ਲੋਕ ਸਭਾ ਚੋਣਾਂ ਦੀ ਤਾਰੀਖ਼ਾਂ 'ਤੇ ਵਿਵਾਦ, ਧਾਰਮਿਕ ਤੇ ਸਿਆਸੀ ਆਗੂਆਂ ਨੂੰ ਇਤਰਾਜ਼
ਲੋਕ ਸਭਾ ਚੋਣਾਂ ਦੀ ਤਾਰੀਖ਼ਾਂ ‘ਤੇ ਵਿਵਾਦ, ਧਾਰਮਿਕ ਤੇ ਸਿਆਸੀ ਆਗੂਆਂ ਨੂੰ ਇਤਰਾਜ਼

ਨਵੀਂ ਦਿੱਲੀ: 2019 ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। 11 ਅਪਰੈਲ ਤੋਂ 19 ਮਈ ਤਕ ਸੱਤ ਪੜਾਵਾਂ ਵਿੱਚ ਦੇਸ਼ ਭਰ ਵਿੱਚ ਵੋਟਿੰਗ ਹੋਣੀ ਹੈ। ਹਾਲਾਂਕਿ, ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਸੀ ਕਿ ਉਨ੍ਹਾਂ ਤਿਉਹਾਰਾਂ ਤੇ ਇਮਤਿਹਾਨਾਂ ਆਦਿ ਦਾ ਧਿਆਨ ਰੱਖ ਕੇ ਹੀ ਵੋਟਿੰਗ ਦੀ ਸਮਾਂ ਸਾਰਣੀ ਤੈਅ ਕੀਤੀ ਹੈ, ਪਰ ਇਸ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ।

ਮੁਸਲਿਮ ਧਾਰਮਿਕ ਆਗੂਆਂ ਤੇ ਸਿਆਸੀ ਲੀਡਰਾਂ ਨੇ ਰਮਜ਼ਾਨ ਦੇ ਦਿਨਾਂ ਵਿੱਚ ਮੱਤਦਾਨ ‘ਤੇ ਇਤਰਾਜ਼ ਜਤਾਇਆ ਹੈ। ਲਖਨਊ ਵਿੱਚ ਮੁਸਲਿਮ ਧਾਰਮਿਕ ਆਗੂ ਖਾਲਿਦ ਰਸ਼ੀਦ ਫਿਰੰਗੀ ਮਹਲੀ, ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਸਰਕਾਰ ਦੇ ਮੰਤਰੀ ਫਿਰਹਾਦ ਕਰੀਮ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਨੇ ਰਮਜ਼ਾਨ ਦੇ ਦਿਨਾਂ ਵਿੱਚ ਵੋਟਿੰਗ ਦੇ ਤਿੰਨ ਦਿਨਾਂ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਲੀਲ ਦਿੱਤੀ ਹੈ ਕਿ ਇਨ੍ਹਾਂ ਦਿਨਾਂ ਵਿੱਚ ਵੋਟਿੰਗ ਕਾਰਨ ਕਰੋੜਾਂ ਰੋਜ਼ੇਦਾਰਾਂ ਨੂੰ ਪ੍ਰੇਸ਼ਾਨੀ ਹੋਵੇਗੀ।