ਪੁਲਿਸ ਹਿਰਾਸਤ ਵਿੱਚ ਫਸੇ, ਜਹਾਜ਼ ਵਿੱਚ ਜੁੜਵੀਆਂ ਸੀਟਾਂ ਤੇ ਬੈਠੇ, ਪੁਲਿਸ ਤੋਂ ਅੱਖ ਬਚਾ, ਦੋਵੇਂ ਦੋਸਤ ਗੱਲਾਂ ਵੀ ਕਰਦੇ ਰਹੇ। ਗੈਰਕਾਨੂਨੀਂ ਢੰਗ ਨਾਲ਼, ਕਿਸੇ ਪਰਾਏ ਦੇਸ਼, ਕੋਈ ਕਿੰਨਾਂ ਕੁ ਚਿਰ, ਲੁਕ ਛਿਪ ਕੇ ਕੰਮ ਕਰਦਾ ਰਹਿ ਸਕਦਾ ਹੈ! ਤੇਜਾ ਅਤੇ ਹਰੀ ਵੀ ਅੰਤ ਆਸਟ੍ਰੇਲੀਆ ਦੀ ਪੁਲਿਸ ਦੀ ਕੜੱਕੀ ਵਿੱਚ ਜਕੜੇ ਹੀ ਗਏ, ਸ਼ਾਇਦ ਕਿਸੇ ਦੀ ਕੀਤੀ ਹੋਈ ਸ਼ਕਾਇਤ ਕਾਰਨ। ਜਹਾਜ਼ ਹੁਣ ਸਿਡਨੀ ਸ਼ਹਿਰ ਵੱਲ ਉਡ ਤੁਰਿਆ। ਏੇਅਰਪੋਰਟ ਤੇ ਉਤਾਰ ਕੇ, ਫਸੇ ਮੁਰਗੇ, ਲੈ ਜਾਣੇ ਸਨ, ਸਿਡਨੀ ਸ਼ਹਿਰ ਦੇ ਇਮੀਗਰੇਸ਼ਨ ਦਫਤਰ।

” ਹਰੀ, ਚੰਗਾ ਹੁੰਦਾ ਜੇ ਘਰਦਿਆਂ ਦੀ ਗੱਲ ਮੰਨ ਲੈਂਦੇ। ਘੱਟੋ ਘੱਟ ਬੀ ਏ ਦੀ ਡਿਗਰੀ ਤਾਂ ਲੈ ਹੀ ਲੈਣੀ ਚਾਹੀਦੀ ਸੀ। ਹੋ ਸਕਦਾ ਸੀ, ਕਿਤੇ ਪੰਜਾਬ ਵਿੱਚ ਹੀ ਕੋਈ ਨੌਕਰੀ ਟੱਕਰ ਜਾਂਦੀ ਜਾਂ ਕੋਈ ਅਪਣਾ ਕੰਮ ਕਾਰ ਹੀ ਕਰ ਲੈਂਦੇ। ਆਹ ਮੁਸੀਬਤ ਤਾਂ ਨਾ ਪੱਲੇ ਪੈਂਦੀ। ਸਾਲ਼ਿਆਂ ਨੇ ਸਾਰੇ ਪੈਸੇ ਸਾਥੋਂ ਖੋਹ ਲਏ, ਪਾਸਪੋਰਟ ਵੀ ਅਤੇ ਕੱਪੜਾ ਲੱਤਾ ਵੀ। ਪੈਸੇ, ਨਾਲ਼ ਦੀ ਨਾਲ਼, ਘਰ ਭੇਜਦੇ ਰਹਿੰਦੇ ਤਾਂ ਵੀ ਕੁੱਝ ਗੱਲ ਬਣਦੀ। ਰਹਿ ਗਏ ਨਾਂ ਨੰਗ, ਓਦਾਂ ਦੇ ਹੀ ਜਿੱਦਾਂ ਦੇ ਐਥੇ ਆ ਕੇ ਵੜੇ ਸੀ।\” ਤੇਜੇ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ।

” ਬਾਈ, ਸਾਡੀ ਕਿਸਮਤ ਵੀ ਤਾਂ ਸਾਥ ਦੇਂਦੀ ਡਰਦੀ ਐ। ਮੈਨੂੰ ਲਗਦਾ ਉਸ ਬੰਗਲਾ ਦੇਸੀ ਨੇ ਕੀਤੀ ਹੋਣੀ ਐਂ, ਸਾਡੀ ਸ਼ਕਾਇਤ। ਉਸ ਦੀ ਨੌਕਰੀ ਸਾਡੀ ਵਜਾਹ ਕਾਰਨ ਤਾਂ ਨਹੀਂ ਸੀ ਗਈ ਪਰ ਹਰਾਮੀ ਨੂੰ ਐਵੇਂ ਸ਼ੱਕ ਜਿਹਾ ਪੈ ਗਿਆ ਸੀ।\” ਹਰੀ ਨੇ ਮਨ ਦਾ ਗੁਬਾਰ ਕੱਢਿਆ।
” ਜੇ ਅੱਜ ਬਚ ਗਏ ਤਾਂ ਪਹਿਲਾਂ ਉਸੇ ਦਾ ਗਾਟਾ ਲਾਹਾਂਗੇ।\” ਤੇਜੇ ਨੇ ਵੀ ਯਕੀਨ ਕਰ ਲਿਆ।

