ਪੂਰੋ ਖੇਤ ਜਾਣ ਲੱਗੀ ਤਾਂ ਉਸ ਨੇ ਜੰਗੀਰ ਨੂੰ ਆਖਿਆ, “ਮੇਰੇ ਨਾਲ ਚਲੇਂਗਾ? ਲੱਡੂ ਦਿਆਂਗੀ ਖਾਣ ਨੂੰ।”

ਜੰਗੀਰ ਗਲੀ ਵਿਚ ਰੀਠੇ ਖੇਡ ਰਿਹਾ ਸੀ। ਰੀਠੇ ਹੂੰਝ ਕੇ ਖ਼ੀਸੇ ਵਿਚ ਪਾਏ ਤੇ ਪੂਰੋ ਨਾਲ ਤੁਰ ਪਿਆ।

ਪੂਰੋ ਜੱਟਾਂ ਦੀ ਜੁਆਨ ਕੁਡ਼ੀ ਸੀ ਜੋ ਗਿੱਧਾ ਪਾਉਣ ਤੇ ਪੀਂਘ ਝੂਟਣ ਵਿਚ ਸਭ ਤੋਂ ਅੱਗੇ ਸੀ। ਪਾਣੀ ਦੇ ਤਿੰਨ-ਤਿੰਨ ਘਡ਼ੇ ਸਿਰ ਤੇ ਚੁੱਕ ਕੇ ਖੂਹ ਤੋਂ ਆਉਂਦੀ। ਲੰਮੀ-ਝੰਮੀ ਪੂਰੋ ਨੂੰ ਮਜਾਲ ਹੈ ਕੋਈ ਖੰਘ ਵੀ ਜਾਂਦਾ। ਇਕ ਵਾਰ ਤੀਆਂ ਦੇ ਮੇਲੇ ਵਿਚੋਂ ਆਉਂਦੀ ਨੂੰ ਕਿਸੇ ਨੇ ਖੰਘੂਰਾ ਮਾਰਿਆ ਤਾਂ ਪੂਰੋ ਨੇ ਅੱਗੇ ਵਧ ਕੇ ਉਸ ਦੇ ਚੰਡ ਕੱਢ ਮਾਰੀ ਤਦ ਉਹ ਮਸਾਂ ਸਤਾਰਾਂ ਸਾਲ ਦੀ ਸੀ।

ਜੰਗੀਰ ਉਸ ਦੇ ਨਾਲ ਖੇਤ ਤੁਰ ਪਿਆ। ਪੂਰੋ ਦੇ ਸਿਰ ਉਤੇ ਰੋਟੀਆਂ ਦੀ ਥਹੀ ਤੇ ਲੱਸੀ ਦੀ ਬਲ੍ਹਣੀ ਸੀ। ਆਪਣੇ ਬਾਪੂ ਨੂੰ ਭੱਤਾ ਦੇਣ ਜਾਂਦਿਆਂ ਉਸ ਨੂੰ ਕਿਸੇ ਦੇ ਸਾਥ ਦੀ ਲੋਡ਼ ਸੀ। ਜੰਗੀਰ ਭਾਵੇਂ ਦਸ ਸਾਲ ਦਾ ਸੀ ਪਰ ਪੂਰੋ ਲਈ ਇਕ ਸਮਾਜਕ ਸਹਾਰਾ ਸੀ, ਉਸ ਦੀ ਰੱਖਿਆ ਲਈ ਇਕ ਛਾਂ।

ਜਦੋਂ ਉਹ ਦੋਵੇਂ ਚਰ੍ਹੀਆਂ ਵਿਚੋਂ ਲੰਘਣ ਲੱਗੇ ਤਾਂ ਅੱਗੇ ਪਾਣੀ ਦਾ ਭਰਿਆ ਵੱਡਾ ਖਾਲ ਵਗ ਰਿਹਾ ਸੀ। ਜੰਗੀਰਾ ਖਡ਼ਾ ਹੋ ਗਿਆ ਤੇ ਆਖਿਆ, “ਮੈਂ ਨਹੀਂ ਜਾਣਾ ਅੱਗੇ।”

ਪੂਰੋ ਨੇ ਆਪਣੀ ਸਲਵਾਰ ਉਡ਼ੰਗ ਕੇ ਗੋਡਿਆਂ ਤੋਂ ਉਪਰ ਤੀਕ ਚਡ਼੍ਹਾਈ ਤੇ ਆਖਿਆ, “ਚਡ਼੍ਹ ਮੇਰੇ ਕੰਧਾਡ਼ੇ। ਮੈਂ ਅਜਿਹੇ ਕਈ ਖਾਲ ਟੱਪੇ ਨੇ।”

