ਕੈਨੇਡਾ ਨੂੰ ਕਰਾਰੀ ਮਾਤ ਦੇ ਕੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਦੇ ਫਾਈਨਲ 'ਚ ਪੁੱਜਾ ਭਾਰਤ
ਕੈਨੇਡਾ ਨੂੰ ਕਰਾਰੀ ਮਾਤ ਦੇ ਕੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਦੇ ਫਾਈਨਲ ‘ਚ ਪੁੱਜਾ ਭਾਰਤ

ਇਪੋਹ: ਮਲੇਸ਼ੀਆ ਵਿੱਚ ਜਾਰੀ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਦੇ ਫਾਈਨਲ ਵਿੱਚ ਭਾਰਤ ਨੇ ਆਪਣੀ ਥਾਂ ਬਣਾ ਲਈ ਹੈ। ਭਾਰਤ ਨੇ ਕੈਨੇਡਾ ਨੂੰ 7-3 ਗੋਲਾਂ ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਦੇ ਅਖੀਰਲੇ ਪੜਾਅ ਵਿੱਚ ਦਾਖਲਾ ਲਿਆ।

ਬੁੱਧਵਾਰ ਨੂੰ ਹੋਏ ਮੈਚ ਵਿੱਚ ਭਾਰਤੀ ਟੀਮ ਦੇ ਮਨਦੀਪ ਸਿੰਘ ਨੇ ਤਿੰਨ ਗੋਲ ਕੀਤੇ। ਵਰੁਣ ਕੁਮਾਰ, ਅਮਿਤ ਰੋਹਿਤਦਾਸ, ਵਿਵੇਕ ਪ੍ਰਸਾਦ ਅਤੇ ਨੀਲਾਕਾਂਤ ਸ਼ਰਮਾ ਨੇ ਇੱਕ-ਇੱਕ ਗੋਲ ਦਾ ਯੋਗਦਾਨ ਪਾਇਆ। ਭਾਰਤੀ ਖਿਡਾਰੀਆਂ ਨੇ 60 ਮਿੰਟਾਂ ਵਿੱਚ ਮੈਦਾਨ ‘ਤੇ ਆਪਣਾ ਦਬਦਬਾ ਰੱਖਿਆ ਅਤੇ 12ਵੇਂ ਤੋਂ ਲੈਕੇ 58 ਮਿੰਟ ਵਿੱਚ ਗੋਲ ਦਾਗੇ।

ਕੈਨੇਡਾ ਦੀ ਟੀਮ ਭਾਰਤੀ ਖਿਡਾਰੀਆਂ ਸਾਹਮਣੇ ਪਸਤ ਨਜ਼ਰ ਆਈ। ਦੂਜੇ ਹਾਫ ਵਿੱਚ ਦੇ ਖੇਡ ਦੇ 35ਵੇਂ ਮਿੰਟ ਵਿੱਚ ਮਾਰਕ ਪੀਅਰਸਨ, ਫਿਨ ਬੋਥਰਾਇਡ ਨੇ 50ਵੇਂ ਅਤੇ ਜੇਮਜ਼ ਵੇਲੇਸ ਨੇ 57ਵੇਂ ਮਿੰਟ ਵਿੱਚ ਇੱਕ-ਇੱਕ ਗੋਲ ਕੀਤਾ।

ਭਾਰਤੀ ਟੀਮ ਦੀ ਅਗਵਾਈ ਮਨਪ੍ਰੀਤ ਸਿੰਘ ਕਰ ਰਹੇ ਹਨ। ਟੂਰਨਾਮੈਂਟ ਵਿੱਚ ਭਾਰਤ ਦੀ ਤੀਜੀ ਜਿੱਤ ਹੈ, ਜਦਕਿ ਕੋਈ ਹਾਰ ਸ਼ਾਮਲ ਨਹੀਂ ਹੈ। ਟੂਰਨਾਮੈਂਟ ਦੇ ਸਭ ਤੋਂ ਪਹਿਲੇ ਮੈਚ ਵਿੱਚ ਭਾਰਤ ਨੇ ਏਸ਼ੀਆਈ ਚੈਂਪੀਅਨ ਜਾਪਾਨ ਨੂੰ 2-0 ਗੋਲਾਂ ਨਾਲ ਹਰਾਇਆ, ਦੂਜਾ ਮੈਚ ਕੋਰੀਆ ਨਾਲ ਹੋਇਆ ਜੋ 1-1 ਦੀ ਬਰਾਬਰੀ ‘ਤੇ ਰਿਹਾ। ਮੰਗਲਵਾਰ ਨੂੰ ਮੇਜ਼ਬਾਨ ਮਲੇਸ਼ੀਆ ਨੂੰ ਭਾਰਤ ਨੇ 4-2 ਨਾਲ ਮਾਤ ਦਿੱਤੀ ਸੀ।