“ਫਾਂਸੀ ਚੜ੍ਹਨ ਦੀ ਠਾਣ ਲਈ ਐ, ਵੱਡਿਆ ਬਹਾਦਰਾ? ਇਸ ਨਾਲ਼ੋਂ ਤਾਂ ਚੰਗਾ ਐ ਪਿੰਡ ਜਾ ਕੇ ਖੱਜਲ਼ ਖੁਆਰ ਹੋਣਾ। ਕੀ ਮਿਲੇਗਾ ਸਾਨੂੰ ਬੰਗਾਲੀ ਬਾਬੂ ਨੂੰ ਮਾਰ ਕੇ?\” ਹਰੀ ਦੀ ਮੱਤ ਨੂੰ ਅਜੇ ਕ੍ਰੋਪ ਨੇ ਕਾਬੂ ਨਹੀਂ ਸੀ ਕੀਤਾ।

” ਅੱਜ ਸਾਨੂੰ, ਭਾਰਤਵਰਸ਼ ਵਾਪਸੀ ਲਈ ਜਹਾਜ਼ ਤਾਂ ਚਾੜ੍ਹਨ ਤੋਂ ਰਹੇ, ਇਹ ਪੁਲਸੀਏੇ।  ਇਮੀਗ੍ਰੇਸ਼ਨ ਵਾਲੇ ਅਪਣੀ ਕਾਰਵਾਈ ਕਰਨਗੇ, ਗੁਨਾਹ ਮੱਥਣਗੇ ਸਾਡੇ ਮੱਥੇ ਫੇਰ ਕਿਤੇ ਜਾ ਕੇ ਕਰਨਗੇ ਸਾਨੂੰ ਵਿਦਾ। ਤਿੰਨ ਚਾਰ ਦਿਨ ਤਾਂ ਜੇਹਲ ਦੀ ਹਵਾ ਫੱਕਣੀ ਹੀ ਪਵੇਗੀ। ਇਹਨਾਂ ਦਿਨਾਂ \’ਚ ਜੇ ਕਿਸੇ ਤਰ੍ਹਾਂ ਫੇਰ ਅਲੋਪ ਹੋ ਜਾਈਏ ਤਾਂ ਪਿਉ ਦੇ ਛਿੱਤਰਾਂ ਤੋਂ ਤਾਂ ਹੋਰ ਥੌੜ੍ਹੀ ਦੇਰ ਲਈ ਬਚੇ ਰਹਿ ਸਕਦੇ ਆਂ। ਸ਼ਾਇਦ ਕੰਮ ਪੂਰਾ ਹੀ ਸੂਤ ਹੋ ਜਾਵੇ। ਲਗਾ ਕੋਈ ਜੁਗਾੜ, ਸਾਥੀਆ।\” ਤੇਜੇ ਦੇ ਦਿਮਾਗ਼ ਵਿੱਚ ਫਤੂਰ ਨੇ ਜਨਮ ਲਿਆ।

” ਅਸੰਭਵ! ਜੇਹਲ ਚੋਂ ਕਿਵੇਂ ਭੱਜਾਂਗੇ, ਤੇਜਿਆ?\” ਹਰੀ ਬੋਲਕੇ ਚੁੱਪ ਹੋ ਗਿਆ।

” ਅੰਗ੍ਰੇਜ਼ੀ ਵਾਲ਼ਾ ਮਾਸਟਰ ਕਹਿੰਦਾ ਸੀ ਕਿ ਅਸੰਭਵ ਸ਼ਬਦ ਪਾਗਲਾਂ ਦੇ ਸ਼ਬਦ ਕੋਸ਼ ਵਿੱਚ ਹੀ ਮਿਲਦਾ ਹੈ।\”

” ਰਹਿਣ ਦੇ। ਸਾਰੀਆਂ ਡਿਕਸ਼ਨਰੀਆਂ ਵਿੱਚ ਮਿਲਦਾ ਹੈ। ਉਹ ਮਾਸਟਰ ਵੀ ਬਹੁਤ ਪੁਲ ਬੰਨ੍ਹਦਾ ਸੀ, ਗੱਲਾਂ ਦੇ। ਸਿਪਾਹੀ ਤੋਂ ਮੰਗ ਲੈ ਫੋਨ ਤੇ ਖੜਕਾ ਮਾਸਟਰ ਦਾ ਸੈਲ ਫੋਨ, ਜੇ ਨੰਬਰ ਯਾਦ ਹੈ। ਪੁੱਛ ਕੋਈ ਰਾਹ। ਕੋਲ਼ ਹੁਣ ਕੌਡੀ ਵੀ ਨਹੀਂ। ਰਿਸ਼ਵਤ ਦੇ ਕੇ ਵੀ ਫਰਾਰ ਨਹੀਂ ਹੋ ਸਕਦੇ। ਇਹ ਹਰਾਮੀ ਰਿਸ਼ਵਤ ਲੈਂਦੇ ਵੀ ਨਹੀਂ। ਮਾਪਿਆਂ ਦੇ ਛਿੱਤਰ ਕਿਉਂ ਖਾਣੇ ਐਂ। ਧਰਮੇ ਅੰਕਲ ਨੂੰ, ਮੁੰਬਾਈ ਜਾ ਕਹਾਂਗੇ ਕਿਸੇ ਮੂਵੀ ਵਿੱਚ ਛੋਟਾ ਮੋਟਾ ਕਿਰਦਾਰ ਨਿਭਾਉਣ ਦੀ ਸੇਵਾ ਸਾਥੋਂ ਵੀ ਲੈ ਲਵੇ।\”

