਲ ਆਰੰਭ ਦਿੱਤੀ ਗਈ ਹੈ।