ਜਲੰਧਰ- ਭਾਰਤੀ ਭੋਜਨ ‘ਚ ਪਿਆਜ਼ ਅਤੇ ਲਸਣ ਦੀ ਬਹੁਤ ਹੀ ਅਹਿਮੀਅਤ ਹੈ। ਭਾਰਤੀ ਖਾਣੇ ‘ਚ ਨਮਕ ਦਾ ਹੋਣਾ ਜਿੰਨਾ ਜ਼ਰੂਰੀ ਹੈ, ਓਨਾ ਹੀ ਪਿਆਜ਼-ਲਸਣ ਦਾ ਹੋਣਾ ਵੀ। ਇਹ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਬਿਨਾਂ ਖਾਣਾ ਅਧੂਰਾ ਜਿਹਾ ਲੱਗਦਾ ਹੈ। ਲਸਣ ਅਤੇ ਪਿਆਜ਼ ਸਿਰਫ਼ ਖਾਣੇ ਨੂੰ ਸੁਆਦ ਹੀ ਨਹੀਂ ਬਣਾਉਂਦੇ ਸਗੋਂ ਵੱਡੀਆਂ-ਵੱਡੀਆਂ ਬੀਮਾਰੀਆਂ ਨੂੰ ਵੀ ਮਾਤ ਦਿੰਦੇ ਹਨ। ਲਸਣ ਅਤੇ ਪਿਆਜ਼ ਕਈ ਗੁਣਾਂ ਨਾਲ ਭਰਪੂਰ ਹੁੰਦੇ ਹਨ। ਆਓ ਜਾਣਦੇ ਹਾਂ ਲਸਣ-ਪਿਆਜ਼ ਨਾਲ ਹੋਣ ਵਾਲੇ ਸਿਹਤ ਦੇ ਫ਼ਾਇਦਿਆਂ ਬਾਰੇ।
ਪੇਟ ਦੇ ਕੀੜੇ ਮਾਰਨ ‘ਚ ਫ਼ਾਇਦੇਮੰਦ – ਜੇਕਰ ਤੁਹਾਨੂੰ ਪੇਟ ‘ਚ ਕੀੜੇ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਲਸਣ ਦੀਆਂ ਕੱਚੀਆਂ ਤੁਰੀਆਂ ਦਾ ਰਸ ਇੱਕ ਗਿਲਾਸ ਦੁੱਧ ‘ਚ ਮਿਲਾ ਕੇ ਪੀਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਪੇਟ ‘ਚੋਂ ਕੀੜੇ ਬਾਹਰ ਨਿਕਲ ਜਾਂਦੇ ਹਨ। ਪੇਟ ‘ਚ ਕੀੜਿਆਂ ਦੀ ਰੋਕਥਾਮ ਲਈ ਖਾਣੇ ‘ਚ ਲਸਣ-ਪਿਆਜ਼ ਦੀ ਉਚਿਤ ਮਾਤਰਾ ਲਵੋ। ਇਸ ਨਾਲ ਕੀੜੇ ਪੈਦਾ ਹੀ ਨਹੀਂ ਹੁੰਦੇ।
ਸਰਦੀ-ਜ਼ੁਕਾਮ ‘ਤੇ ਅਸਰਦਾਰ – ਬਦਲਦੇ ਮੌਸਮ ‘ਚ ਸਰਦੀ-ਜ਼ੁਕਾਮ ਬਹੁਤ ਪਰੇਸ਼ਾਨ ਕਰਦਾ ਹੈ। ਕਮਜ਼ੋਰੀ ਕਾਰਨ ਲੋਕਾਂ ਨੂੰ ਇਹ ਸਮੱਸਿਆ ਬੜੀ ਆਸਾਨੀ ਨਾਲ ਲੱਗ ਜਾਂਦੀ ਹੈ। ਇਸ ਤੋਂ ਬਚਣ ਲਈ ਪਿਆਜ਼ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਗਠੀਏ ‘ਚ ਪਿਆਜ਼ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਗਠੀਏ ‘ਚ ਸਰੋਂ ਦਾ ਤੇਲ ਅਤੇ ਪਿਆਜ਼ ਦਾ ਰਸ ਮਿਲਾ ਕੇ ਮਾਲਿਸ਼ ਕਰਨੀ ਚਾਹੀਦੀ ਹੈ।
ਯੂਰਿਨ ਦੀ ਰੁਕਾਵਟ ਕਰੇ ਦੂਰ – ਜੇਕਰ ਤੁਸੀਂ ਯੂਰਿਨ ਦੇ ਰਸਤੇ ‘ਚ ਰੁਕਾਵਟ ਪੈਦਾ ਹੋਣਾ ਅਤੇ ਘੱਟ ਮਾਤਰਾ ‘ਚ ਯੂਰਿਨ ਆਉਣ ਦੀ ਪਰੇਸ਼ਾਨੀ ਨਾਲ ਲੜ ਰਹੇ ਹੋ ਤਾਂ ਦੋ ਚਮਚੇ ਪਿਆਜ਼ ਦਾ ਰਸ ਅਤੇ ਕਣਕ ਦਾ ਆਟਾ ਲੈ ਕੇ ਪੇਸਟ ਬਣਾ ਲਵੋ। ਇਸ ਨੂੰ ਗਰਮ ਕਰ ਕੇ ਪੇਟ ‘ਤੇ ਇਸ ਦਾ ਲੇਪ ਲਗਾਉਣ ਨਾਲ ਸ਼ਿਕਾਇਤ ਦੂਰ ਹੋ ਜਾਵੇਗੀ।
ਕੋਲੋਰੈਕਟਲ ਕੈਂਸਰ ਦਾ ਖ਼ਤਰਾ ਕਰੇ ਘੱਟ – ਪਿਆਜ਼-ਲਸਣ ਵਾਲੀ ਸਬਜ਼ੀ ਖਾਣ ਨਾਲ ਕੋਲੋਰੈਕਟਲ ਕੈਂਸਰ ਦੇ ਵਿਕਸਿਤ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇੱਕ ਨਵੇਂ ਅਧਿਐਨ ‘ਚ ਇਸ ਬਾਰੇ ਦਾਅਵਾ ਕੀਤਾ ਗਿਆ ਹੈ। ਕੋਲਨ ਅਤੇ ਰੈਕਟਲ ਵੱਡੀਆਂ ਆਂਤੜੀਆਂ ਦੇ ਹਿੱਸੇ ਹੁੰਦੇ ਹਨ। ਇਸ ਅਧਿਐਨ ‘ਚ ਪਾਇਆ ਗਿਆ ਹੈ ਕਿ ਪਿਆਜ਼ ਜਾਂ ਲਸਣ ਵਾਲੀ ਸਬਜ਼ੀ ਖਾਣ ਨਾਲ ਲੋਕਾਂ ‘ਚ ਕੋਲੋਰੈਕਟਲ ਕੈਂਸਰ ਦਾ ਖ਼ਤਰਾ 79 ਫ਼ੀਸਦੀ ਘੱਟ ਜਾਂਦਾ ਹੈ।