ਮਸਾਲਾ ਉਪਮਾ

ਜੇਕਰ ਤੁਹਾਡਾ ਮਨ ਕੁੱਝ ਹਲਕਾ ਫ਼ੁਲਕਾ ਖਾਣ ਦਾ ਕਰ ਰਿਹਾ ਹੋਵੇ ਤਾਂ ਨਾਸ਼ਤੇ ਜਾਂ ਲੰਚ ਸਮੇਂ ਲਈ ਬਣਾ ਲਓ ਉਪਮਾ। ਉਪਮਾ ਥੋੜ੍ਹਾ ਜਿਹਾ ਫ਼ਿੱਕਾ ਹੁੰਦਾ ਹੈ ਇਸ ਲਈ ਅਸੀਂ ਤੁਹਾਨੂੰ ਅੱਜ ਮਸਾਲਾ ਉਪਮਾ ਬਣਾਉਣਾ ਸਿਖਾਵਾਂਗੇ। ਇਹ ਇੱਕ ਬਹੁਤ ਹੀ ਪੌਸ਼ਟਿਕ ਭੋਜਨ ਹੈ ਕਿਉਂਕਿ ਇਸ ਵਿੱਚ ਸਬਜ਼ੀਆਂ ਅਤੇ ਸੂਜੀ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਫ਼ਿਰ ਜਾਣਦੇ ਹਾਂ ਮਸਾਲਾ ਉਪਮਾ ਬਣਾਉਣ ਦੀ ਵਿਧੀ।
ਸਮੱਗਰੀ
ਡੇਢ ਕੱਪ ਸੂਜੀ ਭੁੰਨੀ ਹੋਈ
ਅੱਧਾ ਪਿਆਜ਼ ਕੱਟਿਆ ਹੋਇਆ
1 ਟਮਾਟਰ
3/4 ਕੱਪ ਸੇਮ
5-6 ਹਰੀਆਂ ਮਿਰਚਾਂ
2 ਚੱਮਚ ਹਲਦੀ
1/2 ਚੱਮਚ ਗਰਮ ਮਸਾਲਾ
8-10 ਲੌਂਗ
ਜ਼ੀਰਾ, ਰਾਈ, ਕੜ੍ਹੀ ਪੱਤਾ, ਨਮਕ, ਤੇਲ, ਧਨੀਆ, ਨਿੰਬੂ ਰਸ।
ਵਿਧੀ
ਸਭ ਤੋਂ ਪਹਿਲਾਂ ਸੂਜੀ ਨੂੰ ਇੱਕ ਪੈਨ ਵਿੱਚ ਪਾ ਕੇ ਹਲਕਾ ਜਿਹੀ ਭੁੰਨ ਲਓ ਅਤੇ ਠੰਡਾ ਹੋਣ ਦੇ ਲਈ ਇੱਕ ਪਾਸੇ ਰੱਖ ਦਿਓ। ਹੁਣ ਇੱਕ ਦੂਜੇ ਪੈਨ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਰਾਈ, ਜ਼ੀਰਾ, ਕੜ੍ਹੀ ਪੱਤਾ ਨੂੰ ਤੜਕਾ ਲਗਾਓ। ਹੁਣ ਉਸ ਵਿੱਚ ਲੌਂਗ ਪਾ ਕੇ ਭੁੰਨੋ, ਫ਼ਿਰ ਪਿਆਜ, ਕੱਟੀਆਂ ਹੋਈ ਹਰੀਆਂ ਮਿਰਚਾਂ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਹੁਣ ਉਸ ਵਿੱਚ ਸੇਮ ਪਾ ਕੇ ਭੁੰਨੋ ਅਤੇ ਫ਼ਿਰ ਨਮਕ ਪਾਓ। ਹੁਣ ਕੱਟੇ ਹੋਏ ਟਮਾਟਰ ਪਾਓ ਅਤੇ ਚੰਗੀ ਤਰ੍ਹਾਂ ਪਕਾਓ। ਹੁਣ ਪੈਨ ਵਿੱਚ ਗਰਮ ਮਸਾਲਾ ਪਾਓ ਅਤੇ ਪਾਣੀ ਪਾ ਕੇ ਉਬਾਲੋ। ਹੁਣ ਇਸ ਵਿੱਚ ਭੁੰਨੀ ਹੋਈ ਸੂਜੀ ਪਾਓ ਅਤੇ ਪਕਾਓ। ਇਸ ਨੂੰ ਹਲਕੀ ਅੱਗ ‘ਤੇ ਢੱਕ ਕੇ ਪਕਾਓ। ਪੱਕ ਜਾਣ ਤੋਂ ਬਾਅਦ ਇਸ ਨੂੰ ਕੱਟੇ ਹੋਏ ਹਰੇ ਧਨੀਏ ਨਾਲ ਗਾਰਨਿਸ਼ ਕਰੋ ਅਤੇ ਨਿੰਬੂ ਦਾ ਰਸ ਨਿਚੋੜ ਕੇ ਸਰਵ ਕਰੋ।