ਜੰਗੀਰ ਉਸ ਦੇ ਕੰਧਾਡ਼ੇ ਚਡ਼੍ਹ ਗਿਆ। ਪੂਰੋ ਨੇ ਖੱਬਾ ਹੱਥ ਪਿੱਠ ਪਿੱਛੇ ਕਰਕੇ ਉਸ ਨੂੰ ਸਹਾਰਾ ਦਿੱਤਾ, ਸੱਜੇ ਹੱਥ ਨਾਲ ਰੋਟੀਆਂ ਦੀ ਥਹੀ ਤੇ ਲੱਸੀ ਦੀ ਬਲ੍ਹਣੀ ਸਾਂਭੀ ਤੇ ਵਗਦੇ ਖਾਲ ਵਿਚ ਉਤਰ ਗਈ। ਜਦੋਂ ਜੰਗੀਰ ਖਿਸਕ ਕੇ ਲਮਕਣ ਲੱਗਿਆ ਤਾਂ ਪੂਰੋ ਨੇ ਹੰਭਲਾ ਮਾਰ ਕੇ ਫਿਰ ਉਸ ਨੂੰ ਉਪਰ ਕਰ ਲਿਆ ਤੇ ਉਹ ਉਸ ਦੇ ਮੋਢਿਆਂ ਉਤੋਂ ਦੀ ਉਲਰ ਆਇਆ। ਜੰਗੀਰੋ ਨੂੰ ਪੂਰੋ ਦੀ ਭਿੱਜੀ ਗਰਦਨ ਤੇ ਗੁੰਦਵੇਂ ਸਰੀਰ ਦੀ ਬਾਸ ਆਈ ਜਿਵੇਂ ਚਰ੍ਹੀਆਂ ਵਿਚੋਂ ਆਉਂਦੀ ਹੈ।

ਖਾਲ ਟੱਪ ਕੇ ਉਸ ਨੇ ਜੰਗੀਰ ਨੂੰ ਉਤਾਰਿਆ ਤਾਂ ਉਹ ਉਸ ਦੀ ਪਿੱਠ ਉਪਰੋਂ ਘਿਸਰਦਾ ਹੋਇਆ ਹੇਠਾਂ ਆ ਲੱਥਾ। ਪੂਰੋ ਦੀ ਸਲਵਾਰ ਦੇ ਪਹੁੰਚੇ ਭਿੱਜ ਗਏ ਸਨ ਤੇ ਨੰਗੀਆਂ ਲੱਤਾਂ ਉਪਰੋਂ ਦੀ ਪਾਣੀ ਚੋ ਰਿਹਾ ਸੀ। ਉਸ ਨੇ ਸਲਵਾਰ ਖਿੱਚ ਕੇ ਠੀਕ ਕੀਤੀ ਤੇ ਜੰਗੀਰ ਵਲ ਦੇਖ ਕੇ ਬੋਲੀ, “ਬਡ਼ਾ ਭਾਰਾ ਏਂ ਤੂੰ।”

ਪੂਰੋ ਨੂੰ ਸਾਹ ਚਡ਼੍ਹਿਆ ਹੋਇਆ ਸੀ। ਇਹ ਸਾਹ ਇਸ ਤਰ੍ਹਾਂ ਨਹੀਂ ਸੀ ਜਿਵੇਂ ਉਹ ਦੌਡ਼ ਕੇ ਆਈ ਹੋਵੇ। ਇਹ ਗਰਮ-ਗਰਮ ਸ਼ਕਤੀਸ਼ਾਸੀ ਸਾਹ ਸੀ, ਜਿਉਂ ਰੇਤੇ ਦੀ ਲੂ ਹੁੰਦੀ ਹੈ ਜੋ ਵਾਵਰੋਲਾ ਬਣਨ ਲਈ ਕੰਬ ਰਹੀ ਹੋਵੇ। ਉਸ ਦੀਆਂ ਅੱਖਾਂ ਵਿਚ ਸੇਕ ਸੀ। ਉਹ ਪੱਬਾਂ ਭਾਰ ਬੈਠ ਗਈ ਤੇ ਜੰਗੀਰ ਨੂੰ ਫਡ਼ ਕੇ ਬੋਲੀ, “ਬਡ਼ਾ ਭਾਰਾ ਏਂ ਤੂੰ, ਲਿਆ ਤੇਰੀਆਂ ਗੱਲ੍ਹਾਂ ਪੱਟਾਂ।”

ਉਸ ਨੇ ਜੰਗੀਰ ਨੂੰ ਛਾਤੀ ਨਾਲ ਘੁੱਟ ਲਿਆ ਤੇ ਉਸ ਦੀਆਂ ਗੱਲ੍ਹਾਂ ਪੱਟਣ ਲੱਗੀ। ਉਹ ਰੋ ਪਿਆ।

ਉਹ ਬੋਲੀ, “ਤੂੰ ਏਸੇ ਲਾਇਕ ਏਂ ਤੇਰੀਆਂ ਗੱਲ੍ਹਾਂ ਪੱਟੀਆਂ ਜਾਣ।”

