ਪ੍ਰਿਅੰਕਾ ਦੀ ਸਿਆਸਤ ’ਚ ਐਂਟਰੀ ਬਾਰੇ ਰਾਹੁਲ ਗਾਂਧੀ ਵੱਲੋਂ ਨਵਾਂ ਖੁਲਾਸਾ
ਪ੍ਰਿਅੰਕਾ ਦੀ ਸਿਆਸਤ ’ਚ ਐਂਟਰੀ ਬਾਰੇ ਰਾਹੁਲ ਗਾਂਧੀ ਵੱਲੋਂ ਨਵਾਂ ਖੁਲਾਸਾ

ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਕਿ ਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ ਬਾਰੇ ਫੈਸਲਾ ਬਹੁਤ ਸਮਾਂ ਪਹਿਲੇ ਹੀ ਲੈ ਲਿਆ ਗਿਆ ਸੀ। ਲੋਕ ਸਭਾ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਅੱਜ ਉੜੀਸਾ ਪੁੱਜੇ ਸਨ। ਇੱਥੇ ਉਨ੍ਹਾਂ ਆਰਐਸਐਸ, ਬੀਜੇਪੀ ਤੇ ਮੋਦੀ ਸਰਕਾਰ ’ਤੇ ਰੱਜ ਕੇ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ ਜੇ ਵਿਰੋਧੀ ਇੱਕਜੁੱਟ ਹੋ ਗਏ ਤਾਂ ਬੀਜੇਪੀ ਨੂੰ ਆਸਾਨੀ ਨਾਲ ਹਰਾਇਆ ਜਾ ਸਕਦਾ ਹੈ।

ਰਾਹੁਲ ਗਾਂਧੀ ਨੇ ਪ੍ਰਿਅੰਕਾ ਗਾਂਧੀ ਨੂੰ ਇੰਚਾਰਜ ਬਣਾਏ ਜਾਣ ’ਤੇ ਕਿਹਾ ਕਿ ਮੀਡੀਆ ਵਿੱਚ ਕੁਝ ਅਜਿਹੀਆਂ ਖ਼ਬਰਾਂ ਚੱਲੀਆਂ ਸੀ ਕਿ ਅਖ਼ੀਰ ਦੇ 10 ਦਿਨਾਂ ਅੰਦਰ ਫੈਸਲਾ ਲਿਆ ਗਿਆ ਪਰ ਕੁਝ ਸਾਲ ਪਹਿਲਾਂ ਉਨ੍ਹਾਂ ਪ੍ਰਿਅੰਕਾ ਨਾਲ ਇਸ ਬਾਰੇ ਗੱਲ ਕਰ ਲਈ ਸੀ। ਉਸ ਸਮੇਂ ਪ੍ਰਿਅੰਕਾ ਨੇ ਕਿਹਾ ਸੀ ਕਿ ਉਸ ਦੇ ਬੱਚੇ ਛੋਟੇ ਹਨ ਤੇ ਉਹ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਚਾਹੁੰਦੀ ਹੈ। ਹੁਣ ਬੱਚੇ ਵੱਡੇ ਹੋ ਚੁੱਕੇ ਹਨ। ਇਸ ਲਈ ਪ੍ਰਿਅੰਕਾ ਨੇ ਹੁਣ ਸਿਆਸਤ ਵਿੱਚ ਪੈਰ ਧਰ ਲਿਆ ਹੈ।

ਰਾਹੁਲ ਗਾਂਧੀ ਮੁਤਾਬਕ ਹਾਲੇ ਇਹ ਤੈਅ ਨਹੀਂ ਹੋਇਆ ਕਿ ਪ੍ਰਿਅੰਕਾ ਕਦੋਂ ਤੇ ਕਿੱਥੇ ਪ੍ਰਚਾਰ ਕਰੇਗੀ ਪਰ ਫਿਲਹਾਲ ਪਾਰਟੀ ਦਾ ਮੁੱਖ ਕੰਮ ਯੂਪੀ ਵਿੱਚ ਕਾਂਗਰਸ ਨੂੰ ਮੁੜ ਸੁਰਜੀਤ ਕਰਨਾ ਹੈ। ਇਹ ਸਵਾਲ ਪੁੱਛੇ ਜਾਣ ’ਤੇ ਕਿ ਕੀ ਦੋਵਾਂ ਭੈਣ-ਭਰਾਵਾਂ ਵਿਚਾਲੇ ਲੜਾਈ ਵੀ ਹੁੰਦੀ, ਜੇ ਹਾਂ ਤਾਂ ਪਹਿਲਾਂ ਪਿੱਛੇ ਕੌਣ ਹਟਦਾ ਹੈ ਤਾਂ ਰਾਹੁਲ ਨੇ ਜਵਾਬ ਦਿੱਤਾ ਕਿ ਜੇ ਕੋਈ ਰਾਹੁਲ ਤੇ ਪ੍ਰਿਅੰਕਾ ਕੋਲੋਂ ਕਿਸੇ ਵੀ ਮੁੱਦੇ ਬਾਰੇ ਰਾਏ ਪੁੱਛੀ ਜਾਏਗੀ ਤਾਂ 80 ਫੀਸਦੀ ਮੌਕਿਆਂ ’ਤੇ ਇੱਕੋ ਜਿਹਾ ਜਵਾਬ ਮਿਲੇਗਾ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਵਾਂ ਦਾ ਰਿਸ਼ਤਾ ਕਿਹੋ ਜਿਹਾ ਹੈ।