ਕਸ਼ਮੀਰ 'ਚ ਸ਼ਹੀਦ ਹੋਏ ਪੰਜ ਜਵਾਨ, ਵਿਰੋਧੀਆਂ ਨੇ ਮੋਦੀ ਸਰਕਾਰ 'ਤੇ ਬੋਲਿਆ ਜ਼ੋਰਦਾਰ ਹੱਲਾ
ਕਸ਼ਮੀਰ ‘ਚ ਸ਼ਹੀਦ ਹੋਏ ਪੰਜ ਜਵਾਨ, ਵਿਰੋਧੀਆਂ ਨੇ ਮੋਦੀ ਸਰਕਾਰ ‘ਤੇ ਬੋਲਿਆ ਜ਼ੋਰਦਾਰ ਹੱਲਾ

ਸ੍ਰੀਨਗਰ: ਜੰਮੂ-ਕਸ਼ਮੀਰ ‘ਚ ਸ਼ੁੱਕਰਵਾਰ ਸਵੇਰ ਤੋਂ ਅੱਤਵਾਦੀਆਂ ਨਾਲ ਚੱਲ ਰਹੇ ਮੁਕਾਬਲੇ ਦੌਰਾਨ ਹੁਣ ਤਕ ਸੁਰੱਖਿਆ ਬਲਾਂ ਦੇ ਪੰਜ ਜਵਾਨ ਸ਼ਹੀਦ ਹੋ ਚੁੱਕੇ ਹਨ। ਇਸ ‘ਤੇ ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ।

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਪੰਜ ਸ਼ਹੀਦਾਂ ਦਾ ਇਹ ਬਲਿਦਾਨ, ਨਤਮਸਤਕ ਹੈ ਹਿੰਦੁਸਤਾਨ। ਨਾਲ ਹੀ ਉਨ੍ਹਾਂ ਕਿਹਾ ਕਿ ਮੋਦੀ ਜੀ, ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਹ ਸਿਲਸਿਲਾ ਕਦੋਂ ਤਕ? ਅੱਤਵਾਦ ਖ਼ਿਲਾਫ਼ ਤੁਹਾਡੀ ਫੈਸਾਕੁੰਨ ਕਾਰਵਾਈ ਕਦੋਂ ਤਕ ਹੋਵੇਗੀ।

ਇਸ ਤੋਂ ਇਲਾਵਾ ਰਾਸ਼ਟਰੀ ਜਨਤਾ ਦਲ ਦੇ ਟਵਿੱਟ ਹੈਂਡਲ ‘ਤੇ ਵੀ ਪੰਜ ਜਵਾਨਾਂ ਦੀ ਸ਼ਹਾਦਤ ਦੀ ਗੱਲ ਦੇ ਨਾਲ ਪੀਐਮ ਮੋਦੀ ‘ਤੇ ਸਵਾਲ ਚੁੱਕੇ ਗਏ ਹਨ। ਆਰਜੇਡੀ ਨੇ ਲਿਖਿਆ ਹੈ ਕਿ ਕੱਲ੍ਹ ਫਿਰ ਸੀਆਰਪੀਐਫ ਅਧਿਕਾਰੀ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ, ਪਰ ਤੁਸੀਂ ਹੌਸਲਾ ਰੱਖੋ ਕਿਉਂਕਿ ਇਹ ਮੋਦੀ ਦਾ ਪਾਇਲਟ ਪ੍ਰਾਜੈਕਟ ਹੈ, ਪਹਿਲਾਂ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਵੋਟਾਂ ਲਈ ਵੇਚ ਲਵੇ, ਫਿਰ ਬਦਲਾ ਲਵੇਗਾ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਬਾਬਾਗੁੰਡ ਇਲਾਕੇ ਵਿੱਚ ਸ਼ੁੱਕਰਵਾਰ ਸਵੇਰ ਤੋਂ ਹੀ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਜਾਰੀ ਹੈ। ਇਸ ਮੁਕਾਬਲੇ ਵਿੱਚ ਇੱਕ ਫ਼ੌਜ, ਦੋ ਸੀਆਰਪੀਐਫ ਅਤੇ ਦੋ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨ ਸ਼ਹੀਦ ਹੋਏ ਹਨ। ਇਸ ਦੌਰਾਨ ਇੱਕ ਨਾਗਰਿਕ ਦੀ ਮੌਤ ਵੀ ਹੋ ਗਈ। ਮੁਠਭੇੜ ਵਿੱਚ ਫ਼ੌਜ ਦੇ ਸੱਤ ਤੇ ਸੀਆਰਪੀਐਫ ਦੇ ਦੋ ਜਵਾਨ ਵੀ ਜ਼ਖ਼ਮੀ ਹੋਏ ਹਨ।