ਮੁਜ਼ੱਫਰਨਗਰ ਦੰਗੇ : ਭਰਾਵਾਂ ਦੇ ਕਤਲ ਦੇ ਚਸ਼ਮਦੀਦ ਦੀ ਗੋਲੀ ਮਾਰ ਕੇ ਹੱਤਿਆ
ਮੁਜ਼ੱਫਰਨਗਰ ਦੰਗੇ : ਭਰਾਵਾਂ ਦੇ ਕਤਲ ਦੇ ਚਸ਼ਮਦੀਦ ਦੀ ਗੋਲੀ ਮਾਰ ਕੇ ਹੱਤਿਆ

ਮੁਜ਼ੱਫਰਨਗਰ — ਮੁਜ਼ੱਫਰਨਗਰ ਦੰਗਿਆਂ ਵਿਚ ਆਪਣੇ ਦੋ ਭਰਾਵਾਂ ਦੀ ਹੱਤਿਆ ਦੇ ਚਸ਼ਮਦੀਦ ਰਹੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਅਗਸਤ ਅਤੇ ਸਤੰਬਰ 2013 ‘ਚ ਹੋਏ ਫਿਰਕੂ ਦੰਗਿਆਂ ‘ਚ 60 ਲੋਕਾਂ ਦੀ ਜਾਨ ਗਈ ਸੀ ਅਤੇ 50,000 ਲੋਕ ਬੇਘਰ ਹੋ ਗਏ ਸਨ। ਇਲਾਕੇ ਦੇ ਅਫਸਰ ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੰਗਿਆਂ ਦੇ ਚਸ਼ਮਦੀਦ ਅਸ਼ਫਾਕ ਦੀ ਸੋਮਵਾਰ ਨੂੰ ਖਤੌਲੀ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਸ਼ਫਾਕ ਦੇ ਭਰਾਵਾਂ ਦੀ ਹੱਤਿਆ ਕਰ ਦਿੱਤੇ ਜਾਣ ‘ਤੇ 8 ਲੋਕਾਂ ‘ਤੇ ਮੁਕੱਦਮਾ ਚੱਲ ਰਿਹਾ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 25 ਮਾਰਚ ਨੂੰ ਹੋਣੀ ਹੈ।
ਆਸ਼ੀਸ਼ ਨੇ ਦੱਸਿਆ ਕਿ ਪੁਲਸ ਗੋਲੀ ਚਲਾਉਣ ਵਾਲੇ ਦਾ ਪਤਾ ਲਾਉਣ ਲਈ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਅਸ਼ਫਾਕ ਦੀ ਹੱਤਿਆ ਉਦੋਂ ਕੀਤੀ ਗਈ, ਜਦੋਂ ਉਹ ਦੁੱਧ ਵੇਚਣ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਉਹ ਦੰਗਿਆਂ ਦੌਰਾਨ ਮਾਰੇ ਗਏ ਆਪਣੇ ਦੋ ਭਰਾਵਾਂ- ਨਵਾਬ ਅਤੇ ਸ਼ਾਹਿਦ ਦੀ ਹੱਤਿਆ ਦਾ ਗਵਾਹ ਸੀ ਅਤੇ ਇਸ ਤੋਂ ਪਹਿਲਾਂ ਉਸ ਨੂੰ ਸ਼ਿਕਾਇਤ ਵਾਪਸ ਨਾ ਲੈਣ ‘ਤੇ ਖਤਰਨਾਕ ਨਤੀਜੇ ਭੁਗਤਨ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਸਨ। ਇਹ ਵੀ ਪਤਾ ਲੱਗਾ ਹੈ ਕਿ ਅਸ਼ਫਾਕ ਨੇ ਧਮਕੀਆਂ ਮਿਲਣ ਤੋਂ ਬਾਅਦ ਪੁਲਸ ਸੁਰੱਖਿਆ ਦੀ ਵੀ ਮੰਗ ਕੀਤੀ ਸੀ।