ਉਂਝ ਹਰ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹੀ ਗੱਲ ਖਾਣ-ਪੀਣ ਦੀਆਂ ਚੀਜ਼ਾਂ ‘ਤੇ ਵੀ ਲਾਗੂ ਹੁੰਦੀ ਹੈ? ਫ਼ਲ, ਦੁੱਧ, ਕੌਫ਼ੀ, ਗ੍ਰੀਨ-ਟੀ ਸਿਹਤ ਲਈ ਸਿਹਤਮੰਦ ਹੁੰਦੇ ਹਨ, ਪਰ ਜੇਕਰ ਇਨ੍ਹਾਂ ਚੀਜ਼ਾਂ ਦਾ ਸੇਵਨ ਸਹੀ ਸਮੇਂ ‘ਤੇ ਨਾ ਹੋਵੇ ਤਾਂ ਇਹ ਫ਼ਾਇਦੇ ਦੀ ਜਗ੍ਹਾ ਸ਼ਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸੇ ਕਰ ਕੇ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਸਮੇਂ ‘ਤੇ ਕਰਨਾ ਚਾਹੀਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਫ਼ਲਾਂ ਸਮੇਤ ਖਾਣ-ਪੀਣ ਦੀਆਂ ਕੁੱਝ ਚੀਜ਼ਾਂ ਦੇ ਸਹੀ ਸਮੇਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਸਿਹਤ ਵਧੀਆ ਰਹੇਗੀ।
ਸੇਬ – ਰਾਤ ਨੂੰ ਸੇਬ ਖਾਣ ਨਾਲ ਸ਼ਰੀਰ ‘ਚ ਐਸਿਡ ਬਣਦਾ ਹੈ ਜਿਸ ਨਾਲ ਖਾਣਾ ਪਚਾਉਣ ‘ਚ ਮੁਸ਼ਕਿਲ ਹੁੰਦੀ ਹੈ। ਇਸ ਲਈ ਰਾਤ ਦੇ ਸਮੇਂ ਕਦੇ ਵੀ ਸੇਬ ਨਹੀਂ ਖਾਣਾ ਚਾਹੀਦਾ। ਸੇਬ ਅਤੇ ਹੋਰ ਫ਼ਲਾਂ ਦਾ ਸੇਵਨ ਸਵੇਰ ਦੇ ਸਮੇਂ ਕਰਨਾ ਚਾਹੀਦਾ ਹੈ। ਰੀਸਰਚ ਮੁਤਾਬਿਕ ਸਵੇਰ ਵੇਲੇ ਇੱਕ ਸੇਬ ਦੇ ਸੇਵਨ ਨਾਲ ਕੈਂਸਰ ਵਰਗੇ ਰੋਗਾਂ ਨੂੰ ਵੀ ਰੋਕਿਆ ਜਾ ਸਕਦਾ ਹੈ।
ਕੇਲਾ – ਕੇਲਾ ਖਾਣਾ ਸਿਹਤ ਲਈ ਵਧੀਆ ਹੁੰਦਾ ਹੈ। ਕੇਲਾ ਖਾਣ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ, ਪਰ ਜੇਕਰ ਕੇਲੇ ਨੂੰ ਖ਼ਾਲੀ ਪੇਟ ਖਾਇਆ ਜਾਵੇ ਤਾਂ ਇਹ ਕੈਲਸ਼ੀਅਮ, ਮੈਗਨੀਜ਼ੀਅਮ ਦਾ ਸੰਤੁਲਨ ਵਿਗਾੜ ਦਿੰਦਾ ਹੈ ਜਿਸ ਨਾਲ ਪੇਟ ‘ਚ ਸੜਨ ਪੈਦਾ ਹੋ ਸਕਦੀ ਹੈ।