” ਹਰੀ, ਤੇਰੀ ਸਕੀਮ ਜਮ੍ਹਾਂ ਹੀ ਸੜੀ ਹੋਈ ਐ। ਧਰਮ ਤਾਂ ਸਾਥੋਂ ਭਾਂਡੇ ਵੀ ਨਾ ਮੰਜਵਾਏ।\”

” ਹਾਂ, ਇਹ ਸਕੀਮ ਓਨੀ ਹੀ ਵਧੀਆ ਹੈ ਜਿੰਨੀ ਤੇਰੀ ਜੇਹਲ \’ਚੋਂ ਭੱਜਣ ਦੀ।\” ਦੋਵੇਂ ਇੱਕ ਦੂਜੇ ਵੱਲ ਮਜਬੂਰੀ ਲੱਦੀਆਂ ਨਿਗਾਹਾਂ ਘੁਮਾ ਬੁੱਲ੍ਹ ਮੀਚ ਖਾਮੋਸ਼ ਬਹਿ ਗਏ।

ਜਹਾਜ਼ ਉਡਦਾ ਗਿਆ। ਅਸੰਤੁਸ਼ਟ ਮਨ ਵੀ ਉਡਦੇ ਰਹੇ।

” ਕੋਈ ਸਾਡੀ ਜ਼ਮਾਨਤ ਨਹੀਂ ਕਰਵਾ ਸਕਦਾ? ਕਹਿੰਦੇ ਐਦਾਂ ਸੰਭਵ ਹੈ।\” ਤੇਜੇ ਦੇ ਅਸ਼ਾਂਤ ਮਨ ਵਿੱਚ ਫੁਰਨਾ ਫੁਰਿਆ।
” ਤੇਰਾ ਚਾਚਾ ਬੈਠਾ ਐ ਐਥੇ? ਜਿਹੜੇ ਸਾਨੂੰ ਜਾਣਦੇ ਨੇ ਉਹ ਵਿਚਾਰੇ ਤਾਂ ਆਪ ਲੁਕਦੇ ਫਿਰਦੇ ਨੇ। ਹੁਣ ਤਾਂ ਜਿਹਲ ਜਾਣ ਲਈ ਕਮਰ ਕਸ ਲੈ। ਹਵਾਈ ਸਫਰ ਹੁਣ ਮੁੱਕਣ ਵਾਲਾ ਹੀ ਹੈ। ਸੁਣ ਜ਼ਰਾ, ਕੁੜੀ ਅੰਗ੍ਰੇਜੀ \’ਚ ਕੀ ਬੋਲਦੀ ਐ। ਸ਼ਾਇਦ ਜਹਾਜ਼ ਥੱਲੇ ਉਤਰਨ ਵਾਲ਼ਾ ਹੈ।” ਹਰੀ ਨੇ ਪੇਟੀ ਲਗਾ ਲਈ, ਸੀਟ ਸਿੱਧੀ ਕਰ ਲਈ। ਸਾਥੀ ਨੇ ਵੀ।

” ਹਵਾਈ ਅੱਡੇ ਤੇ ਉਤਰ ਕੇ, ਪੁਲਿਸ ਦੀ ਕਾਰ ਤੱਕ ਪਹੁੰਚਣ ਤੱਕ, ਰਸਤਿਓਂ ਹੀ, ਭੱਜਣ ਦਾ ਕੋਈ ਵਸੀਲਾ ਨਹੀਂ?\” ਤੇਜੇ ਨੇ ਕਿਹਾ।

” ਟਿਕਿਆ ਰਹਿ।\” ਹਰੇ ਨੇ ਵਿਉਂਤ ਵਿੱਚੋਂ ਸਾਹ ਹੀ ਸੁਕਾ ਦਿੱਤਾ।

ਦੋਵੇਂ ਸਿਪਾਹੀ ਅਗਲੀਆਂ ਸੀਟਾਂ ਤੇ, ਦੋਵੇਂ ਮੁਜਰਮ ਪਿੱਛੇ ਕਾਰ ਵਿੱਚ ਬੈਠ ਚਲ ਪਏ ਇਮੀਗ੍ਰੇਸ਼ਨ ਦੇ ਦਫਤਰ ਵੱਲ। ਕਾਰ ਪੈਂਡਾ ਮੁਕਾਉਂਣ ਦੀ ਕਾਹਲ਼ੀ ਵਿੱਚ ਸੀ। ਕਾਰ ਦੀ ਰਫਤਾਰ ਨਾਲੋਂ ਵੀ ਕਿਤੇ ਜ਼ਿਆਦਾ ਤੇਜ਼, ਨਵੇਂ ਫਤੂਰ, ਤੇਜੇ ਦੇ ਦਿਮਾਗ਼ ਵਿੱਚ ਜਨਮ ਲੈਂਦੇ ਰਹੇ।

