ਸਰਦੀਆਂ ਦਾ ਮੌਸਮ ਵੱਖ-ਵੱਖ ਪਕਵਾਨਾਂ ਲਈ ਜਾਣਿਆ ਜਾਂਦਾ ਹੈ। ਖ਼ਾਸ ਤੌਰ ‘ਤੇ ਮੌਸਮ ਦੇ ਫ਼ਲ ਜਾਂ ਸਬਜ਼ੀਆਂ ਖਾਣ ਦਾ ਸ਼ੌਕ ਪੂਰਾ ਕਰਨ ਵਾਲਿਆਂ ਲਈ ਇਹ ਮੌਸਮ ਵਰਦਾਨ ਹੈ। ਇਨ੍ਹਾਂ ਦਿਨਾਂ ਵਿੱਚ ਸੰਤਰੇ ਆਮ ਤੇ ਸਸਤੇ ਰੇਟ ‘ਤੇ ਮਿਲ ਜਾਂਦੇ ਹਨ। ਇਸ ਲਈ ਸੰਤਰਿਆਂ ਤੋਂ ਕੇਕ ਤਿਆਰ ਕਰਨ ਦਾ ਢੰਗ ਤਰੀਕਾ ਪਾਠਕਾਂ ਲਈ ਹਾਜ਼ਰ ਹੈ। ਇਸ ਮੌਸਮ ਵਿੱਚ ਸੰਤਰੇ ਦੇ ਕੇਕ ਦਾ ਆਪਣਾ ਹੀ ਮਜ਼ਾ ਹੈ।
ਸਮੱਗਰੀ:
ਮੈਦਾ – ਢਾਈ ਕੱਪ, ਬਰੀਕ ਚੀਨੀ – ਦੋ ਕੱਪ, ਰਿਫ਼ਾਈਨਡ ਔਇਲ – ਇੱਕ ਕੱਪ, ਬੇਕਿੰਗ ਪਾਊਡਰ – ਦੋ ਛੋਟੇ ਚੱਮਚ, ਸੰਤਰਿਆਂ ਦਾ ਗੁੱਦਾ – ਇੱਕ ਸੰਤਰਾ, ਸੰਤਰੇ ਦੇ ਛਿਲਕੇ ਦਾ ਕੱਦੂਕਸ – ਦੋ ਵੱਡੇ ਚੱਮਚ ਅਤੇ ਛੇ ਅੰਡੇ।
ਵਿਧੀ:
ਮੈਦਾ ਅਤੇ ਬੇਕਿੰਗ ਪਾਊਡਰ ਤਿੰਨ ਵਾਰ ਚੰਗੀ ਤਰ੍ਹਾਂ ਛਾਣ ਲਿਆ ਜਾਵੇ। ਪੀਸੀ ਹੋਈ ਚੀਨੀ ਅਤੇ ਤੇਲ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾਇਆ ਜਾਵੇ। ਇਸ ਸਾਰੇ ਘੋਲ ਵਿੱਚ ਇੱਕ ਇੱਕ ਕਰ ਕੇ ਛੇ ਅੰਡੇ ਘੋਲੇ ਜਾਣ। ਫ਼ੈਂਟਣ ਬਾਅਦ ਸੰਤਰੇ ਦਾ ਗੁੱਦਾ ਅਤੇ ਕੱਦੂਕਸ ਕੀਤਾ ਛਿਲਕਾ ਪਾ ਦਿਓ। ਫ਼ਿਰ ਇਸ ਵਿੱਚ ਥੋੜ੍ਹਾ ਥੋੜ੍ਹਾ ਕਰ ਕੇ ਮੈਦਾ ਪਾਉ ਤਾਂ ਜੋ ਗੰਢਾਂ ਨਾ ਬਣਨ। ਸਾਰਾ ਮੈਦਾ ਮਿਲਾ ਕੇ ਘੋਲ ਨੂੰ ਚੰਗੀ ਤਰ੍ਹਾਂ ਫ਼ੈਂਟਿਆ ਜਾਵੇ। ਬੇਕਿੰਗ ਪੈਨ ਲੈ ਕੇ ਤੇਲ ਲਾਇਆ ਜਾਵੇ। ਬਾਅਦ ਵਿੱਚ ਇਸ ‘ਤੇ ਮੈਦਾ ਛਿੜਕ ਦਿੱਤਾ ਜਾਵੇ ਤਾਂ ਜੋ ਸਮੱਗਰੀ ਬਰਤਨ ਨਾਲ ਨਾ ਚਿਪਕੇ। ਕੇਕ ਦਾ ਘੋਲ ਪਾ ਕੇ ਪਹਿਲਾਂ ਤੋਂ ਗਰਮ ਅਵਨ ਵਿੱਚ 350 ਫ਼ੈਰਨਹਾਈਟ ‘ਤੇ ਸਮੱਗਰੀ ਨੂੰ ਪਜਣ ਲਈ ਰੱਖੋ। ਜਦੋਂ ਇਹ ਭੂਰਾ ਹੋ ਜਾਵੇ ਤਾਂ ਸਿਲਾਈ ਮਾਰ ਕੇ ਪੱਕਾ ਹੋਣ ਬਾਰੇ ਦੇਖ ਲਿਆ ਜਾਵੇ ਕਿਉਂ ਜੋ ਪੱਕਿਆ ਹੋਇਆ ਕੇਕ ਸਿਲਾਈ ਨਾਲ ਨਹੀਂ ਲਗਦਾ। ਇਸ ਤਰ੍ਹਾਂ ਕੇਕ ਹੁਣ ਪੂਰੀ ਤਰ੍ਹਾਂ ਤਿਆਰ ਹੈ। ਇਸ ਨੂੰ ਪਰੋਸ ਕੇ ਪਰਿਵਾਰ ਜਾਂ ਮਹਿਮਾਨਾਂ ਨਾਲ ਬੈਠ ਕੇ ਖਾਣ ਦਾ ਮਜ਼ਾ ਲਿਆ ਜਾਵੇ।