ਜਰਖੜ ਖੇਡਾਂ ‘ਚ ਫਸੇ ਕੁੰਡੀਆਂ ਦੇ ਸਿੰਙ, ਜਾਣੋ ਕੌਣ ਰਿਹਾ ਜੇਤੂ

ਜੂਨੀਅਰ ਹਾਕੀ ‘ਚ ਬਾਗੜੀਆਂ ਸੈਂਟਰ, ਸੀਨੀਅਰ ‘ਚ ਰਾਮਪੁਰ ਤੇ ਕਿਲ੍ਹਾ ਰਾਏਪੁਰ ਵੱਲੋਂ ਜੇਤੂ ਸ਼ੁਰੂਆਤ ਕੀਤੀ ਗਈ।

ਲੁਧਿਆਣਾ: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਜਰਖੜ ਖੇਡਾਂ ਦੀ ਕੜੀ ਤਹਿਤ 9ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਸ਼ਨੀਵਾਰ ਨੂੰ ਜਰਖੜ ਸਟੇਡੀਅਮ ਦੇ ਐਸਟਰੋਟਰਫ ਬਲਾਕ ‘ਤੇ ਸ਼ੁਰੂ ਹੋ ਗਿਆ। ਉਦਘਾਟਨੀ ਸਮਾਗਮ ਤੋਂ ਬਾਅਦ ਰੁਮਾਂਚਕ ਮੈਚ ਵੀ ਹੋਏ। ਇਸ ਦੌਰਾਨ ਜੂਨੀਅਰ ਹਾਕੀ ‘ਚ ਬਾਗੜੀਆਂ ਸੈਂਟਰ, ਸੀਨੀਅਰ ‘ਚ ਰਾਮਪੁਰ ਤੇ ਕਿਲ੍ਹਾ ਰਾਏਪੁਰ ਵੱਲੋਂ ਜੇਤੂ ਸ਼ੁਰੂਆਤ ਕੀਤੀ ਗਈ।

ਇਸ ਹਾਕੀ ਫੈਸਟੀਵਲ ਦਾ ਉਦਘਾਟਨ ਓਲੰਪੀਅਨ ਗੁਰਬਾਜ ਸਿੰਘ ਨੇ ਗੋਲ ‘ਚ ਹਾਕੀ ਨਾਲ ਹਿੱਟ ਲਾ ਕੇ ਕੀਤਾ ਤੇ ਰਿਬਨ ਕੱਟਣ ਦੀ ਰਸਮ ਕਾਰ ਸੇਵਾ ਵਾਲੇ ਬਾਬਾ ਭੁਪਿੰਦਰ ਸਿੰਘ ਭਿੰਦਾ ਤੇ ਜਥੇਦਾਰ ਪ੍ਰਿਤਪਾਲ ਸਿੰਘ ਪਾਲੀ, ਮੁੱਖ ਸੇਵਾਦਾਰ ਦੂਖ ਨਿਵਾਰਨ ਲੁਧਿਆਣਾ ਹੁਰਾਂ ਨੇ ਕੀਤੀ। ਉਦਘਾਟਨੀ ਸਮਾਰੋਹ ਮੌਕੇ ਭੁੱਟਾ ਇੰਜੀਅਨੀਅਰ ਕਾਲਜ ਗਰੁੱਪ ਦੇ ਜ਼ਿੰਬਾਬਵੇ ਮੂਲ ਦੇ ਵਿਦਿਆਰਥੀਆਂ ਨੇ ਆਪਣਾ ਵਿਰਾਸਤੀ ਨਾਚ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ।ਪਹਿਲੇ ਦਿਨ ਖੇਡੇ ਗਏ ਮੈਚਾਂ ਦੇ ਸੀਨੀਅਰ ਵਰਗ ‘ਚ ਨੀਟਾ ਕਲੱਬ ਰਾਮਪੁਰ ਤੇ ਯੰਗ ਕਲੱਬ ਓਟਾਲਾਂ ਨਿਰਧਾਰਤ ਸਮੇਂ ਤਕ ਬਰਾਬਰ ਖੇਡੇ। ਅਖ਼ੀਰ ਪੈਨਲਟੀ ਸਟ੍ਰੋਕ ‘ਚ ਰਾਮਪੁਰ 11-10 ਨਾਲ ਜੇਤੂ ਰਿਹਾ। ਦੂਸਰੇ ਸੀਨੀਅਰ ਵਰਗ ਦੇ ਮੈਚ ‘ਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੇ ਅਕਾਲਗੜ੍ਹ ਇਲੈਵਨ ਨੂੰ 7-8 ਨਾਲ ਹਰਾਇਆ। ਜਦਕਿ ਸਬ-ਜੂਨੀਅਰ ਵਰਗ ‘ਚ ਬਾਗੜੀਆਂ ਹਾਕੀ ਸੈਂਟਰ ਸੰਗਰੂਰ ਨੇ ਕਿਲ੍ਹਾ ਰਾਏਪੁਰ ਵਾਰੀਅਰਜ਼ ਨੂੰ 10-1 ਨਾਲ ਹਰਾਇਆ। ਸਬ-ਜੂਨੀਅਰ ਦੇ ਆਖ਼ਰੀ ਮੈਚ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਨੇ ਅਮਰਗੜ੍ਹ ਨੂੰ 3-2 ਨਾਲ ਹਰਾਇਆ।

ਇਸ ਮੌਕੇ ਓਲੰਪੀਅਨ ਗੁਰਬਾਜ ਸਿੰਘ ਨੂੰ ਜਰਖੜ ਹਾਕੀ ਸੈਂਟਰ ਦੇ ਬੱਚਿਆਂ ਨੂੰ ਕੁਝ ਹਾਕੀ ਦੇ ਟਿਪਸ ਦਿੱਤੇ ਤੇ ਉਨ੍ਹਾਂ ਲਈ 10 ਕੰਪੋਜ਼ਿਟ ਹਾਕੀ ਸਟਿੱਕ ਦੇਣ ਦਾ ਐਲਾਨ ਕੀਤਾ। ਜਦਕਿ ਬਾਬਾ ਭਿੰਦਾ ਨੇ ਜਰਖੜ ਅਕੈਡਮੀ ਦੇ ਬੱਚਿਆਂ ਲਈ 2 ਏਸੀ ਦੇਣ ਦੀ ਸੇਵਾ ਨਿਭਾਈ। ਇਸ ਹਾਕੀ ਫੈਸਟੀਵਲ ਦੇ ਮੈਚ ਹਰ ਸ਼ਨੀਵਰ ਤੇ ਐਤਵਾਰ ਨੂੰ ਹੋਇਆ ਕਰਨਗੇ ਜਦਕਿ ਫਾਈਨਲ ਮੁਕਾਬਲਾ 2 ਜੂਨ ਨੂੰ ਖੇਡਿਆ ਜਾਏਗਾ।