ਉਸ ਦੀਆਂ ਗੱਲ੍ਹਾਂ ਉਤੇ ਲਾਲ ਡੱਬ ਉਭਰ ਆਏ, ਪੂਰੋ ਫੂਕਾਂ ਮਾਰਨ ਲੱਗੀ।

ਜੰਗੀਰ ਚੁੱਪ ਹੋ ਗਿਆ ਤੇ ਉਹ ਦੋਵੇਂ ਫਿਰ ਤੁਰਨ ਲੱਗੇ।

ਇਕ ਦਮ ਚਰ੍ਹੀਆਂ ਵਿਚੋਂ ਕੋਈ ਛਾਲ ਮਾਰ ਕੇ ਨਿਕਲਿਆ ਤੇ ਉਸ ਨੇ ਪੂਰੋ ਨੂੰ ਬਾਹੋਂ ਫਡ਼ ਲਿਆ। ਇਹ ਤਰਖਾਣਾਂ ਦਾ ਮੁੰਡਾ ਕੈਲਾ ਸੀ, ਜੋ ਸ਼ਰਾਬ ਪੀ ਕੇ ਆਪਣੇ ਪਿਉ ਨਾਲ ਲਡ਼ਦਾ ਹੁੰਦਾ ਸੀ। ਜੰਗੀਰ ਡਰ ਗਿਆ।

ਪੂਰੋ ਬੋਲੀ, “ਤੂੰ ਡਰ ਨਾ। ਮੈਂ ਇਸ ਨੂੰ ਸਿੱਧਾ ਕਰਦੀ ਹਾਂ।”

ਦੋਹਾਂ ਵਿਚ ਝਡ਼ਪ ਜਿਹੀ ਹੋਈ ਤੇ ਕੈਲਾ ਪੂਰੋ ਨੂੰ ਧੂੰਹਦਾ ਹੋਇਆ ਚਰ੍ਹੀਆਂ ਵਿਚ ਲੈ ਵਡ਼ਿਆ। ਜੰਗੀਰ ਨੇ “ਛੱਡ ਦੇ! ਛੱਡ ਦੇ” ਸੁਣਿਆ ਤੇ ਫੇਰ ਪੂਰੋ ਦੀ ਆਵਾਜ਼ ਗੁਆਚ ਗਈ, ਚਰ੍ਹੀ ਦੇ ਟਾਂਡੇ ਟੁੱਟਣ ਦੀ ਤੇ ਪੱਤਿਆਂ ਦੇ ਮਿੱਧਣ ਦੀਆਂ ਆਵਾਜਾਂ ਆਈਆਂ। ਉਹ ਉਥੇ ਚੁੱਪ-ਚਾਪ ਸਹਿਮਿਆ ਖਡ਼ਾ ਰਿਹਾ।

ਕੁਝ ਦੇਰ ਪਿੱਛੋਂ ਪੂਰੋ ਬਾਹਰ ਆਈ ਤਾਂ ਉਸ ਦੀ ਚੁੰਨੀ ਰੁਲੀ ਹੋਈ ਸੀ। ਉਹ ਬੋਲੀ, “ਹਰਾਮੀ ਦੌਡ਼ ਗਿਆ।”

ਉਸ ਨੇ ਰੋਟੀਆਂ ਦੀ ਥਹੀ ਸਾਂਭੀ ਤੇ ਲੱਸੀ ਦੀ ਬਲ੍ਹਣੀ ਵੀ ਜਿਸ ਵਿਚੋਂ ਸਾਰੀ ਲੱਸੀ ਡੁੱਲ੍ਹ ਗਈ ਸੀ। ਜੰਗੀਰ ਨੂੰ ਉਸ ਨੇ ਘੁੱਟ ਕੇ ਫਡ਼ ਲਿਆ ਤੇ ਬੋਲੀ, “ਦੱਸੀਂ ਨਾ ਕਿਸੇ ਨੂੰ ਮੇਰੇ ਵੀਰ, ਮੈਂ ਤੈਨੂੰ ਲੱਡੂ ਦੇਵਾਂਗੀ।”

ਚੁੰਨੀ ਦੇ ਲਡ਼ ਨੂੰ ਖੋਲ੍ਹ ਕੇ ਉਸ ਨੇ ਦੋ ਪੀਲੇ ਲੱਡੂ ਦਿੱਤੇ। ਜੰਗੀਰ ਨੇ ਇਹ ਲੱਡੂ ਫਡ਼ ਲਏ ਤੇ ਹੌਲੀ ਹੌਲੀ ਖਾਣ ਲੱਗਾ। ਇਹ ਮਿੱਠੀ ਰਿਸ਼ਵਤ ਉਸ ਨੂੰ ਬਹੁਤ ਸੁਆਦ ਲੱਗੀ।