” ਬਾਈ ਹਰੀ, ਜ਼ਰਾ ਸੋਚ। ਮੈਨੂੰ ਰੱਬ ਨੇ ਹੁਣੇ ਹੁਣੇ ਵਧੀਆ ਰਾਹ ਦੱਸਿਆ ਹੈ, ਭੱਜਣ ਦਾ। ਦੋ ਸਿਪਾਹੀ, ਦੋ ਅਸੀਂ। ਸਿਪਾਹੀ ਉਮਰ ਹੰਢਾਈਂ ਬੈਠੇ ਨੇ। ਸਾਡੇ ਮੁਕਾਬਲੇ ਭੱਜ ਹੀ ਨਹੀਂ ਸਕਦੇ। ਹਥਕੜੀ ਸਾਡੇ ਲਗੀ ਨਹੀਂ ਹੋਈ। ਸਾਡੇ ਮਗਰ ਜੇ ਭੱਜੇਗਾ ਤਾਂ ਇੱਕ ਸਿਪਾਹੀ ਹੀ ਭੱਜੇਗਾ। ਦੂਜੇ ਦੇ ਹੱਥ ਵਿੱਚ ਕਾਰ ਦੀ ਸਟੀਅਰਿੰਗ ਫੜੀ ਹੋਈ ਐ ਛੱਡ ਕੇ ਮਗਰ ਆ ਨਹੀਂ ਸਕਦਾ। ਅਗਲੀ ਲਾਲ ਬੱਤੀ ਤੇ ਕਾਰ ਦੇ ਰੁਕਦਿਆਂ ਸਾਰ ਹੀ, ਤੂੰ ਇੱਕ ਦਿਸ਼ਾ ਵੱਲ ਤੇ ਮੈਂ ਦੁਜੀ ਵੱਲ ਨਿਕਲ ਭੱਜਾਂਗੇ। ਕਿਸਮਤ ਨਾਲ਼ ਕਿਤੇ ਮੁੜ ਮਿਲ ਵੀ ਸਕਦੇ ਆਂ।\” ਤੇਜੇ ਨੇ  ਦ੍ਰਿੜ੍ਹ ਇਰਾਦੇ ਨਾਲ਼ ਕਿਹਾ।

” ਤੇਜੇ, ਕਿਉਂ ਮੌਤ ਨੂੰ ਸੱਦਾ ਦੇਣ ਦੀ ਠਾਣ ਲਈ ਐ। ਗੋਲੀ ਤਾਂ ਮਾਰ ਹੀ ਸਕਦੇ ਨੇ ਇਹ ਸਿਰ ਫਿਰੇ, ਸਾਨੂੰ।\” ਹਰੀ ਨੇ ਦੋਸਤ ਦੇ ਸਾਹਮਣੇ ਖਤਰਾ ਉਭਾਰਿਆ।

” ਨਹੀਂ ਓਏ ਨਹੀਂ! ਸਾਨੂੰ ਮਾਰਕੇ ਇਹਨਾਂ ਦੇ ਹੱਥ ਕੱਖ ਨਹੀਓਂ ਲਗਦਾ। ਜ਼ਿਆਦਾ ਤੋਂ ਜ਼ਿਆਦਾ ਮੁੜ ਫੜਨ ਦੀ ਕੋਸ਼ਿਸ਼ ਕਰਨਗੇ, ਮੇਰਾ ਮਨ ਕਹਿੰਦਾ ਹੈ। ਅਸੀਂ ਐਡੇ ਵੱਡੇ ਅਪਰਾਧੀ ਵੀ ਤਾਂ ਨਹੀਂ। ਜੇ ਫੌਜਦਾਰੀ ਕੇਸ ਹੁੰਦਾ ਤਾਂ ਹਥਕੜੀ ਲਗ ਜਾਣੀ ਸੀ। ਇਹਨਾਂ ਨੂੰ ਪਤਾ ਹੈ ਕਿ ਸਾਡੇ ਵਰਗੇ ਹਜ਼ਾਰਾਂ ਹੀ ਲੁਕੇ ਬੈਠੇ ਨੇ ਇਸ ਦੇਸ਼ ਵਿੱਚ। ਕਰ ਹਿੰਮਤ। ਕਹਿੰਦੇ ਨੇ, ਡਰਿਆ ਸੋ ਮਰਿਆ।\” ਤੇਜੇ ਨੂੰ ਸਕੀਮ ਸਿਰੇ ਚੜ੍ਹਾਉਣ ਦੀ ਲੋਹ ਲਗ ਗਈ। ਕਾਰ ਤੁਰਦੀ ਗਈ।

” ਸੋਚਣ ਦਾ ਸਮਾਂ ਨਹੀਂ। ਯਾਰਾ ਪਹਿਲਾਂ ਤੂੰ ਭੱਜੇਂਗਾ ਕਿ ਮੈਂ ਭੱਜਾਂ?\” ਤੇਜੇ ਨੇ ਇੱਕ ਸਿੱਧਾ ਕੜਕ ਸੁਆਲ ਕੀਤਾ।

” ਤੂੰ ਤੇਜੇ ਤੂੰ। ਤੂੰ ਬਹੁਤ ਤੇਜ਼ ਦੌੜਦਾ ਏਂ, ਕਾਲਜ ਦੀਆਂ ਦੌੜਾਂ ਦਾ ਵਿਜੇਤਾ ਰਿਹਾ ਏਂ। ਪਰ ਯਾਦ ਰੱਖੀਂ, ਸਿਪਾਹੀ ਤੇਰੇ ਪਿੱਛੇ ਹੀ ਭੱਜੇਗਾ। ਪਿੱਛੇ ਮੁੜ ਤੱਕੀਂ ਵੀ ਨਾਂ। ਮਗਰੋਂ ਮੈਂ ਦੂਜੀ ਦਿਸ਼ਾ ਵੱਲ ਪੂਰੀ ਵਾਹ ਲਗਾ ਭੱਜਾਂਗਾ।\” ਹਰੀ ਨੇ ਵੀ ਇਰਾਦਾ ਪੱਕਾ ਕਰਕੇ ਸਕੀਮ ਵਿੱਚ ਸਾਥ ਦੇਣ ਦੀ ਠਾਣ ਲਈ।

