World Cup: ਬੇਕਾਰ ਗਿਆ ਰੋਹਿਤ ਦਾ ਸੈਂਕੜਾ, ਇੰਗਲੈਂਡ ਨੇ 31 ਦੌੜਾਂ ਨਾਲ ਹਰਾ ਕੇ ਰੋਕੀ ਭਾਰਤ ਦੀ ਜੇਤੂ ਮੁਹਿੰਮ

ਟੀਚੇ ਦਾ ਪਿੱਛਾ ਕਰਨ ਉੱਤਰੀ ਟੀਮ ਇੰਡੀਆ ਦੀ ਸ਼ੁਰੂਆਤ ਸੁਸਤ ਰਹੀ ਅਤੇ ਅੱਧੀ ਟੀਮ 50 ਓਵਰਾਂ ਵਿੱਚ 306 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ 9 ਗੇਂਦਾਂ ਖੇਡ ਕੇ ਬਿਨਾਂ ਕੋਈ ਰਨ ਜੋੜੇ ਪੈਵੇਲੀਅਨ ਪਰਤ ਗਏ। ਹਾਲਾਤ ਇਹ ਸਨ ਕਿ ਭਾਰਤ ਨੇ ਪਹਿਲੇ 10 ਓਵਰਾਂ ਵਿੱਚ ਸਿਰਫ 28 ਦੌੜਾਂ ਹੀ ਜੋੜੀਆਂ

ਨਵੀਂ ਦਿੱਲੀ: ICC Cricket world cup 2019 ਵਿੱਚ 38ਵਾਂ ਮੁਕਾਬਲਾ ਬਰਮਿੰਘਮ ‘ਚ India vs England ਵਿਚਾਲੇ ਖੇਡਿਆ ਗਿਆ। ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਇੰਗਲੈਂਡ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਮੇਜ਼ਬਾਨ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲਜ਼ ਦੀ ਦੌੜ ਵਿੱਚ ਕਾਬਜ਼ ਰਹਿਣ ਵਿੱਚ ਸਫਲ ਹੋ ਗਈ ਹੈ।

ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ, ਜੋ ਉਸ ਲਈ ਸਹੀ ਸਾਬਤ ਹੋਇਆ। ਇੰਗਲੈਂਡ ਨੇ 50 ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 337 ਦੌੜਾਂ ਦਾ ਵੱਡਾ ਸਕੋਰ ਬਣਾਇਆ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੌਨੀ ਬੇਅਰਸਟ੍ਰੋਅ ਨੇ ਵੀ ਸ਼ਾਨਦਾਰ ਸੈਂਕੜਾ ਲਾਇਆ ਤੇ ਆਪਣੀਆਂ 111 ਦੌੜਾਂ ਬਣਾ ਕੇ ਮੈਨ ਆਫ਼ ਦ ਮੈਚ ਬਣੇ।

ਟੀਚੇ ਦਾ ਪਿੱਛਾ ਕਰਨ ਉੱਤਰੀ ਟੀਮ ਇੰਡੀਆ ਦੀ ਸ਼ੁਰੂਆਤ ਸੁਸਤ ਰਹੀ ਅਤੇ ਅੱਧੀ ਟੀਮ 50 ਓਵਰਾਂ ਵਿੱਚ 306 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ 9 ਗੇਂਦਾਂ ਖੇਡ ਕੇ ਬਿਨਾਂ ਕੋਈ ਰਨ ਜੋੜੇ ਪੈਵੇਲੀਅਨ ਪਰਤ ਗਏ। ਹਾਲਾਤ ਇਹ ਸਨ ਕਿ ਭਾਰਤ ਨੇ ਪਹਿਲੇ 10 ਓਵਰਾਂ ਵਿੱਚ ਸਿਰਫ 28 ਦੌੜਾਂ ਹੀ ਜੋੜੀਆਂ, ਹਾਲਾਂਕਿ ਬਾਅਦ ਵਿੱਚ ਖਿਡਾਰੀਆਂ ਨੇ ਰਨ ਬਟੋਰਨ ਵਿੱਚ ਕੁਝ ਰਫ਼ਤਾਰ ਫੜੀ। ਰੋਹਿਤ ਸ਼ਰਮਾ ਨੇ ਸੈਂਕੜਾ (102 ਦੌੜਾਂ) ਵੀ ਲਾਇਆ ਪਰ ਇਹ ਵੀ ਮੈਚ ਜਿਤਾਉਣ ਵਿੱਚ ਸਹਾਈ ਨਾ ਹੋਇਆ। ਇਸ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਨੇ ਵੀ ਅਰਧ ਸੈਂਕੜਾ (66 ਦੌੜਾਂ) ਦਾ ਯੋਗਦਾਨ ਪਾਇਆ। ਕੋਹਲੀ ਦਾ ਇਹ ਲਗਾਤਾਰ ਪੰਜਵਾਂ ਅਰਧ ਸੈਂਕੜਾ ਹੈ।

ਵਿਸ਼ਵ ਕੱਪ ‘ਚ ਟੀਮ ਇੰਡੀਆ ਦੀ ਇਹ ਪਹਿਲੀ ਹਾਰ ਹੈ। ਅੰਕ ਸੂਚੀ ‘ਚ ਭਾਰਤ ਹੁਣ ਵੀ 11 ਅੰਕਾਂ ਨਾਲ ਦੂਜੇ ਨੰਬਰ ‘ਤੇ ਬਣੀ ਹੋਈ ਹੈ। ਉੱਥੇ ਇੰਗਲੈਂਡ ਦੀ ਟੀਮ 10 ਅੰਕਾਂ ਨਾਲ ਚੌਥੇ ਨੰਬਰ ‘ਤੇ ਆ ਗਈ ਹੈ। ਪਾਕਿ ਦੀ ਟੀਮ ਹੁਣ ਪੰਜਵੇਂ ਸਥਾਨ ‘ਤੇ ਆ ਗਈ ਹੈ।