ਉਹ ਦੋਵੇਂ ਤੁਰਦੇ ਤੁਰਦੇ ਖੇਤ ਪਹੁੰਚੇ। ਪੂਰੋ ਦੇ ਬਾਪੂ ਨੇ ਹਲ ਛੱਡ ਦਿੱਤਾ ਤੇ ਰੋਟੀ ਖਾਣ ਨਿੱਕੇ ਪਿੱਪਲ ਹੇਠਾਂ ਆ ਬੈਠਾ।

ਪੂਰੋ ਨੇ ਕਿਹਾ, “ਖਾਲ ਟੱਪਣ ਲੱਗੀ ਤਾਂ ਬਲ੍ਹਣੀ ਡਿੱਗ ਪਈ। ਸਾਰੀ ਲੱਸੀ ਡੁੱਲ੍ਹ ਗਈ। ਹੁਣ ਗੰਢੇ ਨਾਲ ਹੀ ਰੋਟੀ ਖਾ ਲੈ ਬਾਪੂ।”

ਰੋਟੀ ਦੇ ਕੇ ਉਹ ਮੁਡ਼ੀ ਤਾਂ ਜੰਗੀਰ ਉਸ ਦੇ ਨਾਲ ਸੀ। ਪੂਰੋ ਦੇ ਸਿਰ ਦਾ ਭਾਰ ਹਲਕਾ ਸੀ ਤੇ ਪੈਰਾਂ ਵਿਚ ਫੁਰਤੀ, ਜਿਵੇਂ ਉਹ ਬਹੁਤ ਵੱਡਾ ਕੰਮ ਮੁਕਾ ਕੇ ਆਈ ਹੋਵੇ।

ਖਾਲ ਟੱਪਣ ਲੱਗਿਆਂ ਪੂਰੋ ਨੇ ਫਿਰ ਗੋਡਿਆਂ ਤੋਂ ਉਪਰ ਤਕ ਸਲਵਾਰ ਉਡ਼ੰਗੀ ਤੇ ਜੰਗੀਰ ਨੂੰ ਕੰਧਾਡ਼ੇ ਚੁੱਕਿਆ। ਦੋ ਪਲਾਂਘਾਂ ਵਿਚ ਖਾਲ ਪਾਰ ਕਰਕੇ ਉਸ ਨੂੰ ਉਤਾਰ ਦਿੱਤਾ। ਜੰਗੀਰ ਨੂੰ ਫਿਰ ਉਸ ਦੀ ਗਿੱਲੀ ਗਰਦਨ ਤੇ ਖੱਦਰ ਦੀ ਕੁਡ਼ਤੀ ਦੀ ਬਾਸ ਆਈ। ਅਜੀਬ ਖੱਟੀ-ਮਿੱਠੀ ਬਾਸ ਸੀ ਜਿਵੇਂ ਚਰ੍ਹੀ ਦੇ ਰਸ ਵਿਚ ਲੱਸੀ ਘੁਲੀ ਹੋਵੇ।

ਰਸਤੇ ਵਿਚ ਉਸ ਨੇ ਜੰਗੀਰ ਨੂੰ ਪਿਆਰ ਨਾਲ ਘੁੱਟ ਕੇ ਆਖਿਆ, “ਕਿਸੇ ਨੂੰ ਦੱਸੀਂ ਨਾ ਮੇਰਾ ਵੀਰ।”

ਜੰਗੀਰ ਨੇ ਇਹ ਗੱਲ ਕਿਸੇ ਨੂੰ ਨਾ ਦੱਸੀ। ਉਸ ਦੇ ਦਿਲ ਵਿਚ ਪੂਰੋ ਲਈ ਹਿਤ ਸੀ ਤੇ ਇਸ ਗੱਲ ਦਾ ਦਰਦ ਵੀ ਕਿ ਉਸ ਨੂੰ ਚਰ੍ਹੀਆਂ ਵਿਚ ਤਖਾਣਾਂ ਦੇ ਬਦਮਾਸ਼ ਕੈਲੇ ਨੇ ਘੇਰ ਕੇ ਧੂਹਿਆ ਸੀ।

ਸਾਲ ਪਿੱਛੋਂ ਪੂਰੋ ਵਿਆਹੀ ਗਈ। ਉਸ ਦੇ ਵਿਹਡ਼ੇ ਵਿਚ ਢੋਲਕੀ ਖਡ਼ਕਦੀ ਤੇ ਗਿੱਧਾ ਮਚਦਾ। ਉਠਾਂ ਉਤੇ ਚਡ਼੍ਹ ਕੇ ਧਾਮ ਕੋਟ ਤੋਂ ਜੰਞ ਆਈ। ਸਾਰਿਆਂ ਨੇ ਸ਼ਰਾਬ ਪੀ ਕੇ ਲੁੱਚੀਆਂ ਬੋਲੀਆਂ ਪਾਈਆਂ। ਤਡ਼ਕੇ ਆਨੰਦ ਪਡ਼੍ਹੇ ਗਏ ਤੋ ਪੂਰੋ ਸਹੁਰੇ ਜਾਣ ਲਈ ਤਿਆਰ ਹੋਈ।