ਗ੍ਰੀਨ-ਟੀ – ਭਾਰ ਘੱਟ ਕਰਨ ਲਈ ਲੋਕ ਗ੍ਰੀਨ-ਟੀ ਦਾ ਸੇਵਨ ਕਰਦੇ ਹਨ। ਗ੍ਰੀਨ-ਟੀ ਨੂੰ ਇਸਤੇਮਾਲ ਕਰਨ ਦਾ ਸਭ ਤੋਂ ਵਧੀਆ ਸਮਾਂ ਖਾਣਾ ਖਾਣ ਤੋਂ ਫ਼ੌਰਨ ਬਾਅਦ ਹੁੰਦਾ ਹੈ। ਭੁੱਖੇ ਪੇਟ ਗ੍ਰੀਨ-ਟੀ ਪੀਣ ਨਾਲ ਸ਼ਰੀਰ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।
ਕੌਫ਼ੀ – ਰਾਤ ਦੇ ਸਮੇਂ ਕੌਫ਼ੀ ਪੀਣੀ ਨੁਕਸਾਨਦੇਹ ਮੰਨੀ ਜਾਂਦੀ ਹੈ। ਕੌਫ਼ੀ ‘ਚ ਕੈਫ਼ੀਨ ਦੀ ਮਾਤਰਾ ਵੱਧ ਹੁੰਦੀ ਹੈ, ਇਸ ਲਈ ਰਾਤ ਦੇ ਸਮੇਂ ‘ਚ ਕੌਫ਼ੀ ਪੀਣ ਨਾਲ ਨੀਂਦ ਗ਼ਾਇਬ ਹੋ ਜਾਂਦੀ ਹੈ। ਇਸ ਨਾਲ ਸ਼ਰੀਰ ‘ਚ ਪਾਣੀ ਦੀ ਕਮੀ ਵੀ ਹੋ ਸਕਦੀ ਹੈ।
ਚਾਹ – ਖ਼ਾਲੀ ਪੇਟ ਚਾਹ ਵੀ ਕਦੇ ਨਹੀਂ ਪੀਣੀ ਚਾਹੀਦੀ। ਇਸ ਨਾਲ ਪੇਟ ‘ਚ ਐਸੀਡਿਟੀ ਦੀ ਸਮੱਸਿਆ ਵੱਧ ਸਕਦੀ ਹੈ। ਮਾਹਿਰ ਕਹਿੰਦੇ ਹਨ ਕਿ ਹਮੇਸ਼ਾ ਚਾਹ ਦੇ ਨਾਲ ਬਿਸਕਟ ਜਾਂ ਨਮਕੀਨ ਲੈ ਲੈਣਾ ਚਾਹੀਦਾ ਹੈ।
ਦੁੱਧ – ਖ਼ਾਲੀ ਪੇਟ ਦੁੱਧ ਪੀਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਦੁੱਧ ‘ਚ ਸੈਚੁਰੇਟਿਡ ਫ਼ੈਟ ਅਤੇ ਪ੍ਰੋਟੀਨ ਹੁੰਦਾ ਹੈ ਜੋ ਪੇਟ ਦੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਕਰ ਸਕਦਾ ਹੈ।
ਦਾਲ – ਦੇਰ ਰਾਤ ਦਾਲ ਖਾਣ ਤੋਂ ਵੀ ਬੱਚਣਾ ਚਾਹੀਦਾ ਹੈ। ਦਾਲ ‘ਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਪਾਣੀ – ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਖਾਣਾ ਖਾਣ ਦੇ ਪਹਿਲੇ ਅਤੇ ਖਾਣਾ ਖਾਣ ਦੇ 45 ਮਿੰਟਾਂ ਬਾਅਦ ਪਾਣੀ ਪੀਣ ਨਾਲ ਖਾਣਾ ਪੱਚਣ ‘ਚ ਮਦਦ ਮਿਲਦੀ ਹੈ। ਪੇਟ ਦਾ ਮੋਟਾਪਾ ਘੱਟ ਕਰਨ ਲਈ ਸਵੇਰੇ ਉੱਠ ਕੇ ਅੱਧਾ ਲੀਟਰ ਗਰਮ ਪਾਣੀ ਪੀਣਾ ਚਾਹੀਦਾ ਹੈ।