ਹਾਈ ਕੋਰਟ ਦੇ ਹੁਕਮਾਂ ਅਨੁਸਾਰ ਤ੍ਰਿਲੋਕਪੁਰੀ ਕੇਸਾਂ ਦੇ ਸਬੂਤਾਂ ਦੀ ਹੋਵੇ ਮੁੜ ਜਾਂਚ : ਸਿਰਸਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ 1984 ਸਿੱਖ ਕਤਲੇਆਮ ਦੌਰਾਨ ਤ੍ਰਿਲੋਕਪੁਰੀ ਇਲਾਕੇ ‘ਚ ਵਾਪਰੀਆਂ ਘਟਨਾਵਾਂ ਨਾਲ ਜੁੜੇ ਸਬੂਤਾਂ ਦੀ ਮੁੜ ਘੋਖ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਕੇਸਾਂ ਦੇ ਦੋਸ਼ੀਆਂ ਖਿਲਾਫ ਕਤਲ ਦੇ ਦੋਸ਼ਾਂ ਅਧੀਨ ਮੁਕੱਦਮਾ ਚਲਾਉੁਣ ਦਾ ਮਾਮਲਾ ਉਠਾਉਂਦਿਆਂ ਪੁਲਸ ਕਮਿਸ਼ਨਰ ਨੂੰ ਲਿਖੇ ਇਕ ਪੱਤਰ ਵਿਚ ਸਿਰਸਾ ਨੇ ‘ਸ਼ਾਮਬੀਰ ਅਤੇ ਹੋਰ’ ਫੌਜਦਾਰੀ ਕੇਸ ਨੰਬਰ 152/1996 ਦਾ ਵਿਸਥਾਰਿਤ ਵੇਰਵਾ ਦਿੰਦਿਆਂ ਦੱਸਿਆ ਕਿ ਹਾਈ ਕੋਰਟ ਨੇ ਨਾ ਸਿਰਫ ਤ੍ਰਿਲੋਕਪੁਰੀ ਇਲਾਕੇ ‘ਚ ਹਿੰਸਾ ਨਾਲ ਜੁੜੇ ਮਾਮਲੇ ‘ਚ ਮੁਕੱਦਮਾ ਅਦਾਲਤ ਵੱਲੋਂ ਸੁਣਾਏ ਫੈਸਲੇ ਨੂੰ ਸਹੀ ਠਹਿਰਾਇਆ ਬਲਕਿ ਹਾਈ ਕੋਰਟ ਨੇ ਪੁਲਸ ਕਮਿਸ਼ਨਰ ਨੂੰ ਇਨ੍ਹਾਂ ਕੇਸਾਂ ਦੇ ਸਬੂਤਾਂ ਤੇ ਹੋਰ ਸਮੱਗਰੀ ਦੀ ਮੁੜ ਜਾਂਚ ਕਰਨ ਦੇ ਵੀ ਆਦੇਸ਼ ਦਿੱਤੇ ਸਨ।
ਸਿਰਸਾ ਨੇ ਪੁਲਸ ਕਮਿਸ਼ਨਰ ਨੂੰ ਦੱਸਿਆ ਕਿ ਫੈਸਲਾ ਸੁਣਾਉਂਦਿਆਂ ਮਾਣਯੋਗ ਹਾਈ ਕੋਰਟ ਨੇ ਪੈਰਾ 120 ਅਤੇ 121 ‘ਚ ਪੁਲਸ ਕਮਿਸ਼ਨਰ ਦਿੱਲੀ ਨੂੰ ਹਦਾਇਤਾਂ ਵੀ ਦਿੱਤੀਆਂ ਹਨ ਕਿ ਉਹ ਫੌਜਦਾਰੀ ਕਾਨੂੰਨ ਦੇ ਅਧੀਨ ਅਗਲੇਰੀ ਕਾਰਵਾਈ ਲਈ ਇਨ੍ਹਾਂ ਕੇਸਾਂ ਨਾਲ ਜੁੜੀ ਸਮੱਗਰੀ ਤੇ ਸਬੂਤਾਂ ਦੀ ਮੁੜ ਘੋਖ ਕਿਸੇ ਢੁਕਵੀਂ ਏਜੰਸੀ ਤੋਂ ਕਰਵਾਉਣ। ਉਨ੍ਹਾਂ ਕਿਹਾ ਕਿ ਅਦਾਲਤ ਨੇ ਇਹ ਵੀ ਆਖਿਆ ਸੀ ਕਿ ਇਸ ਗੱਲ ਦੇ ਢੁੱਕਵੇਂ ਸਬੂਤ ਉਪਲੱਬਧ ਹਨ, ਜੋ ਸਾਬਤ ਕਰਦੇ ਹਨ ਕਿ ਕਲਿਆਣਪੁਰੀ ਪੁਲਸ ਥਾਣੇ ਅਧੀਨ ਇਲਾਕੇ ‘ਚ 31.10.1984 ਨੂੰ ਹਿੰਸਾ ਭੜਕੀ, ਫਿਰਕੂ ਦੰਗੇ ਹੋਏ ਅਤੇ ਤ੍ਰਿਲੋਕਪੁਰੀ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ।
ਉਨ੍ਹਾਂ ਦੱਸਿਆ ਕਿ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ 2 ਨਵੰਬਰ 1984 ਦੀ ਰਾਤ ਨੂੰ 107 ਦੰਗਾਕਾਰੀ ਕਰਫਿਊ ਦੀ ਉਲੰਘਣਾ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਤੇ ਉਨ੍ਹਾਂ ‘ਤੇ ਧਾਰਾ 143, 144, 147 ਅਤੇ 148 ਦੇ ਨਾਲ ਧਾਰਾ 435, 436 ਅਤੇ 395 ਤਹਿਤ ਕੇਸ ਦਰਜ ਕੀਤੇ ਗਏ ਪਰ ਅਦਾਲਤ ਦੀ ਰਾਇ ਸੀ ਕਿ ਉਪਲੱਬਧ ਸਬੂਤਾਂ ਦੇ ਆਧਾਰ ‘ਤੇ ਇਨ੍ਹਾਂ ਖਿਲਾਫ ਧਾਰਾ 302 ਅਤੇ 307 ਤਹਿਤ ਕੇਸ ਕਿਉਂ ਨਹੀਂ ਚਲਾਇਆ ਗਿਆ।
ਸਿਰਸਾ ਨੇ ਕਿਹਾ ਕਿ ਸਬੂਤਾਂ ਦੀ ਮੁੜ ਘੋਖ ਸਦਕਾ ਮਨੁੱਖਤਾ ਦੇ ਖਿਲਾਫ ਘਿਨੌਣਾ ਅਪਰਾਧ ਕਰਨ ਵਾਲੇ ਦੋਸ਼ੀਆਂ ‘ਤੇ ਧਾਰਾ 302 ਅਤੇ 307 ਤਹਿਤ ਕੇਸ ਚਲਾਏ ਜਾ ਸਕਣਗੇ ਅਤੇ ਇਸ ਨਾਲ ਸਿੱਖ ਭਾਈਚਾਰੇ ਖਾਸ ਤੌਰ ‘ਤੇ ਤ੍ਰਿਲੋਕਪੁਰੀ ਦੇ ਪੀੜਤਾਂ ਨੂੰ ਵੱਡੀ ਰਾਹਤ ਮਿਲ ਸਕੇਗੀ।