ਅਮਰੀਕੀ ਵਿਗਿਆਨੀਆਂ ਦਾ ਕਾਰਨਾਮਾ, ਦਿਮਾਗ ਪੜ੍ਹਨ ਵਾਲੀ ਮਸ਼ੀਨ ਤਿਆਰ, ਬਿਨਾਂ ਬੋਲੇ ਦੱਸ ਦਏਗੀ ਤੁਹਾਡੀ ਸੋਚ
ਅਮਰੀਕੀ ਵਿਗਿਆਨੀਆਂ ਦਾ ਕਾਰਨਾਮਾ, ਦਿਮਾਗ ਪੜ੍ਹਨ ਵਾਲੀ ਮਸ਼ੀਨ ਤਿਆਰ, ਬਿਨਾਂ ਬੋਲੇ ਦੱਸ ਦਏਗੀ ਤੁਹਾਡੀ ਸੋਚ

ਅਮਰੀਕੀ ਵਿਗਿਆਨੀਆਂ ਨੇ ਅਜਿਹੀ ਮਸ਼ੀਨ ਬਣਾਈ ਹੈ ਜੋ ਦਿਮਾਗ ਨੂੰ ਪੜ੍ਹ ਸਕੇਗੀ। ਇਹ ਤੁਹਾਡੇ ਦਿਮਾਗ ਵਿੱਚ ਚੱਲ ਰਹੀਆਂ ਗੱਲਾਂ ਨੂੰ ਬੋਲ ਕੇ ਸਾਹਮਣੇ ਵਾਲੇ ਨੂੰ ਦੱਸਣ ਦੇ ਸਮਰਥ ਹੋਏਗੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਤਕਨੀਕ ਬੋਲਣ ਤੋਂ ਅਸਮਰਥ ਲੋਕਾਂ ਲਈ ਕੋਫੀ ਫਾਇਦੇਮੰਦ ਸਾਬਤ ਹੋਏਗੀ।

ਇਹ ਮਸ਼ੀਨ ਬਣਾਉਣ ਲਈ ਸਪੀਚ ਸਿੰਥੇਸਾਈਜ਼ਰ (ਕੰਪਿਊਟਰ ਦੀ ਮਦਦ ਨਾਲ ਤਿਆਰ ਕੀਤ ਆਵਾਜ਼) ਤੇ ਆਰਟੀਫੀਸ਼ਲ ਇੰਟੈਲੀਜੈਂਸ ਦਾ ਇਸਤੇਮਾਲ ਕੀਤਾ ਗਿਆ ਹੈ। ਸਪੀਚ ਸਿੰਥੇਸਾਈਜ਼ਰ ਉਹੀ ਤਕਨੀਕ ਹੈ ਜੋ ਟੈਕਸਟ ਟੂ ਸਪੀਚ ਜਾਂ ਸਕ੍ਰੀਨ ਰੀਡਰ ਵਰਗੀਆਂ ਤਕਨੀਕਾਂ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਇਸ ਤਕਨੀਕ ਦੀ ਮਦਦ ਨਾਲ ਭਵਿੱਖ ਵਿੱਚ ਇਨਸਾਨਾਂ ਦੇ ਵਿਚਾਰ ਦਿਮਾਗ ਤਕ ਹੀ ਸੀਮਤ ਨਹੀਂ ਰਹਿਣਗੇ। ਉਨ੍ਹਾਂ ਦੇ ਨਾ ਦੱਸਣ ’ਤੇ ਵੀ ਉਨ੍ਹਾਂ ਦੇ ਵਿਚਾਰ ਜਾਣੇ ਜਾ ਸਕਣਗੇ। ਬਾਅਦ ਵਿੱਚ ਇਸ ਤਕਨੀਕ ਦਾ ਇਸਤੇਮਾਲ ਕੰਪਿਊਟਰ ਵਿੱਚ ਵੀ ਕੀਤਾ ਜਾ ਸਕੇਗਾ। ਇਸ ਤਰੀਕੇ ਨਾ ਕੰਪਿਊਟਰ ਸਿੱਧਾ ਲੋਕਾਂ ਦੇ ਦਿਮਾਗ ਨੂੰ ਪੜ੍ਹ ਕੇ ਕੰਮ ਕਰੇਗਾ।

ਇਹ ਮਸ਼ੀਨ ਕੋਲੰਬੀਆ ਯੂਨੀਵਰਸਿਟੀ ਦੇ ਇਲੈਕਟ੍ਰੀਕਲ ਇੰਜਨੀਅਰ ਪ੍ਰੋਫੈਸਰ ਨਿਮਾ ਮੇਸਗਰਾਨੀ ਨੇ ਬਣਾਈ ਹੈ। ਲੋਕਾਂ ਦੇ ਦਿਮਾਗ ਦੀ ਐਕਟੀਵਿਟੀ ਨੂੰ ਸਮਝਣ ਲਈ ਪ੍ਰੋ. ਮੇਸਗਰਾਨੀ ਨੇ ਅਮਰੀਕੀ-ਭਾਰਤੀ ਨਿਊਰੋਸਰਜਨ ਡਾ. ਆਸ਼ੀਸ਼ ਮਹਿਤਾ ਦੀ ਮਦਦ ਲਈ। ਇਸ ਦਾ ਪ੍ਰਯੋਗ ਮਿਰਗੀ ਪੀੜਤਾਂ ’ਤੇ ਕੀਤਾ ਗਿਆ। ਖੋਜ ਮੁਤਾਬਕ ਮਿਰਗੀ ਦੇ ਮਰੀਜ਼ਾਂ ਦੀ ਸਰਜਰੀ ਦੌਰਾਨ ਖੋਜੀਆਂ ਨੇ ਸਪੀਕਰ ਦੀ ਮਦਦ ਨਾਲ ਉਨ੍ਹਾਂ ਨੂੰ 0 ਤੋਂ 9 ਤਕ ਦੀਆਂ ਨੰਬਰ ਸੁਣਾਏ।

ਆਵਾਜ਼ ਸੁਣਾਉਣ ਦੌਰਾਨ ਮਰੀਜ਼ ਦੇ ਦਿਮਾਗ ਵਿੱਚ ਜੋ ਸਰਗਰਮੀ ਹੋਈ, ਉਸ ਤੋਂ ਨਿਕਲਣ ਵਾਲੇ ਸਿਗਨਲਾਂ ਨੂੰ ਰਿਕਾਰਡ ਕੀਤਾ ਗਿਆ। ਇਸ ਸਿਗਨਲ ਦੇ ਕਨਵਰਟ ਹੋਣ ਬਾਅਦ ਵੋਕੋਡਰ (ਸਪੀਚ ਸਿੰਥੇਸਾਈਜ਼ਰ ਮਸ਼ੀਨ) ਦੀ ਮਦਦ ਨਾਲ ਆਵਾਜ਼ ਕੱਢੀ ਗਈ। ਇਹ ਆਵਾਜ਼ ਉਸੇ ਕ੍ਰਮ ਵਿੱਚ ਸੀ, ਜਿਸ ਵਿੱਚ ਮਰੀਜ਼ਾਂ ਨੂੰ ਸੁਣਾਈ ਗਈ ਸੀ।