ਬੀਜੇਪੀ ਦੇ ਤਿੰਨ ਲੀਡਰਾਂ ਦੀ ਜ਼ੁਬਾਨ ਬੇਲਗਾਮ, ਵੱਡੇ ਧਮਾਕੇ ਮਗਰੋਂ ਪਾਰਟੀ ਦਾ ਐਕਸ਼ਨ

ਬੀਜੇਪੀ ਦੇ ਲੀਡਰ ਅਨੰਤ ਕੁਮਾਰ ਹੇਗੜੇ, ਸਾਧਵੀ ਪ੍ਰੱਗਿਆ ਸਿੰਘ ਠਾਕੁਰ ਤੇ ਨਲਿਨ ਕਟੀਲ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਬੀਜੇਪੀ ਨੇ ਇਨ੍ਹਾਂ ਕੋਲੋਂ ਇਸ ਬਾਰੇ ਜਵਾਬ ਮੰਗਿਆ ਹੈ। ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪਾਰਟੀ ਦੀ ਅਨੁਸ਼ਾਸਨ ਕਮੇਟੀ ਨੇ ਤਿੰਨਾਂ ਲੀਡਰਾਂ ਕੋਲੋਂ ਜਵਾਬ ਮੰਗ ਕੇ 10 ਦਿਨਾਂ ਅੰਦਰ ਪਾਰਟੀ ਨੂੰ ਉਸ ਦੀ ਰਿਪੋਰਟ ਦੇਣ ਲਈ ਕਿਹਾ ਹੈ।

ਨਵੀਂ ਦਿੱਲੀ: ਨਥੂਰਾਮ ਗੋਡਸੇ ਸਬੰਧੀ ਦਿੱਤੇ ਬਿਆਨਾਂ ਬਾਅਦ ਬੀਜੇਪੀ ਦੇ ਲੀਡਰ ਅਨੰਤ ਕੁਮਾਰ ਹੇਗੜੇ, ਸਾਧਵੀ ਪ੍ਰੱਗਿਆ ਸਿੰਘ ਠਾਕੁਰ ਤੇ ਨਲਿਨ ਕਟੀਲ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਬੀਜੇਪੀ ਨੇ ਇਨ੍ਹਾਂ ਕੋਲੋਂ ਇਸ ਬਾਰੇ ਜਵਾਬ ਮੰਗਿਆ ਹੈ। ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪਾਰਟੀ ਦੀ ਅਨੁਸ਼ਾਸਨ ਕਮੇਟੀ ਨੇ ਤਿੰਨਾਂ ਲੀਡਰਾਂ ਕੋਲੋਂ ਜਵਾਬ ਮੰਗ ਕੇ 10 ਦਿਨਾਂ ਅੰਦਰ ਪਾਰਟੀ ਨੂੰ ਉਸ ਦੀ ਰਿਪੋਰਟ ਦੇਣ ਲਈ ਕਿਹਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਲੀਡਰਾਂ ਦੇ ਆਪਣੇ ਨਿੱਜੀ ਬਿਆਨ ਹਨ, ਜਿਸ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ। ਦੱਸ ਦੇਈਏ ਤਿੰਨਾਂ ਲੀਡਰਾਂ ਨੇ ਆਪਣੇ ਬਿਆਨ ਵਾਪਸ ਲੈ ਕੇ ਮੁਆਫ਼ੀ ਵੀ ਮੰਗ ਲਈ ਹੈ। ਫਿਰ ਵੀ ਪਾਰਟੀ ਦੇ ਵੱਕਾਰ ਦੇ ਮੱਦੇਨਜ਼ਰ ਪਾਰਟੀ ਨੇ ਤਿੰਨਾਂ ‘ਤੇ ਉਕਤ ਕਾਰਵਾਈ ਕੀਤੀ ਹੈ।

ਪੂਰਾ ਮਾਮਲਾ

ਜ਼ਿਕਰਯੋਗ ਹੈ ਮੀਡੀਆ ਦੇ ਸਵਾਲ ਵਿੱਚ ਸਾਧਵੀ ਪ੍ਰੱਗਿਆ ਨੇ ਨਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਗੋਡਸੇ ਨੂੰ ਅੱਤਵਾਦੀ ਕਹਿਣ ਵਾਲੇ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ। ਬੀਜੇਪੀ ਸਾਂਸਦ ਨਲਿਨ ਨੇ ਗੋਡਸੇ ਦੀ ਤੁਲਨਾ ਰਾਜੀਵ ਗਾਂਧੀ ਨਾਲ ਕਰ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਗੋਡਸੇ ਨੇ ਇੱਕ ਮਾਰਿਆ, ਕਸਾਬ ਨੇ 72 ਤੇ ਰਾਜੀਵ ਗਾਂਧੀ ਨੇ 17 ਹਜ਼ਾਰ ਲੋਕ ਮਾਰੇ।

ਇਸ ਤੋਂ ਇਲਾਵਾ ਸਾਧਵੀ ਪ੍ਰੱਗਿਆ ਦੇ ਹੱਕ ‘ਚ ਨਿੱਤਰੇ ਕਰਨਾਟਕ ਦੀ ਉੱਤਰ ਕੰਨੜ ਸੀਟ ਤੋਂ ਸਾਂਸਦ ਅਨੰਤ ਕੁਮਾਰ ਹੇਗੜੇ ਨੇ ਵੀ ਟਵੀਟ ਕਰਕੇ ਵਿਵਾਦਤ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ 70 ਸਾਲ ਬਾਅਦ ਬਦਲੇ ਹੋਏ ਵਿਚਾਰਕ ਮਾਹੌਲ ਵਿੱਚ ਗੋਡਸੇ ‘ਤੇ ਬਹਿਸ ਹੋ ਰਹੀ ਹੈ। ਗੋਡਸੇ ਨੂੰ ਆਖ਼ਰਕਰ ਇਸ ਬਹਿਸ ਤੋਂ ਖ਼ੁਸ਼ੀ ਹੋਈ ਹੋਏਗੀ।