ਕਾਰ ਰੈਡ ਲਾਈਟ ਤੇ ਜਾ ਖਲੋਤੀ। ਤੇਜਾ ਫੁਰਤੀ ਨਾਲ਼ ਦਰਵਾਜ਼ਾ ਅਨਲੌਕ ਕਰ, ਫੜਾਕ ਦਰ ਖੋਹਲ, ਖਲੋਤੀਆਂ ਕਾਰਾਂ ਟਰੱਕਾਂ ਆਦਿ ਵਾਹਨ ਪਾਰ ਕਰਦਾ ਹੋਇਆ ਸ਼ਹਿਰ ਦੇ ਕਈ ਬਲਾਕ ਪਾਰ ਕਰ ਗਿਆ। ਸਿਪਾਹੀ ਪਿੱਛੇ ਭੱਜਣ ਵਾਲ਼ਾ ਹੀ ਸੀ ਕਿ ਹਰੀ ਦੀ ਕੀਤੀ ਤਿਆਰੀ ਨੂੰ ਵੀ ਭਾਂਪ ਗਿਆ। ਤੇਜੇ ਦਾ ਪਿੱਛਾ ਕਰਨ ਨਾਲੋਂ, ਸਿਪਾਹੀ ਨੇ ਹਰੀ ਨੂੰ ਕਾਬੂ ਕਰਨਾ ਹੀ ਸਹੀ ਸਮਝਿਆ। ਲਾਈਟਾਂ ਹਰੀਆਂ ਹੋ ਗੱਈਆਂ। ਕਾਰ ਹਰੀ ਨੂੰ ਲੈ ਕੇ ਚਲ ਪਈ। ਤੇਜਾ ਹੁਣ ਕਈ ਮੀਲ, ਸਿਡਨੀ ਸ਼ਹਿਰ ਵਿੱਚ ਜਾ ਵੜਿਆ। ਇੱਕ ਮਿੱਤਰ ਕੋਲ਼ ਟੈਕਸੀ ਲੈ ਕੇ ਪਹੁੰਚ ਗਿਆ। ਦੋਸਤ ਨੇ ਟੈਕਸੀ ਵਾਲ਼ੇ ਨੂੰ ਮਾਇਆ ਭੁਗਤਾਈ, ਵਿਦਾ ਕੀਤਾ।

\” ਬਾਈ ਬੜਾ ਬਹਾਦਰ ਏਂ ਤੂੰ! ਬਹੁਤਾ ਵੱਡਾ ਖਤਰਾ ਮੁੱਲ ਲੈ ਲਿਆ ਸੀ। ਮੈਨੂੰ ਯਕੀਨ ਹੈ ਪੁਲਿਸ ਤੇਰੇ ਪਿੱਛੇ ਪਿੱਛੇ ਐਥੇ ਪਹੁੰਚਣ ਵਾਲੀ ਹੀ ਹੋਵੇਗੀ। ਦੋਵੇਂ ਫਸਾਂਗੇ। ਟੈਕਸੀ ਲੈ ਕੇ ਭੱਜੀਏ ਐਥੋਂ ਵੀ।\” ਦੋਸਤ ਨੇ ਖਤਰਾ ਭਾਂਪ ਕੇ ਸਲਾਹ ਦਿੱਤੀ।

\” ਜਾਵਾਂਗੇ ਵੀ ਕਿੱਥੇ?\” ਦੋਵੇਂ ਸੋਚਣ ਲਗੇ।

\” ਮੇਰਾ ਦੋਸਤ ਇੱਕ ਕੋਰਾ ਨਾਂ ਦੇ ਸ਼ਹਿਰ ਰਹਿੰਦਾ ਹੈ। ਮੈਨੂੰ ਉਸਦਾ ਫੋਨ ਨੰਬਰ ਯਾਦ ਹੈ ਅਤੇ ਪਤਾ ਵੀ। ਓਥੇ ਚਲ ਪੈਂਦੇ ਆਂ। ਫੋਨ ਕਰਕੇ ਸੁਚੇਤ ਕਰ ਦੇਂਦੇ ਆਂ ਉਸਨੂੰ।\” ਤੇਜੇ ਨੇ ਕਿਹਾ।

\” ਮੈਂ ਇੱਕ ਟੈਕਸੀ ਵਾਲੇ ਨੂੰ ਜਾਣਦਾ ਤੇ ਹਾਂ ਪਰ ਕੋਰਾ ਜਾਣ ਲਈ ਘੱਟੋ ਘੱਟ ਤਿੰਨ ਸੌ ਦਮੜੇ ਲਵੇਗਾ। ਮੇਰੇ ਕੋਲ਼ ਐਨੇ ਤਾਂ ਹੈਂ ਹੀ ਨਹੀਂ। ਤੇਰੀਆਂ ਜਿਹਬਾਂ ਵਿੱਚ ਸਿਪਾਹੀ ਹੂੰਝਾ ਮਾਰ ਗਏ। ਗੱਲ ਬਣਦੀ ਨਜ਼ਰ ਨਹੀਂ ਆਉਂਦੀ। ਫੇਰ ਵੀ ਫੋਨ ਤੇ ਘੁਮਾ ਜੇ ਯਾਰ ਕੋਲ਼ ਕੁੱਝ ਹੋਵੇ।\” ਦੋਸਤ ਨੇ ਕਿਹਾ।