ਜੰਗੀਰ ਵਿਹਡ਼ੇ ਵਿਚ ਖਡ਼ਾ ਸੀ। ਪੂਰੋ ਅੰਦਰਲੇ ਕੋਠੇ ਸਹੇਲੀਆਂ ਵਿਚ ਘਿਰੀ ਬੈਠੀ ਸੀ। ਜੰਗੀਰ ਅੰਦਰ ਗਿਆ। ਤਾਂ ਪੂਰੋ ਨੇ ਸੁਰਮੇ ਵਾਲੀਆਂ ਅੱਖਾਂ ਨਾਲ ਉਸ ਨੂੰ ਦੇਖਿਆ। ਉਸ ਨੇ ਰੇਸ਼ਮੀ ਸੂਟ ਪਾਇਆ ਹੋਇਆ ਸੀ ਤੇ ਸਿਲਮੇ ਸਿਤਾਰੇ ਵਾਲੇ ਸਲੀਪਰ। ਵਿਆਹ ਤੋਂ ਪਹਿਲਾਂ ਉਸ ਨੇ ਠੋਡੀ ਉਤੇ ਤਿੰਨ ਹਰੇ ਦਾਣੇ ਖੁਣਾ ਲਏ ਸਨ ਜੋ ਸੁਹਣੇ ਲਗਦੇ ਸਨ। ਉਸ ਦੇ ਸਿਰ ਉਤੇ ਭਾਰੀ ਗੋਟੇ ਵਾਲੀ ਚੁੰਨੀ ਸੀ। ਉਹ ਬੋਲੀ, “ਚੰਗਾ ਹੋਇਆ ਤੂੰ ਆ ਗਿਆ। ਬਸ ਤੈਨੂੰ ਮਿਲਣਾ ਰਹਿੰਦਾ ਸੀ। ਮੇਰੇ ਵਿਆਹ ਦੀ ਮਠਿਆਈ ਖਾਧੀ?”

ਉਸ ਨੇ ਖੂੰਜੇ ਵਿਚ ਪਏ ਟੋਕਰੇ ਵਿਚੋਂ ਦੋ ਚਾਬ ਦੇ ਲੱਡੂ ਕੱਢ ਕੇ ਉਸ ਨੂੰ ਫਡ਼ਾਏ।

“ਲੈ।”

ਉਸ ਦੀ “ਲੈ” ਵਿਚ ਅਣਕਹੇ ਇਹ ਸ਼ਬਦ ਵੀ ਗੂੰਜ ਰਹੇ ਸਨ, “ਦੱਸੀਂ ਨਾ ਕਿਸੇ ਨੂੰ।”

ਪੂਰੋ ਸਹੁਰੇ ਚਲੀ ਗਈ। ਕਈ ਸਾਲ ਗੁਜ਼ਰ ਗਏ।

ਜੰਗੀਰ ਪੰਜਵੀਂ ਪਾਸ ਕਰਕੇ ਵੱਡੇ ਸਕੂਲ ਵਿਚ ਦਾਖ਼ਿਲ ਹੋਇਆ। ਉਥੋਂ ਦਸਵੀਂ ਕੀਤੀ। ਫੇਰ ਲਾਹੌਰ ਜਾ ਕੇ ਕਾਲਜ ਵਿਚ ਪਡ਼੍ਹਨ ਲੱਗਾ। ਜਦੋਂ ਗਰਮੀਆਂ ਦੀਆਂ ਛੁੱਟੀਆਂ ਵਿਚ ਪਿੰਡ ਆਉਂਦਾ ਤਾਂ ਕਈ ਵਾਰ ਪੂਰੋ ਤੀਆਂ ਝੂਟਣ ਪੇਕੇ ਆਈ ਹੁੰਦੀ। ਹੁਣ ਜੰਗੀਰ ਨੂੰ ਲੱਡੁਆਂ ਵਾਲੀ ਗੱਲ ਹੋਰ ਵੀ ਅਜ਼ੀਜ਼ ਹੋ ਗਈ ਸੀ। ਉਸ ਨੇ ਕਦੇ ਕਿਸੇ ਕੋਲ ਇਸ ਦਾ ਜ਼ਿਕਰ ਨਹੀਂ ਸੀ ਕੀਤਾ। ਇਸ ਨੂੰ ਕਿਸੇ ਸੂਰਮੇ ਦੇ ਬਚਨ ਵਾਂਗ ਪਾਲ ਰਿਹਾ ਸੀ।

