ਪਿਆਜ਼ ਅਤੇ ਟਮਾਟਰ ਦੀ ਚਟਨੀ ਦਾ ਸੁਆਦ ਤਾਂ ਮਜੇਦਾਰ ਹੁੰਦਾ ਹੀ ਹੈ। ਇਸ ਵਾਰ ਬਣਾਓ ਪਿਆਜ਼-ਟਮਾਟਰ ਦਾ ਚਟਪਟਾ ਆਚਾਰ। ਇਹ ਬਣਾਉਣ ਵਿੱਚ ਬਹੁਤ ਹੀ ਆਸਾਨ ਹੈ ਅਤੇ ਇਸ ਨੂੰ ਸਾਰੇ ਹੀ ਬੜੇ ਚਾਅ ਨਾਲ ਖਾਂਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
ਇੱਕ ਕਿੱਲੋ ਲਾਲ ਪੱਕੇ ਟਮਾਟਰ
100 ਗ੍ਰਾਮ ਪਿਆਜ਼
100 ਗ੍ਰਾਮ ਲਸਣ
100 ਗ੍ਰਾਮ ਅਦਰਕ
100 ਗ੍ਰਾਮ ਹਰੀ ਮਿਰਚ
50 ਗ੍ਰਾਮ ਰਾਈ
50 ਗ੍ਰਾਮ ਮੇਥੀਦਾਣਾ
ਦੇਗ਼ੀ ਮਿਰਚ ਅੱਧਾ ਕੱਪ
ਲਾਲ ਮਿਰਚ ਪਾਊਡਰ ਇੱਕ ਚੋਥਾਈ ਕੱਪ
ਨਮਕ ਸੁਆਦ ਮੁਤਾਬਿਕ
300 ਗ੍ਰਾਮ ਤੇਲ
ਦੋ ਕੱਪ ਸਿਰਕਾ
ਲਾਲ ਮਿਰਚਾਂ 4-5
ਇੱਕ ਕੜ੍ਹਾਈ
ਬਣਾਉਣ ਦੀ ਵਿਧੀ
ਮੇਥੀ ਅਤੇ ਰਾਈ ਨੂੰ ਪੀਸ ਲਓ। ਪਿਆਜ਼, ਅਦਰਕ, ਲਸਣ ਅਤੇ ਹਰੀ ਮਿਰਚ ਦਾ ਅੱਧਾ ਹਿੱਸਾ ਬਾਰੀਕ ਕੱਟ ਲਓ ਅਤੇ ਅੱਧੇ ਹਿੱਸੇ ਨੂੰ ਸਿਰਕੇ ਨਾਲ ਪੀਸ ਕੇ ਪੇਸਟ ਬਣਾ ਲਓ। ਟਮਾਟਰਾਂ ਨੂੰ ਧੋ ਕੇ ਸਾਫ਼ ਕਰ ਲਓ ਫ਼ਿਰ ਟੁਕੜਿਆਂ ਵਿੱਚ ਕੱਟ ਲਓ। ਹੁਣ ਇੱਕ ਭਾਰੀ ਥੱਲੇ ਵਾਲੀ ਸਟੀਲ ਦੀ ਕੜ੍ਹਾਈ ਜਾਂ ਭਾਂਡੇ ਵਿੱਚ ਤੇਲ ਗਰਮ ਕਰ ਕੇ ਪਾਓ ਅਤੇ ਬਚੇ ਹੋਏ ਮੇਥੀਦਾਣੇ, ਰਾਈ ਅਤੇ ਲਾਲ ਮਿਰਚ ਨੂੰ ਪਾਓ। ਇੱਕ ਮਿੰਟ ਬਾਅਦ ਕੱਟਿਆ ਹੋਇਆ ਪਿਆਜ਼, ਅਦਰਕ ਅਤੇ ਲਸਣ ਪਾਓ ਅਤੇ ਦੋ ਮਿੰਟ ਪਕਾਓ। ਫ਼ਿਰ ਸਿਰਕੇ ਵਾਲਾ ਪੇਸਟ ਪਾਓ ਅਤੇ 10-15 ਮਿੰਟ ਤਕ ਪਕਾਓ। ਉਸ ਤੋਂ ਬਾਅਦ ਟਮਾਟਰ ਦੇ ਕੱਟੇ ਟੁੱਕੜੇ ਪਾਓ ਅਤੇ 15 ਮਿੰਟ ਪਕਾਓ। ਫ਼ਿਰ ਬਚਿਆ ਸਿਰਕਾ ਪਾ ਕੇ ਘੱਟ ਗੈਸ ‘ਤੇ ਇੰਨਾ ਪਕਾਓ ਕਿ ਟਮਾਟਰ ਅਤੇ ਮਸਾਲਾ ਮਿਲ ਜਾਵੇ ਅਤੇ ਤੇਲ ਛੱਡਣ ਲੱਗੇ। ਠੰਡਾ ਹੋਣ ‘ਤੇ ਬਰਨੀ ਵਿੱਚ ਜਾਂ ਫ਼ਿਰ ਕਿਸੇ ਭਾਂਡੇ ਵਿੱਚ ਪਾਓ। ਇਸ ਆਚਾਰ ਨੂੰ ਕਾਫ਼ੀ ਸਮੇਂ ਤਕ ਰੱਖਿਆ ਜਾ ਸਕਦਾ ਹੈ।