ਸਾਡੀ ਲੜਾਈ ਕਸ਼ਮੀਰ ਲਈ ਹੈ, ਕਸ਼ਮੀਰੀਆਂ ਵਿਰੁੱਧ ਨਹੀਂ : ਪੀ. ਐੱਮ. ਮੋਦੀ
ਸਾਡੀ ਲੜਾਈ ਕਸ਼ਮੀਰ ਲਈ ਹੈ, ਕਸ਼ਮੀਰੀਆਂ ਵਿਰੁੱਧ ਨਹੀਂ : ਪੀ. ਐੱਮ. ਮੋਦੀ

ਟੋਂਕ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਜਸਥਾਨ ਦੇ ਟੋਂਕ ‘ਚ ਰੈਲੀ ਕੀਤੀ, ਇਸ ਦੌਰਾਨ ਉਨ੍ਹਾਂ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਚੁੱਪੀ ਤੋੜੀ। ਉਨ੍ਹਾਂ ਨੇ ਕਿਹਾ ਕਿ ਸਾੜੀ ਲੜਾਈ ਅੱਤਵਾਦ ਵਿਰੁੱਧ ਹੈ ਅਤੇ ਮਨੁੱਖਤਾ ਦੇ ਦੁਸ਼ਮਣ ਨਾਲ ਹੈ। ਸਾਡੀ ਲੜਾਈ ਕਸ਼ਮੀਰ ਲਈ ਹੈ, ਕਸ਼ਮੀਰੀਆਂ ਵਿਰੁੱਧ ਨਹੀਂ। ਪਿਛਲੇ ਦਿਨੀਂ ਕਿੱਥੇ ਕੀ ਹੋਇਆ, ਘਟਨਾ ਛੋਟੀ ਸੀ, ਜਾਂ ਵੱਡੀ ਸੀ। ਕਸ਼ਮੀਰੀ ਬੱਚਿਆਂ ਨਾਲ ਹਿੰਦੋਸਤਾਨ ਦੇ ਕਿਸੇ ਕੋਨੇ ਵਿਚ ਕੀ ਹੋਇਆ, ਕੀ ਨਹੀਂ ਹੋਇਆ, ਮੁੱਦਾ ਇਹ ਨਹੀਂ ਹੈ। ਇਸ ਦੇਸ਼ ਵਿਚ ਅਜਿਹਾ ਹੋਣਾ ਨਹੀਂ ਚਾਹੀਦਾ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਦਿਨੀਂ ਦੇਸ਼ ਵਿਚ ਕਸ਼ਮੀਰੀ ਵਿਦਿਆਰਥੀਆਂ ਨਾਲ ਜੋ ਹੋਇਆ, ਉਹ ਨਹੀਂ ਹੋਣਾ ਚਾਹੀਦਾ। ਕਸ਼ਮੀਰੀ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੈ। ਪੀ. ਐੱਮ. ਨੇ ਕਿਹਾ ਕਿ ਜੇਕਰ ਦੇਸ਼ ਵਿਚ ਕਸ਼ਮੀਰੀਆਂ ਵਿਰੁੱਧ ਕੋਈ ਘਟਨਾ ਹੁੰਦੀ ਹੈ ਤਾਂ ਇਹ ਗਲਤ ਹੈ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪੁਲਵਾਮਾ ਵਿਚ ਸ਼ਹੀਦ ਹੋਏ 40 ਸੀ. ਆਰ. ਪੀ. ਐੱਫ. ਕਰਮੀਆਂ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਕਸ਼ਮੀਰੀ ਵਿਦਿਆਰਥੀਆਂ ਵਿਰੁੱਧ ਵੀ ਲੋਕਾਂ ਦਾ ਗੁੱਸਾ ਭੜਕਿਆ ਹੋਇਆ ਹੈ। ਇਸ ਗੁੱਸੇ ਕਾਰਨ ਦੇਸ਼ ਵਿਚ ਕਈ ਥਾਂਵਾਂ ਤੋਂ ਸਕੂਲ-ਕਾਲਜ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਕੱਢਿਆ ਗਿਆ। ਮੋਦੀ ਨੇ ਇਸ ਦੌਰਾਨ ਪਾਕਿਸਤਾਨ ‘ਤੇ ਵੀ ਵਰ੍ਹੇ ਅਤੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਗੁਆਂਢੀ ਦੇਸ਼ ਵਿਚ ਹੜਕੰਪ ਮਚਿਆ ਹੋਇਆ ਹੈ। ਸਾਡੇ ਸੁਰੱਖਿਆ ਬਲਾਂ ਨੇ ਹਮਲੇ ਦੇ 100 ਘੰਟਿਆਂ ਦੇ ਅੰਦਰ ਉਸ ਦੇ ਜ਼ਿੰਮੇਦਾਰ ਇਕ ਵੱਡੇ ਗੁਨਾਹਗਾਰ ਨੂੰ ਉੱਥੇ ਪਹੁੰਚਾ ਦਿੱਤਾ, ਜਿੱਥੇ ਉਸ ਦੀ ਜਗ੍ਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਵਿਚ ਸ਼ਾਂਤੀ ਕਾਇਮ ਕਰਨ ਲਈ ਅੱਤਵਾਦ ਨੂੰ ਮਿਟਾਉਣਾ ਜ਼ਰੂਰੀ ਹੈ। ਸ਼ਾਂਤੀ ਉਦੋਂ ਤਕ ਸੰਭਵ ਨਹੀਂ, ਜਦੋਂ ਤਕ ਅੱਤਵਾਦ ਦੀ ਫੈਕਟਰੀ ਇਵੇਂ ਹੀ ਚੱਲਦੀ ਰਹੇਗੀ।
ਇਸ ਦੇ ਨਾਲ ਹੀ ਪੀ. ਐੱਮ. ਮੋਦੀ ਨੇ ਕਿਹਾ ਕਿ ਪਾਕਿਸਤਾਨ ਵਿਚ ਨਵੀਂ ਸਰਕਾਰ ਬਣੀ। ਮੈਂ ਉਨ੍ਹਾਂ ਦੇ ਨਵੇਂ ਪੀ. ਐੱਮ. ਨੂੰ ਫੋਨ ਕਰ ਕੇ ਵਧਾਈ ਦਿੱਤੀ ਸੀ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਬਹੁਤ ਲੜ ਲਿਆ, ਇਸ ਲੜਾਈ ਤੋਂ ਪਾਕਿਸਤਾਨ ਨੂੰ ਕੁਝ ਨਹੀਂ ਮਿਲਿਆ। ਤੁਸੀਂ ਖੇਡ ਦੀ ਦੁਨੀਆ ਤੋਂ ਰਾਜਨੀਤੀ ਵਿਚ ਆਏ। ਆਓ ਦੋਵੇਂ ਦੇਸ਼ ਮਿਲ ਕੇ ਗਰੀਬੀ ਅਤੇ ਅਨਪੜ੍ਹਤਾ ਵਿਰੁੱਧ ਲੜੀਏ। ਮੋਦੀ ਨੇ ਦੱਸਿਆ ਕਿ ਉਸ ਸਮੇਂ ਪਾਕਿਸਤਾਨ ਦੇ ਨਵੇਂ ਪੀ. ਐੱਮ. ਨੇ ਕਿਹਾ ਸੀ ਕਿ ਮੋਦੀ ਜੀ ਮੈਂ ਪਠਾਨ ਦਾ ਬੇਟਾਂ ਹਾਂ, ਸੱਚ ਬੋਲਦਾ ਹਾਂ। ਅੱਜ ਪਾਕਿਸਤਾਨ ਦੇ ਪੀ. ਐੱਮ. ਨੂੰ ਇਨ੍ਹਾਂ ਸ਼ਬਦਾਂ ਦੀ ਕਸੌਟੀ ‘ਤੇ ਖਰਾ ਉਤਰਨ ਦੀ ਲੋੜ ਹੈ।