ਆਟੇ ਦੀਆਂ ਪਿੰਨੀਆਂ
ਆਟੇ ਦੀਆਂ ਪਿੰਨੀਆਂ

ਜੇਕਰ ਤੁਸੀਂ ਖ਼ਾਸ ਮੌਕਿਆਂ ‘ਤੇ ਕੋਈ ਪਾਰੰਪਰਿਕ ਵਿਅੰਜਨ ਬਣਾਉਣ ਦੀ ਸੋਚ ਰਹੇ ਹੋ ਤਾਂ ਇਸ ਹਫ਼ਤੇ ਅਸੀਂ ਤੁਹਾਨੂੰ ਆਟੇ ਦੀਆਂ ਪਿੰਨੀਆਂ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਟ੍ਰੈਡੀਸ਼ਨਲ ਪਿੰਨੀ ਦੇ ਬਿਨਾ ਪੰਜਾਬੀਆਂ ਦੇ ਖ਼ਾਸ ਮੌਕੇ ਫ਼ਿੱਕੇ ਜਿਹੇ ਲੱਗਦੇ ਹਨ। ਚਲੋ ਜਾਣਦੇ ਹਾਂ ਘਰ ‘ਚ ਸੁਆਦੀ ਪਿੰਨੀਆਂ ਬਣਾਉਣ ਦੀ ਰੈਸਿਪੀ।
ਸਮੱਗਰੀ
ਆਟਾ-1/2 ਕਿਲੋਗ੍ਰਾਮ
ਪੀਸੀ ਹੋਈ ਖੰਡ ਜਾਂ ਗੁੜ-250 ਗ੍ਰਾਮ
ਦੇਸੀ ਘਿਉ-250 ਗ੍ਰਾਮ
ਖੋਆ-250 ਗ੍ਰਾਮ
ਖਾਣੇ ਵਾਲਾ ਗੋਂਦ-1/4 ਕੱਪ
ਬਾਦਾਮ-1/3 ਕੱਪ (ਕਟੇ ਹੋਏ)
ਪਿਸਤਾ-1/4 ਕੱਪ
ਕਿਸ਼ਮਿਸ਼-1/4 ਕੱਪ
ਪਿੰਨੀਆਂ ਬਣਾਉਣ ਦੀ ਵਿਧੀ
ਪਿੰਨੀਆਂ ਬਣਾਉਣ ਲਈ ਸਭ ਤੋਂ ਪਹਿਲਾਂ ਪੈਨ ‘ਚ ਘਿਉ ਗਰਮ ਕਰੋ। ਫ਼ਿਰ ਗੋਂਦ ਨੂੰ ਛੋਟੇ-ਛੋਟੇ ਟੁੱਕੜਿਆਂ ‘ਚ ਤੋੜ ਕੇ ਉਸ ਨੂੰ ਫ਼ੁੱਲਣ ਤਕ ਫ਼੍ਰਾਈ ਕਰੋ। ਜਦੋਂ ਉਹ ਫ਼ੁੱਲ ਜਾਵੇ ਤਾਂ ਉਸ ਨੂੰ ਪੈਨ ‘ਚ ਕੱਢ ਕੇ ਸਾਈਡ ‘ਤੇ ਠੰਡਾ ਹੋਣ ਲਈ ਰੱਖ ਦਿਓ। ਬਚੇ ਹੋਏ ਘਿਉ ‘ਚ ਆਟਾ ਮਿਲਾ ਕੇ ਹਲਕਾ ਬ੍ਰਾਊਨ ਹੋਣ ਤਕ ਭੁੰਨ ਲਓ। ਫ਼ਿਰ ਇਸ ‘ਚ 1/3 ਕੱਪ ਬਾਦਾਮ, 1/4 ਕੱਪ ਪਿਸਤਾ ਅਤੇ 1/4 ਕੱਪ ਸੌਗੀ ਪਾ ਕੇ ਕੁੱਝ ਦੇਰ ਹਿਲਾਉਂਦੇ ਰਹੋ ਤਾਂ ਕਿ ਆਟਾ ਹੇਠਾਂ ਨਾ ਲੱਗ ਜਾਵੇ।
ਓਦੋਂ ਤਕ ਦੂਜੇ ਪੈਨ ‘ਚ ਖੋਆ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਭੁੰਨੀ ਹੋਈ ਗੋਂਦ ਨੂੰ ਦਰਦਰਾ ਕੁੱਟ ਲਓ। ਫ਼ਿਰ ਜਦੋਂ ਆਟਾ ਇੰਨਾ ਗਰਮ ਰਹਿ ਜਾਵੇ ਕਿ ਪੀਸੀ ਹੋਈ ਖੰਡ ਜਾਂ ਗੁੜ ਪਾਉਣ ਨਾਲ ਪਿਘਲੇ ਨਾ ਤਾਂ ਇਸ ‘ਚ ਖੰਡ, ਗੋਂਦ ਅਤੇ ਖੋਆ ਚੰਗੀ ਤਰ੍ਹਾਂ ਨਾਲ ਮਿਲਾਓ।
ਉਸ ਤੋਂ ਬਾਅਦ ਹੱਥਾਂ ‘ਤੇ ਥੋੜ੍ਹਾ ਜਿਹਾ ਮਿਸ਼ਰਣ ਪਾ ਕੇ ਉਸ ਨੂੰ ਮਨਚਾਹੇ ਆਕਾਰ ‘ਚ ਗੋਲ ਲੱਡੂ ਬਣਾ ਲਓ ਅਤੇ ਸਾਈਡ ‘ਤੇ ਰੱਖ ਲਓ। ਤੁਸੀਂ ਚਾਹੋ ਤਾਂ ਇਸ ਨੂੰ ਚਾਂਦੀ ਦਾ ਵਰਕ, ਬਾਦਾਮ, ਪਿਸਤਾ ਨਾਲ ਵੀ ਗਾਰਨਿਸ਼ ਕਰ ਸਕਦੇ ਹੋ। ਪਿੰਨੀਆਂ ਬਣ ਕੇ ਤਿਆਰ ਹਨ। ਇਨ੍ਹਾਂ ਨੂੰ ਸਰਵ ਕਰੋ।