ਸਮਝੌਤਾ ਐਕਸਪ੍ਰੈਸ ਧਮਾਕੇ 'ਚ ਪਾਕਿ ਗਵਾਹ ਦੀ ਅਰਜ਼ੀ ਖਾਰਜ
ਸਮਝੌਤਾ ਐਕਸਪ੍ਰੈਸ ਧਮਾਕੇ ‘ਚ ਪਾਕਿ ਗਵਾਹ ਦੀ ਅਰਜ਼ੀ ਖਾਰਜ

ਕੌਮੀ ਜਾਂਚ ਏਜੰਸੀ (ਐਨਆਈਏ) ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਨੇ ਸਮਝੌਤਾ ਐਕਸਪ੍ਰੈਸ ਧਮਾਕਾ ਮਾਮਲੇ ਵਿੱਚ ਪਾਕਿਸਤਾਨੀ ਨਾਗਰਿਕ ਵੱਲੋਂ ਲਾਈ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਪਾਕਿਸਤਾਨੀ ਨਾਗਰਿਕ ਰਾਹਿਲਾ ਨੇ ਪਾਨੀਪਤ ਦੇ ਵਕੀਲ ਮੋਮਿਨ ਮਲਿਕ ਰਾਹੀਂ ਐਨਆਈਏ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਪਾਕਿ ਨਾਗਰਿਕਾਂ ਦੇ ਬਿਆਨ ਵੀ ਦਰਜ ਕੀਤੇ ਜਾਣ, ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।ਸਮਝੌਤਾ ਧਮਾਕੇ ਦੇ ਪੀੜਤ ਮੁਹੰਮਦ ਵਕੀਲ ਦੀ ਪੁੱਤਰੀ ਰਾਹਿਲਾ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਧਮਾਕੇ ਸਬੰਧੀ ਪਾਕਿਸਤਾਨੀ ਨਾਗਰਿਕਾਂ ਦੇ ਵੀ ਬਿਆਨ ਦਰਜ ਕੀਤੇ ਜਾਣ। ਉਸ ਨੇ ਤਰਕ ਦਿੱਤਾ ਸੀ ਕਿ ਜਦ ਪਿਛਲੀ ਵਾਰ ਅਦਾਲਤ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਗਵਾਹੀ ਲਈ ਤਲਬ ਕੀਤਾ ਸੀ, ਪਰ ਸਰਕਾਰ ਨੇ ਉਨ੍ਹਾਂ ਤਕ ਸੰਮਨ ਪਹੁੰਚਣ ਨਹੀਂ ਸੀ ਦਿੱਤੇ।ਪਿਛਲੀ 11 ਮਾਰਚ ਨੂੰ ਸਮਝੌਤਾ ਬਲਾਸਟ ਮਾਮਲੇ ਵਿੱਚ ਫੈਸਲਾ ਸੁਣਾਇਆ ਜਾਣਾ ਸੀ, ਪਰ ਉਦੋਂ ਰਾਹਿਲਾ ਵਕੀਲ ਦੀ ਅਰਜ਼ੀ ਮਿਲਣ ਕਰਕੇ ਫੈਸਲਾ ਨਹੀਂ ਸੁਣਾਇਆ ਜਾ ਸਕਿਆ। ਅੱਜ ਅਦਾਲਤ ਨੇ ਰਾਹਿਲਾ ਦੀ ਅਰਜ਼ੀ ਦਾ ਨਿਬੇੜਾ ਕਰ ਦਿੱਤਾ ਹੈ ਅਤੇ ਅੱਜ ਹੀ ਇਸ ਮਾਮਲੇ ਵਿੱਚ ਫੈਸਲਾ ਸੁਣਾਇਆ ਜਾ ਸਕਦਾ ਹੈ। ਸਾਲ 2007 ਵਿੱਚ ਵਾਪਰੀ ਇਸ ਦਹਿਸ਼ਤੀ ਹਮਲੇ ਵਿੱਚ 68 ਲੋਕਾਂ ਦੀ ਮੌਤ ਹੋਈ ਸੀ।