ਲੋਕ ਸਭਾ ਟਿਕਟ ਨਾ ਮਿਲਣ 'ਤੇ ਪਹਿਲੀ ਵਾਰ ਬੋਲੇ ਅਡਵਾਨੀ
ਲੋਕ ਸਭਾ ਟਿਕਟ ਨਾ ਮਿਲਣ ‘ਤੇ ਪਹਿਲੀ ਵਾਰ ਬੋਲੇ ਅਡਵਾਨੀ

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ‘ਚ ਬੀਜੇਪੀ ਨੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਨੂੰ ਟਿਕਟ ਨਾ ਦੇਕੇ ਦਰਕਿਨਾਰ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਅਡਵਾਨੀ ਪਾਰਟੀਆਂ ਦੀ ਗਤੀਵਿਧੀਆਂ ‘ਚ ਕੋਈ ਬਹੁਤੀ ਸ਼ਮੂਲੀਅਤ ਨਹੀਂ ਰੱਖਦੇ ਪਰ ਹੁਣ ਉਨ੍ਹਾਂ ਨੂੰ ਲੋਕ ਸਭਾ ਚੋਣਾਂ ‘ਚ ਟਿਕਟ ਨਾ ਦੇ ਕੇ ਪਾਰਟੀ ਨੇ ਅਡਵਾਨੀ ਪ੍ਰਤੀ ਆਪਣੀ ਮਨਸ਼ਾ ਜੱਗ ਜ਼ਾਹਰ ਕਰ ਦਿੱਤੀ ਹੈ। ਇਸ ਮਗਰੋਂ ਬੀਜੇਪੀ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਨੇ ਪਹਿਲੀ ਵਾਰ ਆਪਣੀ ਚੁੱਪ ਤੋੜਦਿਆਂ ਬਲੌਗ ਲਿਖ ਕੇ ਆਪਣੀ ਗੱਲ ਰੱਖੀ ਹੈ। ਅਡਵਾਨੀ ਨੇ ਇਹ ਬਲੌਗ ਬੀਜੇਪੀ ਦੇ ਸਥਾਪਨਾ ਦਿਵਸ 6 ਅਪ੍ਰੈਲ ਤੋਂ ਪਹਿਲਾਂ ਲਿਖਿਆ।

ਬੀਜੇਪੀ ਨੂੰ ਮਜ਼ਬੂਤ ਪਾਰਟੀ ਵਜੋਂ ਖੜ੍ਹਾ ਕਰਨ ‘ਚ ਅਹਿਮ ਯੋਗਦਾਨ ਪਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੇ ਲਿਖਿਆ ਕਿ ਆਪਣੇ ਸਥਾਪਨਾ ਦਿਵਸ ਤੋਂ ਬਾਅਦ ਬੀਜੇਪੀ ਨੇ ਉਨ੍ਹਾਂ ਲੋਕਾਂ ਨੂੰ ਕਦੇ ਆਪਣਾ ਦੁਸ਼ਮਣ ਨਹੀਂ ਮੰਨਿਆ ਜੋ ਸਿਆਸੀ ਤੌਰ ‘ਤੇ ਸਾਡੇ ਨਾਲ ਸਹਿਮਤ ਨਹੀਂ ਰਹੇ। ਉਹ ਸਿਰਫ਼ ਸਾਡੇ ਵਿਰੋਧੀਆਂ ਦੇ ਰੂਪ ‘ਚ ਰਹੇ ਹਨ। ਅਡਵਾਨੀ ਨੇ ਕਿਹਾ ਅਸੀਂ ਉਨ੍ਹਾਂ ਨੂੰ ਕਦੇ ਦੇਸ਼ ਵਿਰੋਧੀ ਨਹੀਂ ਕਿਹਾ ਜੋ ਸਾਡੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਸਨ। ਪਾਰਟੀ ਸਿਆਸੀ ਪੱਧਰ ‘ਤੇ ਹਰ ਨਾਗਰਿਕ ਦੀ ਪਸੰਦ ਦੀ ਆਜ਼ਾਦੀ ਲਈ ਵਚਨਬੱਧ ਰਹੀ ਹੈ। ਉਨ੍ਹਾਂ ਵੀਰਵਾਰ ਦੇਸ਼ ਨੂੰ ਇਹ ਸੰਦੇਸ਼ ਦਿੱਤਾ ਕਿ ਦੇਸ਼ ਪਹਿਲਾਂ, ਪਾਰਟੀ ਬਾਅਦ ‘ਚ, ਨਿੱਜੀ ਹਿੱਤ ਅਖੀਰ ‘ਚ।

ਅਡਵਾਨੀ ਦੀ ਥਾਂ ਇਸ ਵਾਰ ਗੁਜਰਾਤ ਦੇ ਗਾਂਧੀਨਗਰ ਤੋਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਚੋਣ ਮੌਦਾਨ ‘ਚ ਹਨ। ਬੀਜੇਪੀ ਪ੍ਰਧਾਨ ਨੇ ਨਾਮਜ਼ਦਗੀ ਭਰਨ ਤੋਂ ਬਾਅਦ ਕਿਹਾ ਸੀ ਕਿ ਮੈਂ ਅਡਵਾਨੀ ਜੀ ਦੀ ਵਿਰਾਸਤ ਨੂੰ ਪੂਰੀ ਸ਼ਿੱਦਤ ਨਾਲ ਸੰਭਾਲੂੰਗਾ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਟਿਕਟ ਨਾ ਦਿੱਤੇ ਜਾਣ ਦੇ ਮਸਲੇ ‘ਤੇ ਕਹਿ ਚੁੱਕੇ ਹਨ ਕਿ ਪਾਰਟੀ ਦੇ ਬਜ਼ੁਰਗ ਨੇਤਾਵਾਂ ਨੂੰ ਹੁਣ ਪਾਰਟੀ ਦੀ ਮਾਰਗ ਦਰਸ਼ਕ ਕਮੇਟੀ ਦਾ ਕੰਮਕਾਜ ਦੇਖਣਾ ਚਾਹੀਦਾ ਹੈ।