ਫੋਨ ਘੁਮਾਇਆ। ਗਿਟ ਮਿਟ ਹੋਈ ਅਤੇ ਤੇਜਾ ਬੋਲਿਆ,\”  ਬੁਲਾ ਟੈਕਸੀ। ਹੁਣ ਹੋਰ ਦੇਰ ਕਰਨੀ ਸਹੀ ਨਹੀਂ।\”

\” ਠੀਕ ਕਿਹਾ ਤੂੰ ਤੇਜੇ। ਇਸ ਸ਼ਹਿਰ ਵਿੱਚ ਹੋਰ ਵੀ ਡਰ ਹੈ। ਹਰੀ ਤਾਂ ਪੁਲਿਸ ਦੇ ਸਕੰਜੇ ਚੋਂ ਨਹੀਂ ਨਿਕਲਿਆ ਹੋਣਾਂ। ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਐਵੇਂ ਮੇਰਾ ਨਾਂ ਗਲਤੀ ਨਾਲ ਵੀ ਬੋਲ ਬੈਠਾ, ਸੁਆਲ ਜੁਅਬ ਵੇਲੇ, ਅਸੀਂ ਵੀ ਨੱਪੇ ਜਾਵਾਂਗੇ।\” ਦੋਸਤ ਨੇ ਕਿਹਾ।

ਟੈਕਸੀ ਬੁਲਾ ਲਈ। ਸੌਦਾ ਪੱਕਾ ਹੋ ਗਿਆ। ਕੋਰਾ ਵੱਲ ਗੱਡੀ ਚਲ ਪਈ। ਟੈਕਸੀ ਵਾਲਾ ਇਹੋ ਜਿਹੀਆਂ ਸਵਾਰੀਆਂ ਤੋਂ ਵਾਕਫ ਸੀ। ਉਸਨੇ ਰਸਤੇ ਵਿੱਚ ਰੁਕ ਕੇ ਸਵਾਰੀਆਂ ਦੀ ਮਹਿਮਾਨ ਨਿਵਾਜੀ ਵੀ ਕੀਤੀ। ਉਸਨੂੰ ਇਹੋ ਜਿਹੇ ਗਾਹਕ ਮਾਇਆ ਦਾ ਖਜ਼ਾਨਾ ਲੱਭਿਆ ਹੋਇਆ ਸੀ। ਕਈ ਘੰਟਿਆਂ ਵਿੱਚ ਠਿਕਾਣੇ ਜਾ ਪਹੁੰਚੇ। ਟੈਕਸੀ ਵਾਲੇ ਦਾ ਫਟਾ ਫਟ ਹਿਸਾਬ ਸੁਲਝਾ, ਧੰਨਵਾਦ ਕਰ, ਵਿਦਾ ਕਰ ਦਿੱਤਾ। ਪ੍ਰੇਮ ਨੇ ਆਉਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਅਪਣੇ ਨਾਲ ਰਹਿ ਰਹੇ ਦੋ ਹੋਰ ਸਾਥੀਆਂ ਨਾਲ਼ ਮੁਲਾਕਾਤ ਕਰਵਾਈ।

\” ਸ਼ੁਕਰ ਹੈ ਟੈਕਸੀ ਵਾਲ਼ਾ ਨਸਲ ਦਾ ਗੋਰਾ ਨਹੀਂ ਸੀ!\” ਪ੍ਰੇਮ ਨੇ ਹਉਕਾ ਭਰ ਬੋਲਿਆ।

ਸਾਰੇ ਮਿਲ ਕੇ ਭੋਜਨ ਦੇ ਦਵਾਲ਼ੇ ਹੋ ਗਏ। ਤੇਜੇ ਤੋਂ ਉਸ ਦੀ ਬਹਾਦਰੀ ਦੀ ਖਤਰਨਾਕ ਕਹਾਣੀ ਸੁਣਨ ਦੀ ਇੱਛਾ ਸਭਨਾ ਨੇ ਪ੍ਰਗਟæਾਈ।

\” ਬਾਈਓ ਮੈਂ ਅਤੇ ਹਰੀ ਭਾਰਤ ਤੋਂ ਆ ਕੇ ਔਖੇ ਸੌਖੇ ਨਿਊ ਸਾਉਥਵੇਲਜ਼ ਸੂਬੇ ਦੇ ਡਿੱਬੋ ਸ਼ਹਿਰ ਵਿੱਚ ਪਹੁੰਚ ਗਏ। ਓਥੇ ਐਪਲ ਤੋੜਨ ਦਾ ਕੰਮ ਬਹੁਤ ਜ਼ੋਰਾਂ ਤੇ ਸੀ। ਨੌਕਰੀ ਛੇਤੀ ਮਿਲ ਗਈ। ਪੂਰੇ ਚਾਰ ਮਹੀਨੇ ਡਟ ਕੇ ਕਮਾਈ ਕੀਤੀ। ਕੁੱਝ ਪੈਸੇ ਘਰ ਵੀ ਭੇਜੇ ਅਤੇ ਕਾਫੀ ਕਾਰ ਖਰੀਦਣ ਲਈ ਵੀ ਬਚਾਏ। ਖੇਤਾਂ ਦੇ ਨੇੜੇ ਛੋਟੇ ਜਿਹੇ ਕਮਰੇ ਵਿੱਚ ਰਹਿੰਦੇ ਸਾਂ ਅਸੀਂ ਦੋਵੇਂ, ਖੁਸ਼ੀ ਖੁਸ਼ੀ। ਛੋਟੇ ਜਿਹੇ ਕਮਰੇ ਵਿੱਚ ਬੜਾ ਸਕੂਨ ਮਿਲਦਾ ਸੀ। ਸੇਬ ਵੀ ਬਹੁਤ ਖਾਧੇ।\” ਤੇਜੇ ਨੇ ਕਿਹਾ ਅਤੇ ਸੋਚੀਂ ਪੈ ਗਿਆ।