ਬੀ.ਏ. ਪਾਸ ਕਰਕੇ ਜੰਗੀਰ ਪਿੰਡ ਆਇਆ ਤਾਂ ਪਤਾ ਲੱਗਾ ਕਿ ਪੂਰੋ ਪੇਕੇ ਆਈ ਹੋਈ ਹੈ। ਉਹ ਹੁਣ ਉੱਨੀ ਸਾਲ ਦਾ ਸੀ ਤੇ ਪੂਰੋ ਛੱਬੀ ਸਾਲ ਦੀ। ਉਸ ਦੇ ਦੋ ਨਿਆਣੇ ਹੋ ਗਏ ਸਨ.. ਸੱਤ ਸਾਲ ਦਾ ਪੁੱਤ ਤੇ ਤਿੰਨ ਸਾਲ ਦੀ ਧੀ।

ਉਹ ਪੂਰੋ ਦੇ ਘਰ ਉਸ ਨੂੰ ਮਿਲਣ ਗਿਆ ਤਾਂ ਉਹ ਵਿਹਡ਼ੇ ਵਿਚ ਬੈਠੀ ਰੋਟੀਆਂ ਪਕਾ ਰਹੀ ਸੀ। ਉਸ ਦੀ ਧੀ ਸੁੱਤੀ ਪਈ ਸੀ ਤੇ ਉਸ ਦਾ ਪੁੱਤ ਉਸ ਦੇ ਸਾਹਮਣੇ ਬੈਠਾ ਮਖਣੀ ਨਾਲ ਟੁੱਕ ਖਾ ਰਿਹਾ ਸੀ। ਉਸ ਨੂੰ ਰੋਟੀ ਖਾਣ ਲਈ ਆਖਿਆ ਤੇ ਮਖਣੀ ਵਾਲੀ ਲੱਸੀ ਪੀਣ ਲਈ। ਜੰਗੀਰ ਨੇ ਆਖਿਆ ਕਿ ਉਹ ਕਾਲਜ ਜਾ ਕੇ ਚਾਹ ਪੀਣਾ ਗਿੱਝ ਗਿਆ ਸੀ, ਲੱਸੀ ਨਹੀਂ।

ਪੂਰੋ ਨਾਲ ਦੋ-ਚਾਰ ਗੱਲਾਂ ਕੀਤੀਆਂ ਤਾਂ ਪਤਾ ਲੱਗਾ ਕਿ ਉਹ ਆਪਣੇ ਬਾਪੂ ਲਈ ਭੱਤਾ ਲੈ ਕੇ ਹੁਣੇ ਖੇਤ ਜਾਵੇਗੀ। ਉਸ ਦਾ ਪੁੱਤ ਵੀ ਉਸ ਦੇ ਨਾਲ ਜਾਣ ਲਈ ਤਿਆਰ ਸੀ।

ਪੂਰੋ ਦਾ ਗੁੰਦਵਾਂ ਸਰੀਰ ਨੌਂ ਸਾਲਾਂ ਵਿਚ ਹੋਰ ਵੀ ਭਰ ਗਿਆ ਸੀ। ਪੀਲੀ ਕੁਡ਼ਤੀ ਹੇਠ ਉਸ ਦੀਆਂ ਛਾਤੀਆਂ ਹੋਰ ਭਰ ਉਠੀਆਂ ਸਨ। ਛਟੀਆਂ ਦੀ ਅੱਗ ਬਾਰ-ਬਾਰ ਭਡ਼ਕਦੀ ਤੇ ਉਸ ਦਾ ਚਿਹਰਾ ਦਮਕ ਉਠਦਾ। ਉਹ ਬਾਰ ਬਾਰ ਸਿਰ ਦੀ ਚੁੰਨੀ ਨਾਲ ਮੂੰਹ ਤੋਂ ਮੁਡ਼੍ਹਕਾ ਪੂੰਝਦੀ।

ਰੋਟੀਆਂ ਪਕਾ ਕੇ ਉਹ ਵਿਹਲੀ ਹੋਈ ਤਾਂ ਉਸ ਨੇ ਮੂੰਹ-ਹੱਥ ਧੋਤਾ। ਸਿਰ ਉਤੇ ਈਨੂੰ ਰੱਖ ਕੇ ਉਸ ਨੇ ਰੋਟੀਆਂ ਦੀ ਥਹੀ ਤੇ ਲੱਸੀ ਦੀ ਬਲ੍ਹਣੀ ਟਿਕਾਈ ਤੇ ਪੁੱਤ ਨੂੰ ਨਾਲ ਲੈ ਕੇ ਖੇਤ ਵਲ ਤੁਰ ਪਈ।

