ਟੋਲ ਪਲਾਜ਼ਾ ‘ਤੇ ਔਰਤ ਨਾਲ ਕੁੱਟਮਾਰ, ਵੀਡੀਓ ਵਾਇਰਲ

ਨਵੀਂ ਦਿੱਲੀ: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਮਹਿਲਾ ਟੋਲ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਗਈ। ਘਟਨਾ ਖੇੜਕੀ ਦੌਲਾ ਟੋਲ ਪਲਾਜ਼ਾ ਦੀ ਹੈ। ਦਰਅਸਲ ਇੱਕ ਗੱਡੀ ਚਾਲਕ ਕਥਿਤ ਤੌਰ ‘ਤੇ ਜਦੋਂ ਬਿਨਾ ਟੈਕਟ ਦਿੱਤੇ ਟੋਲ ਪਾਸ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਮਹਿਲਾ ਨੇ ਉਸ ਨੂੰ ਰੋਕਿਆ।

ਇਸੇ ਗੱਲ ‘ਤੇ ਚਾਲਕ ਨੇ ਇੰਨੀ ਜ਼ੋਰ ਨਾਲ ਮਹਿਲਾ ਦੇ ਮੁੱਕਾ ਮਾਰਿਆ ਕਿ ਉਸ ਦੇ ਨੱਕ ਵਿੱਚੋਂ ਖ਼ੂਨ ਨਿਕਲ ਆਇਆ। ਉਸ ਨੇ ਮਹਿਲਾ ਨਾਲ ਬਦਸਲੂਕੀ ਵੀ ਕੀਤੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਗੱਡੀ ਦੇ ਨੰਬਰ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਟੋਲ ਪਲਾਜ਼ਾ ਦਾ ਸਟਾਫ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ।

ਹਾਸਲ ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਇੱਕ SUV ਕਾਰ ਗੁਰੂਗ੍ਰਾਮ ਤੋਂ ਮਾਨੇਸਰ ਜਾ ਰਹੀ ਸੀ। ਟੋਲ ਦੀ ਲੇਨ 27 ‘ਤੇ ਮਹਿਲਾ ਮੁਲਾਜ਼ਮ ਨੇ ਜਦੋਂ ਕਾਰ ਚਾਲਕ ਕੋਲੋਂ ਟੈਕਸ ਮੰਗਿਆ ਤਾਂ SUV ਚਾਲਕ ਨੇ ਮਹਿਲਾ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਮੁੱਕੇ ਨਾਲ ਮਹਿਲਾ ਦੇ ਨੱਕ ਵਿੱਚੋਂ ਖ਼ੂਨ ਵਹਿਣ ਲੱਗ ਗਿਆ। ਇਹ ਵੇਖ SUV ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।