\” ਤਦੇ ਚਿਹਰਾ ਲਾਲ ਸੁਰਖ ਹੋਇਆ ਪਿਆ ਹੈ।\” ਇੱਕ ਬੋਲਿਆ।

\” ਲਾਲ ਚਿਹਰਾ ਤਾਂ ਪੁਲਿਸ ਦੇ ਭੈਅ ਨੇ ਕੀਤਾ ਹੋਇਆ ਹੈ। ਅੱਜ ਕੱਲ੍ਹ ਦੁਆਲ਼ਾ ਵੀ ਪਿਟਿਆ ਹੋਇਆ ਹੈ।\” ਆਖ ਤੇਜਾ ਚੁੱਪ ਹੋ ਗਿਆ।

\” ਗੱਲ ਸਿਰੇ ਲਗਾ ਬਾਈ। ਕਹਾਣੀ ਤਾਂ ਨਾਵਲ ਵਾਂਗ ਉਧੜਦੀ ਜਾਂਦੀ ਐ।\” ਇੱਕ ਉਤਸੁਕ ਹੋ ਬੋਲਿਆ।

\” ਇੱਕ ਦਿਨ ਅਚਾਨਕ ਹੀ ਖੇਤ ਵਿੱਚ ਪੁਲਿਸ ਰੇਡ ਹੋ ਗਈ। ਜਦੋਂ ਪੁਲਿਸ ਦੀਆਂ ਬੱਤੀਆਂ ਚਮਕੀਆਂ ਤਾਂ ਭੱਜਣ ਦੀ ਕੋਸ਼ਿਸ਼ ਕਰਨੀ ਬੇਕਾਰ ਸੀ। ਪੁਲਿਸ ਨੇ ਦਬੋਚ ਲਏ। ਪੱੱਕੇ ਪੇਪਰ ਮੰਗੇ। ਵਖਾਉਂਦੇ ਜੇ ਪੱਲੇ ਹੁੰਦੇ। ਡਿੱਬੋ ਸ਼ਹਿਰ ਵਿੱਚ ਹੀ ਸਾਰਾ ਸਾਮਾਨ ਜ਼ਬਤ ਹੋ ਗਿਆ। ਸਾਲ਼ਿਆਂ ਫੜ ਕੇ ਚਾੜ੍ਹ ਲਿਆ ਜਹਾਜ਼, ਸਿਡਨੀ ਇਮੀਗ੍ਰੇਸ਼ਨ ਦਫਤਰ ਵੱਲ, ਡਿਪੋਰਟ ਕਰਨ ਲਈ। ਭੱਜਣ ਵਾਲ਼ੀ ਕਥਾ ਜਿਹੜੀ ਤੁਹਾਨੂੰ ਦੱਸੀ ਸੀ, ਪੁਲਿਸ ਦੀ ਕਾਰæ ਵਿੱਚ ਹੀ ਬੰਨ੍ਹਿਆਂ ਸੀ ਉਸਦਾ ਮੁੱਢ, ਮੇਰੇ ਉਦਾਸ ਮਨ ਨੇ। ਹਰੀ ਨੂੰ ਕਾਰ ਵਿੱਚ ਹੀ ਦੱਸੀ ਇਹ ਤਰਕੀਬ। ਵਿਚਾਰਾ ਡਰ ਨਾਲ਼ ਘਬਰਾ ਤਾਂ ਗਿਆ ਪਰ ਸਹਿਮਤ ਹੋ ਗਿਆ। ਸਕੀਮ ਪੱਥ ਆ ਗਈ ਅਤੇ ਹੁਣ ਆ ਪਹੁੰਚਿਆ ਤੁਹਾਡੇ ਵਿੱਚਕਾਰ, ਇਹ ਭਗੌੜਾ। ਅੱਗੇ ਦੀ ਰੱਬ ਜਾਣਦਾ ਐ। ਹਰੀ ਨਿੱਕਲ ਸਕਿਆ ਕਿ ਨਹੀਂ ਪੱਕਾ ਪਤਾ ਨਹੀਂ।\” ਤੇਜੇ ਨੇ ਗੱਲ ਦੱਸੀ।