ਜੰਗੀਰ ਨੇ ਉਸ ਨੂੰ ਜਾਂਦੀ ਨੂੰ ਦੇਖਿਆ ਤਾਂ ਪਿੱਛੋਂ ਉਹੀ ਨੌਂ ਸਾਲ ਪਹਿਲੇ ਵਾਲੀ ਪੂਰੋ ਜਾਪੀ। ਉਹੀ ਚਾਲ, ਉਹੀ ਅੰਦਾਜ਼, ਉਹੀ ਭੱਤਾ ਤੇ ਲੱਸੀ। ਇਕ ਦਮ ਉਸ ਦੇ ਮਨ ਅੰਦਰ ਕੋਈ ਗੱਲ ਤਿਡ਼ਕੀ। ਉਹ ਉਨ੍ਹਾਂ ਦੇ ਘਰੋਂ ਨਿਕਲਿਆ ਜਾ ਕੇ ਲੱਡੂ ਖਰੀਦੇ ਤੇ ਖੇਤ ਵੱਲ ਤੁਰ ਪਿਆ। ਇਕ ਪਾਸਿਉਂ ਟਿੱਬੇ ਲੰਘ ਕੇ ਉਹ ਕਾਹਲੀ-ਕਾਹਲੀ ਖਾਲ ਟੱਪਿਆ ਤੇ ਪੂਰੋ ਤੋਂ ਪਹਿਲਾਂ ਹੀ ਪਹੁੰਚ ਕੇ ਚਰ੍ਹੀਆਂ ਵਿਚ ਲੁਕ ਗਿਆ।

ਉਹ ਕੰਨ ਲਾ ਕੇ ਪੂਰੋ ਦੀ ਬਿਡ਼ਕ ਲੈਣ ਲੱਗਾ। ਥੋਡ਼੍ਹੇ ਚਿਰ ਪਿੱਛੋਂ ਹੀ ਉਸ ਨੂੰ ਖਾਲ ਦੇ ਪਰਲੇ ਪਾਸੇ ਪੂਰੋ ਤੇ ਉਸ ਦੇ ਪੁੱਤ ਦੀਆਂ ਮੱਧਮ ਆਵਾਜ਼ਾਂ ਆਈਆਂ। ਫੇਰ ਖਾਲ ਵਿਚ ਪਾਣੀ ਦੀ ਛੱਲਪ-ਛੱਲਪ। ਉਸ ਨੇ ਚਰ੍ਹੀ ਦੇ ਟਾਂਡਿਆਂ ਵਿਚੋਂ ਹੀ ਦੇਖਿਆ ਕਿ ਪੂਰੋ ਪੁੱਤ ਨੂੰ ਖਾਲ ਟਪਾ ਕੇ ਉਸ ਨੂੰ ਕੰਧਾਡ਼ੇ ਤੋਂ ਉਤਾਰ ਰਹੀ ਸੀ। ਉਸ ਦੀ ਕਾਲੀ ਸਲਵਾਰ ਗੋਡਿਆਂ ਤੋਂ ਉਪਰ ਤਕ ਉਡ਼ੁੰਗੀ ਹੋਈ ਸੀ ਤੇ ਨੰਗੀਆਂ ਲੱਤਾਂ ਉਤੋਂ ਦੀ ਪਾਣੀ ਚੋ ਰਿਹਾ ਸੀ। ਉਹ ਸਲਵਾਰ ਦਾ ਭਿੱਜਿਆ ਪਹੁੰਚਾ ਪੱਟਾਂ ਉਤੋਂ ਹੇਠਾਂ ਖਿਸਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੱਟਾਂ ਤੇ ਸਲਵਾਰ ਦਾ ਸੰਗਰਾਮ ਦੇਖ ਕੇ ਜੰਗੀਰ ਨੂੰ ਅਜੀਬ ਝੁਣਝੁਣੀ ਹੋਈ। ਪੱਤਿਆਂ ਦੇ ਮਿੱਧੇ ਜਾਣ ਤੇ ਟਾਂਡਿਆਂ ਦੇ ਟੁੱਟਣ ਦੀਆਂ ਆਵਾਜ਼ਾਂ ਸੁਣੀਆਂ ਤੇ ਉਸ ਦਾ ਸਾਹ ਤੱਤਾ ਹੋ ਗਿਆ। ਉਹ ਚਰ੍ਹੀ ਨੂੰ ਲਿਤਾਡ਼ਦਾ ਤੇਜ਼ੀ ਨਾਲ ਬਾਹਰ ਨਿਕਲਿਆ ਤੇ ਛਾਲ ਮਾਰ ਕੇ ਪੂਰੋ ਅੱਗੇ ਆ ਖਲੋਤਾ। ਉਸ ਨੂੰ ਦੇਖ ਕੇ ਮਾਂ-ਪੁੱਤ ਠਠੰਬਰ ਗਏ।

ਉਸ ਨੇ ਪੂਰੋ ਨੂੰ ਬਾਹੋਂ ਫਡ਼ਿਆ ਤਾਂ ਉਹ ਸ਼ੇਰਨੀ ਵਾਂਗ ਝਪਟੀ। “ਤੈਨੂੰ ਸ਼ਰਮ ਨਹੀਂ ਆਉਂਦੀ? ਲੁੱਚਾ ਕਿਸੇ ਥਾਂ ਦਾ!”

