ਪਾਕਿ ਨੂੰ 20 ਬਿਲੀਅਨ ਡਾਲਰ ਦੇਣ ਮਗਰੋਂ ਸਾਊਦੀ ਵੱਲੋਂ ਭਾਰਤ 'ਚ 71,04,50,00,00,000 ਰੁਪਏ ਨਿਵੇਸ਼ ਦਾ ਐਲਾਨ
ਪਾਕਿ ਨੂੰ 20 ਬਿਲੀਅਨ ਡਾਲਰ ਦੇਣ ਮਗਰੋਂ ਸਾਊਦੀ ਵੱਲੋਂ ਭਾਰਤ ‘ਚ 71,04,50,00,00,000 ਰੁਪਏ ਨਿਵੇਸ਼ ਦਾ ਐਲਾਨ

ਨਵੀਂ ਦਿੱਲੀ: ਪਾਕਿਸਤਾਨ ਵਿੱਚ 20 ਬਿਲੀਅਨ ਡਾਲਰ ਦੇ ਨਿਵੇਸ਼ ਦੇ ਐਲਾਨ ਮਗਰੋਂ ਸਾਊਦੀ ਅਰਬ ਨੇ ਭਾਰਤ ਨੂੰ ਪੰਜ ਗੁਣਾ ਵੱਧ ਨਿਵੇਸ਼ ਦਾ ਐਲਾਨ ਕੀਤਾ ਹੈ। ਵੱਡਾ ਨਿਵੇਸ਼ ਪਾ ਕੇ ਭਾਰਤ ਵੀ ਬਾਗ਼ੋਬਾਗ਼ ਹੈ।

ਬੁੱਧਵਾਰ ਨੂੰ ਆਪਣੇ ਦੋ ਦਿਨਾਂ ਭਾਰਤ ਦੌਰੇ ‘ਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸੁਲਤਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਕਾਤ ਕੀਤੀ। ਦੋਵਾਂ ਲੀਡਰਾਂ ਨੇ ਸਾਂਝੀ ਪ੍ਰੈਸ ਵਾਰਤਾ ਵੀ ਕੀਤੀ, ਜਿਸ ਮਗਰੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਸਾਊਦੀ ਅਰਬ ਨੇ ਭਾਰਤ ਵਿੱਚ 100 ਬਿਲੀਅਨ ਡਾਲਰ ਯਾਨੀ ਤਕਰੀਬਨ 71,04,50,00,00,000 ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।

ਮੰਤਰਾਲੇ ਨੇ ਸਾਊਦੀ ਦੇ ਇਸ ਕਦਮ ਨੂੰ ਦੋਵਾਂ ਦੇਸ਼ਾਂ ਦਰਮਿਆਨ ਵਧਦੀ ਭਰੋਸੇਯੋਗਤਾ ਨੂੰ ਹੋਰ ਵੀ ਗੂੜ੍ਹਾ ਕਰਨ ਵਾਲਾ ਦੱਸਿਆ। ਸਾਊਦੀ ਵੱਲੋਂ ਐਲਾਨਿਆ ਇਹ ਧਨ ਊਰਜਾ ਤੇ ਬੁਨਿਆਦੀ ਢਾਂਚਾ ਵਿਕਸਤ ਕਰਨ ਹਿੱਤੂ ਵਰਤਿਆ ਜਾਵੇਗਾ। ਇਸ ਮੌਕੇ ਦੋਵਾਂ ਦੇਸ਼ਾਂ ਦੇ ਸਿਖਰਲੇ ਆਗੂਆਂ ਨੇ ਪੁਲਵਾਮਾ ਹਮਲੇ ਦੀ ਸਖ਼ਤ ਨਿੰਦਾ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਊਦੀ ਅਰਬ ਦੇ ਪ੍ਰਿੰਸ ਪਾਕਿਸਤਾਨ ਦਾ ਦੌਰੇ ਵੀ ਕਰ ਚੁੱਕੇ ਹਨ ਤੇ ਭਾਰਤ ਆਉਣ ‘ਤੇ ਮੋਦੀ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।