\” ਬਾਈ ਭੱਜਿਆ ਤਾਂ ਤੂੰ ਜਾਨ ਹਥੇਲੀ ਤੇ ਧਰ ਕੇ ਹੀ ਸੀ। ਖਰਗੋਸ਼ਾਂ ਦੇ ਮਗਰ ਭੱਜਣ ਵਾਲ਼ਾ ਭਲਾਂ ਪੁਲਿਸੀਏ ਦੇ ਹੱਥ ਕਿਵੇਂ ਆ ਸਕਦਾ ਸੀ। ਕੰਮ ਆ ਗਿਆ ਤੈਨੂੰ ਸ਼ਿਕਾਰ ਕਰਨ ਵਾਲਾ ਤਜੁਰਬਾ। ਤੂੰ ਭੱਜ ਕੇ ਖਰਗੋਸ਼ ਮਾਰ ਲੈਂਦਾ ਸੈਂ ਪਰ ਮੈਂ ਨਹੀਂ।\” ਪ੍ਰੇਮ ਨੇ ਹਲਕਾ ਜਿਹਾ ਮਜ਼ਾਕ ਕੀਤਾ।

\” ਲਗਦਾ ਪੁਲਿਸ ਵਾਲ਼ਾ ਅਚਾਨਕ ਆ ਟਪਕੀ ਮੁਸੀਬਤ ਵਿੱਚ ਹੀ ਉਲਝ ਗਿਆ। ਭਗੌੜੇ ਦੇ ਪਿੱਛੇ ਭੱਜਣ ਵਿੱਚ ਢਿੱਲ ਕਰ ਬੈਠਾ, ਨਹੀਂ ਤਾਂ ਤੇਰਾ ਮੁੜ ਫੜੇ ਜਾਣਾ ਪੱਕਾ ਸੀ। ਇਹਨਾਂ ਦੇ ਕਦਮ ਸਾਡੇ ਕਦਮਾਂ ਨਾਲੋਂ ਡਿਓੜੇ ਨੇ। ਬਾਈ, ਵਾਹਿਗੁਰੂ ਦਾ ਹੱਥ ਸਮਝ ਤੇਰੇ ਸਿਰ ਤੇ ਸੀ।\” ਇੱਕ ਹੋਰ ਮਿੱਤਰ ਨੇ ਗੰਭੀਰ ਲਹਿਜ਼ੇ ਵਿੱਚ ਉਚਰਿਆ।

\” ਹੁਣ ਬਾਈਓ, ਕੀ ਵਿਓਂਤ ਹੈ ਅੱਗੇ ਦੀ।\” ਤੇਜਾ ਰੋਕੜ ਕਮਾਉਣ ਵਾਰੇ ਸੋਚਣ ਲੱਗਾ।

\” ਕਿਤੇ ਚਲਕੇ ਫੌਰੇਨ ਅਕਸਚੇਂਜ ਕਮਾਵਾਂਗੇ, ਅਪਣੇ ਦੇਸ਼ ਲਈ, ਪਰ ਡਿੱਬੋ ਨਹੀਂ ਜਾ ਰਹੇ, ਯਕੀਨ ਕਰ ਤੇਜੇ।\” ਪ੍ਰੇਮ ਨੇ ਧੀਰਜ ਧਰਾਇਆ।

ਅਗਲੇ ਦਿਨ ਕਾਫਲਾ ਚਲ ਪਿਆ ਕਿਤੇ ਹੋਰ ਹੱਡ ਵਾਹੁਣ, ਪ੍ਰੇਮ ਦੀ ਪੁਰਾਣੀ ਕਾਰ ਵਿੱਚ।

\”  ਹਰੀ ਨਾਲ਼ ਕੀ ਬੀਤੀ ਹੋਵੇਗੀ!\” ਤੇਜੇ ਨੇ ਸਾਥੀਆਂ ਨਾਲ ਚਿੰਤਾ ਸਾਂਝੀ ਕੀਤੀ।

\” ਡਿਪੋਰਟ ਹੋਏਗਾ। ਉਸਦਾ ਮਾਲ ਮੁੱਦਾ, ਜੋ ਜ਼ਬਤ ਹੋਇਆ, ਉਸਦੇ ਪਿੰਡ ਪਹੁੰਚ ਜਾਏਗਾ। ਐਦਾਂ, ਮੈਨੂੰ ਪਤਾ ਹੈ, ਹੋਰਨਾ ਨਾਲ਼ ਵੀ ਬੀਤੀ ਐ।\” ਇੱਕ ਨੇ ਯਕੀਨਨ ਕਿਹਾ।

\” ਤੇ ਮੇਰਾ ਮਾਲ ਮੁੱਦਾ?\” ਤੇਜੇ ਨੇ ਸਹਿਜ ਸੁਭਾ ਹੀ ਬੋਲ ਦਿੱਤਾ।

\” ਭਗੌੜਿਆਂ ਦਾ ਮਾਲ ਭਗਵਾਨ ਦਾ।\” ਇੱਕ ਕਿਹਾ।

\” ਨਹੀਂ, ਦੁਬਾਰਾ ਦਬੋਚੇ ਜਾਣ ਦਾ ਇੰਤਜ਼ਾਰ ਕਰ।\” ਪ੍ਰੇਮ ਨੂੰ ਮਜ਼ਾਕ ਸੁੱਝੀ।

\” ਤਿਬਾਰਾ! ਇੱਕ ਵੇਰ ਫਸਦੇ ਫਸਦੇ ਵੀ ਬਚ ਗਏ ਸੀ।\” ਤੇਜੇ ਨੇ ਗਿਣਤੀ ਸੋਧੀ। ਸਵਾਰੀਆਂ ਹੈਰਾਨ ਹੋਈਆਂ ਪਰ ਹਸ ਪਈਆਂ।