“ਲੁੱਚਾ” ਸ਼ਬਦ ਨੇ ਜੰਗੀਰ ਨੂੰ ਸ਼ਕਤੀ ਦਿੱਤੀ। ਇਕ ਅਭਡ਼ਵਾਹਾ ਹੌਸਲਾ। ਉਸ ਨੇ ਆਪਣੀ ਪਕਡ਼ ਮਜ਼ਬੂਤ ਕਰਕੇ ਪੂਰੋ ਨੂੰ ਖਿੱਚਿਆ ਤੇ ਧੂੰਹਦਾ ਹੋਇਆ ਚਰ੍ਹੀ ਵਿਚ ਲੈ ਵਡ਼ਿਆ।

ਪੂਰੋ ਦਾ ਪੁੱਤ ਉਸੇ ਥਾਂ ਸਹਿਮਿਆ ਖਡ਼ਾ ਰਹਿ ਗਿਆ। ਉਸ ਨੂੰ ਆਪਣੀ ਮਾਂ ਦੇ ਸ਼ਬਦ “ਛੱਡ ਦੇ! ਸ਼ਰਮ ਨਹੀਂ ਆਉਂਦੀ?” ਪੱਤਿਆਂ ਦੀ ਅਨ੍ਹੀਂ ਸਰਸਰ ਵਿਚੋਂ ਸੁਣੇ। ਇਕ ਦੱਬੀ ਚੀਖ ਚਰ੍ਹੀਆਂ ਵਿਚੋਂ ਉੱਠੀ ਜੋ ਸਾਵੇ ਕੂਲੇ ਪੱਤਿਆਂ ਵਿਚ ਗੁਆਚ ਗਈ। ਫਿਰ ਟਾਂਡੇ ਟੁੱਟਣ ਤੇ ਪੱਤਿਆਂ ਦੇ ਮਧੋਲਣ ਦਾ ਸ਼ੋਰ। ਨਿੱਕੇ ਮੁੰਡੇ ਦਾ ਦਿਲ ਧਕ-ਧਕ ਕਰਨ ਲੱਗਾ।

ਕੁਝ ਚਿਰ ਪਿੱਛੋਂ ਪੂਰੋ ਬਾਹਰ ਨਿਕਲੀ ਤੇ ਉਸ ਦੇ ਮਗਰੇ-ਮਗਰ ਸਾਫ਼ਾ ਬੰਨ੍ਹਦਾ ਜੰਗੀਰ।

ਪੂਰੋ ਨੇ ਉਸ ਨੂੰ ਆਖਿਆ, “ਚਲਾ ਜਾ ਹੁਣ ਏਥੋਂ।”

ਜੰਗੀਰ ਅੱਗੇ ਵਧਿਆ ਤੇ ਉਸ ਨੇ ਸਾਫ਼ੇ ਦਾ ਲਡ਼ ਖੋਲ੍ਹ ਕੇ ਦੋ ਲੱਡੂ ਕੱਢੇ ਤੇ ਪੂਰੋ ਦੇ ਪੁੱਤ ਨੂੰ ਦੇ ਦਿੱਤੇ। ਮੁੰਡੇ ਨੇ ਲੱਡੂ ਫਡ਼ ਲਏ ਤੇ ਮਾਂ ਵੱਲ ਦੇਖਿਆ।

ਪੂਰੋ ਨੇ ਪੁੱਤ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਤੇ ਆਖਿਆ, “ਲੱਡੂ ਖਾ ਲੈ । ਦੱਸੀਂ ਨਾ ਕਿਸੇ ਨੂੰ ਮੇਰਾ ਪੁੱਤ।”

ਜੰਗੀਰ ਖਾਲ ਟੱਪ ਕੇ ਪਿੰਡ ਨੂੰ ਤੁਰ ਪਿਆ। ਉਸ ਨੇ ਭੱਤਾ ਤੇ ਲੱਸੀ ਦੀ ਬਲ੍ਹਣੀ ਸਿਰ ਤੇ ਚੁੱਕੀ ਹੋਈ ਸੀ।

ਉਸ ਦਾ ਪੁੱਤ ਲੱਡੂ ਖਾਂਦਾ ਉਸ ਦੇ ਨਾਲ ਤੁਰਿਆ ਜਾਂਦਾ ਸੀ।