ਬਸੰਤ ਵਾਲੇ ਦਿਨ, ਕੁਲਵਿੰਦਰ ਦੇ ਦੋਵੇਂ ਬੇਟੇ, ਕੋਠੀ ਦੀ ਤੀਜ਼ੀ ਮੰਜ਼ਿਲ ਉੱਤੇ ਖੜ੍ਹੇ ਪਤੰਗ ਉਡਾ ਰਹੇ ਸਨ ਅਤੇ ਉਪਰੋਂ ਉਨ੍ਹਾਂ ਦੀਆਂ ਉੱਚੀ- ਉੱਚੀ ਲਗਾਤਾਰ ਬੋ-ਕਾਟਾ, ਬੋ-ਕਾਟਾ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਜੋ ਹੇਠਾਂ ਡਰਾਇੰਗ ਰੂਮ ਵਿੱਚ ਬੈਠੀ ਕੁਲਵਿੰਦਰ ਦੇ ਕੰਨਾਂ ‘ਚ ਪੈ ਰਹੀਆਂ ਸਨ। ਬੋ-ਕਾਟਾ ਦੀ ਆਵਾਜ਼ ਸੁਣ ਕੇ ਸਵਾ ਕੁ ਮਹੀਨਾ ਪਹਿਲਾਂ ਇਸ ਕੋਠੀ ਦੇ ਗ੍ਰਹਿ-ਪ੍ਰਵੇਸ਼ ਵਾਲਾ ਦਿਨ ਉਸ ਦੇ ਜ਼ਿਹਨ ਵਿੱਚ ਘੁੰਮ ਗਿਆ। ਉਸ ਦਿਨ ਸਾਰੀ ਕੋਠੀ ਵਿੱਚ ਗਹਿਮਾ-ਗਹਿਮੀ ਸੀ, ਕੋਈ ਅੱਧ ਨਾਲੋਂ ਵੱਧ ਗਲੀ ਵਿੱਚ ਟੈਂਟ ਲੱਗਿਆ ਹੋਇਆ ਸੀ, ਪਿਛਲੇ ਪਾਸੇ ਨੂੰ ਜਿੱਥੇ ਅੱਗੋਂ ਜਾ ਕੇ ਗਲੀ ਬੰਦ ਹੈ, ਉੱਥੇ ਤਕ ਸੌ-ਡੇਢ ਸੌ ਦੇ ਕਰੀਬ ਮਹਿਮਾਨਾਂ ਵਾਸਤੇ ਰੰਗ-ਬਰੰਗੀਆਂ ਅਤੇ ਬਹੁਤ ਖ਼ੂਬਸੂਰਤ ਤਰੀਕੇ ਨਾਲ ਸਜਾਈਆਂ ਹੋਈਆਂ ਕੁਰਸੀਆਂ ਲੱਗੀਆਂ ਸਨ ਕਿਉਂਕਿ ਉਸ ਦੇ ਪਤੀ ਅਤੇ ਉਸ ਦੇ ਆਪਣੇ ਦਫ਼ਤਰ ਦੇ ਵੱਡੇ-ਵੱਡੇ ਅਫ਼ਸਰਾਂ ਸਮੇਤ ਕੁਰਸੀਆਂ ਉੱਤੇ ਰਿਸ਼ਤੇਦਾਰਾਂ ਨੇ ਵੀ ਬਿਰਾਜਣਾ ਸੀ।
ਦੁਪਹਿਰ ਤਕ ਅਖੰਡ ਪਾਠ ਦਾ ਭੋਗ ਵੀ ਪੈ ਚੁੱਕਿਆ ਸੀ ਪਰ ਅਜੇ ਤਕ ਕੁਲਵਿੰਦਰ ਦੇ ਪੇਕਿਆਂ ਵਾਲੇ ਪਾਸੇ ਤੋਂ ਕੋਈ ਨਹੀਂ ਸੀ ਬਹੁੜਿਆ। ਤਕਲੀਫ਼ ਤਾਂ ਉਸ ਨੂੰ ਹੋ ਰਹੀ ਸੀ ਪਰ ਉਹ ਆਪਣੇ ਸਹਿਕਰਮੀਆਂ ਅਤੇ ਪਤੀ ਦੇ ਦਫ਼ਤਰੋਂ ਆਏ ਮਹਿਮਾਨਾਂ ਕਰ ਕੇ ਕਿਸੇ ਨੂੰ ਕੁਝ ਜ਼ਾਹਰ ਨਹੀਂ ਸੀ ਹੋਣ ਦੇ ਰਹੀ। ਜਦੋਂ ਉਹ ਕਿਸੇ ਵੀ ਬਾਹਰੋਂ ਆਉਣ ਵਾਲੇ ਮਹਿਮਾਨ ਨੂੰ ਪੰਡਾਲ ਅੰਦਰ ਦਾਖ਼ਲ ਹੁੰਦਾ ਦੇਖਦੀ ਤਾਂ ਝੱਟ ਉਸ ਦੀ ਨਿਗਾਹ ਉਸ ਦੇ ਚਿਹਰੇ ਵੱਲ ਚਲੀ ਜਾਂਦੀ ਪਰ ਅਗਲੇ ਹੀ ਪਲ ਆਪਣੀਆਂ ਨਿਰਾਸ਼ ਨਿਗਾਹਾਂ ਨੂੰ ਆਸੇ-ਪਾਸੇ ਘੁੰਮਾ ਕੇ ਉਹ ਫ਼ਿਰ ਸਹਿਜ ਕਰ ਲੈਂਦੀ। ਉਡੀਕ ਤਾਂ ਉਸ  ਤੀਬਰਤਾ ਨਾਲ ਕਰਨੀ ਹੀ ਸੀ ਕਿਉਂਕਿ ਗ੍ਰਹਿ ਪ੍ਰਵੇਸ਼ ਤੋਂ ਥੋੜ੍ਹੇ ਦਿਨ ਪਹਿਲਾਂ ਉਸ ਨੇ ਬੜੇ ਉਤਸ਼ਾਹ ਨਾਲ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਫ਼ੋਨ ਘੁਮਾਇਆ ਸੀ। ਉਹ ਨਾਲੋ-ਨਾਲ ਉਨ੍ਹਾਂ ਨੂੰ ਨਵੇਂ ਸਾਲ ਦੀਆਂ ਸ਼ੁਭ-ਕਾਮਨਾਵਾਂ ਵੀ ਦੇ ਰਹੀ ਸੀ, ਨਾਲੇ ਵਾਰ-ਵਾਰ ਕਹਿ ਰਹੀ ਸੀ: ਵੀਰ ਜੀ, ਭਾਬੀ ਜੀ, ਭੂਆ ਜੀ, ਫ਼ੁੱਫ਼ੜ ਜੀ, ਮਾਮਾ ਜੀ, ਤਾਇਆ ਜੀ, ਦਸ ਤਰੀਕ ਨਹੀਂ ਭੁੱਲਣੀ, ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਆਪਣੀ ਕੋਠੀ ‘ਚ ਗ੍ਰਹਿ-ਪ੍ਰਵੇਸ਼ ਕਰ ਰਹੇ ਹਾਂ, ਕਾਰਡ ਵੀ ਕੱਲ੍ਹ ਸਾਰਿਆਂ ਨੂੰ ਕੋਰੀਅਰ ਹੋ ਜਾਣਗੇ, ਫ਼ੋਨ ਤਾਂ ਮੈਂ ਤੁਹਾਨੂੰ ਨਿੱਜੀ ਤੌਰ ‘ਤੇ ਸਿਰਫ਼ ਦਸ ਤਰੀਕ ਯਾਦ ਰੱਖਣ ਲਈ ਕਰ ਰਹੀ ਹਾਂ।
ਪਰ ਸਾਰਾ ਪ੍ਰੋਗਰਾਮ ਸਮਾਪਤ ਹੋ ਚੁੱਕਿਆ ਸੀ, ਕੁਰਸੀਆਂ ਅੱਧ ਤੋਂ ਵੱਧ  ਖਾਲੀ ਝਾਕ ਰਹੀਆਂ ਸਨ, ਕੋਈ ਵੀ ਮਹਿਮਾਨ ਉਨ੍ਹਾਂ ਉੱਤੇ ਜ਼ਿਆਦਾ ਸਮੇਂ ਲਈ ਬੈਠਿਆ ਹੀ ਨਾ। ਕੁਲਵਿੰਦਰ ਨੂੰ ਚੜਿਆ ਚਾਅ, ਹੁਣ ਗੁੱਸੇ ‘ਚ  ਬਦਲ ਕੇ ਅੱਗ ਦਾ ਭਾਂਬੜ ਬਣਦਾ ਜਾ ਰਿਹਾ ਸੀ। ਉਸ ਦੇ ਮੰਮੀ-ਡੈਡੀ ਨੇ ਤਾਂ ਪਹੁੰਚਣਾ ਹੀ ਪਹੁੰਚਣਾ ਸੀ ਪਰ ਤਾਏ ਦੇ ਪੁੱਤ, ਚਾਚਿਆਂ ਦੇ ਮੁੰਡੇ, ਮਾਮੇ, ਭੂਆ ਦੇ ਬੱਚੇ, ਭਤੀਜੇ ਅਤੇ ਨੂੰਹਾਂ, ਕੀ ਕਿਸੇ ਨੂੰ ਵੀ ਉਸ ਦੀ ਦੱਸੀ ਹੋਈ ਤਰੀਕ ਯਾਦ ਨਹੀਂ ਰਹੀ? ਅੱਜ ਇਸ ਖ਼ਾਸ ਦਿਨ ਉੱਤੇ ਵੀ ਉਹ ਆਪਣੀ ਭੈਣ ਨੂੰ ਭੁੱਲ ਗਏ। ਜਿਨ੍ਹਾਂ ਦੇ ਕਾਂ ਹੱਥ ਘੱਲੇ ਸੁਨੇਹੇ ‘ਤੇ ਉਹ ਕਿਤੇ ਦੀ ਕਿਤੇ ਵੀ ਅੱਪੜ ਜਾਂਦੀ ਸੀ, ਭਾਵੇਂ ਉਹ ਕਿੰਨੇ ਹੀ ਦੂਰ-ਦੁਰਾਡੇ ਰਹਿੰਦੇ ਸਨ। ਉਹ ਸੋਚਦੀ ਸੀ: ਕੀ ਹੋਇਆ ਜੇ ਮੈਂ ਨੌਕਰੀ ਕਰਦੀ ਹਾਂ ਜਾਂ ਨੌਕਰੀ ਕਰਨ ਵਾਲੇ ਨਾਲ ਵਿਆਹੀ ਗਈ ਹਾਂ।
ਪਿਛਲੇ ਕਿੰਨੇ ਹੀ ਸਾਲਾਂ ਤੋਂ ਕੁਲਵਿੰਦਰ ਤੇ ਉਸ ਦਾ ਪਤੀ ਚੰਡੀਗੜ੍ਹ ਵਿੱਚ ਨੌਕਰੀ ਕਰਦੇ ਹੋਏ ਕਿਰਾਏ ਦੀ ਕੋਠੀ ਵਿੱਚ ਰਹਿੰਦੇ ਸਨ। ਇਸ ਸ਼ਹਿਰ ‘ਚ ਜ਼ਮੀਨ ਜ਼ਿਆਦਾ ਮਹਿੰਗੀ ਹੋਣ ਕਰ ਕੇ ਪਲਾਟ ਜਾਂ ਕੋਈ ਬਣਿਆ- ਬਣਾਇਆ ਫ਼ਲੈਟ ਖ਼ਰੀਦਣਾ ਉਨ੍ਹਾਂ ਦਾ ਸੁਪਨਾ ਬਣ ਕੇ ਰਹਿ ਚੱਲਿਆ ਸੀ, ਜੇ ਕੁਲਵਿੰਦਰ ਦੇ ਪਤੀ ਦੇ ਕੁਝ ਦੋਸਤ-ਮਿੱਤਰਾਂ ਦੀ ਮਿਹਰਬਾਨੀ ਨਾ ਹੁੰਦੀ। ਇਹ ਪਲਾਟ ਉਨ੍ਹਾਂ ਦੇ ਸਹਿਯੋਗ ਨਾਲ ਖ਼ਰੀਦਿਆ ਗਿਆ ਸੀ ਜਿਸ ਦਾ ਸਿਰ ਚੜ੍ਹਿਆ ਪੈਸਾ ਉਤਾਰਨ ਤੋਂ ਬਾਅਦ ਇਸ ਪਲਾਟ ਨੂੰ ਤਿੰਨ-ਮੰਜ਼ਿਲਾ ਕੋਠੀ ਬਣਾਉਣ ਵਿੱਚ ਕਿੰਨੇ ਹੀ ਵਰ੍ਹੇ ਲੱਗ ਗਏ ਸਨ। ਇੰਨੇ ਅਰਸੇ ਦੌਰਾਨ ਕੁਲਵਿੰਦਰ ਦੇ ਪੇਕਿਆਂ, ਨਾਨਕਿਆਂ ਜਾਂ ਹੋਰ ਕਈ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਅਨੇਕਾਂ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ। ਉਹ  ਕਿਸੇ ਵੀ ਰਿਸ਼ਤੇਦਾਰ ਦੇ ਮਾਮੂਲੀ ਸੁਨੇਹੇ ‘ਤੇ ਉਨ੍ਹਾਂ ਦੇ ਪਿੰਡ ਜਾਂ ਸ਼ਹਿਰ ਜਾ ਪੁੱਜਦੀ। ਆਪਣੀ ਨੌਕਰੀ ਨੂੰ ਤਾਂ ਉਸ ਨੇ ਬਚਾਉਣਾ ਹੀ ਸੀ ਪਰ ਉਹ ਕਿਸੇ ਰਿਸ਼ਤੇਦਾਰ ਨਾਲ ਵੀ ਟੁੱਟਣਾ ਨਹੀਂ ਸੀ ਚਾਹੁੰਦੀ। ਜੇ ਕਿਸੇ ਛੁੱਟੀ ਵਾਲੇ ਦਿਨ ਕਿਸੇ ਰਿਸ਼ਤੇਦਾਰ ਦੇ ਘਰ ਉਸ ਨੂੰ ਕੋਈ ਸਮਾਗਮ ਵਗੈਰਾ ਆਉਂਦਾ ਤਾਂ ਉਹ ਆਪਣੇ ਦੋਵੇਂ ਬੱਚਿਆਂ ਸਮੇਤ ਵੀ ਚੰਡੀਗੜ੍ਹੋਂ, ਬਠਿੰਡੇ ਜਾਂ ਮਾਨਸਾ ਜਾ  ਪੁੱਜਦੇ।
ਇੱਕ ਵਾਰ ਦੀ ਦਿਲ-ਕੰਬਾਊ ਘਟਨਾ ਦਾ ਜ਼ਿਕਰ ਉਹ ਸਾਰੇ ਰਿਸ਼ਤੇਦਾਰਾਂ ਅਤੇ ਆਪਣੇ ਦਫ਼ਤਰ ਦੇ ਸਾਥੀਆਂ ਕੋਲ ਅਕਸਰ ਕਰਦੀ ਹੁੰਦੀ ਸੀ। ਉਹ ਕਹਿੰਦੀ: ਹੋਇਆ ਇੰਜ ਇੱਕ ਵਾਰ ਅੱਧੀ ਕੁ ਰਾਤ ਦਾ ਵੇਲਾ ਸੀ, ਜਦੋਂ ਅਸੀਂ ਪਟਿਆਲੇ ਤੋਂ ਅੱਗੇ ਅਜੇ ਨਹਿਰ ਟੱਪੀ ਹੀ ਸੀ ਕਿ ਸਾਡੀ ਗੱਡੀ ਦਾ ਟਾਇਰ ਪਟਾਕਾ ਮਾਰ ਗਿਆ, ਉਪਰੋਂ ਖਾੜਕੂਆਂ ਦਾ ਇੰਨਾ ਜ਼ੋਰ ਕਿ ਉਨ੍ਹਾਂ ਦੀ ਮਰਜ਼ੀ ਬਿਨਾਂ ਚਿੜੀ ਵੀ ਕਿਧਰੇ ਨਹੀਂ ਸੀ ਫ਼ਰਕ ਸਕਦੀ। ਅਜਿਹੇ ਸਮੇਂ ‘ਚ ਘਰੋਂ ਤੁਰਨਾ ਤਾਂ ਤੁਹਾਡੀ ਆਪਣੀ ਮਰਜ਼ੀ ਸੀ ਪਰ ਘਰਾਂ ਨੂੰ ਜਿਉਂਦੇ ਵਾਪਸ ਮੋੜਨਾ ਦੇ ਹੱਥ-ਵੱਸ ਸੀ ਪਰ ਅਸੀਂ ਪਹੁੰਚਣਾ ਸੀ ਬਠਿੰਡੇ। ਜਿਉਂ ਹੀ ਇਹ ਜੈੱਕ ਲਾ ਕੇ ਗੱਡੀ ਦਾ ਟਾਇਰ ਬਦਲਣ ਲੱਗੇ, ਤਿੰਨ ਬੰਦੇ ਪਤਾ ਨਹੀਂ ਕਿਧਰੋਂ ਆ ਗਏ। ਉਨ੍ਹਾਂ ਦੇ ਹੱਥਾਂ ਵਿੱਚ ਸਟੇਨਗੰਨਾਂ ਸਨ, ਅਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਆਏ ਦੇਖ ਕੇ ਬਹੁਤ ਡਰ ਗਏ ਸਾਂ ਕਿ ਹੁਣ ਕੀ ਬਣੇਗਾ? ਬਸ ਅੱਜ ਤਾਂ ਸਾਡਾ ਆਖ਼ਰੀ ਦਿਨ ਹੈ। ਕੋਲ ਆਉਂਦਿਆਂ ਹੀ ਉਨ੍ਹਾਂ ‘ਚੋਂ ਇੱਕ ਜਣੇ ਨੇ ਇਨ੍ਹਾਂ ਨੂੰ ਧੌਣ ਤੋਂ ਫ਼ੜ ਲਿਆ ਅਤੇ ਉਨ੍ਹਾਂ ਵਿੱਚੋਂ ਦੋ ਗੱਡੀ ਦੀ ਹੈੱਡਲਾਈਟ ਦੇ ਚਾਨਣ ਵਿੱਚ ਖੜ੍ਹ ਕੇ ਆਪਣੀਆਂ ਸਟੇਨਗੰਨਾਂ ਲੋਡ ਕਰ ਲਈਆਂ। ਅਸੀਂ ਗੱਡੀ ਵਿੱਚ  ਬੈਠਿਆਂ ਨੇ ਹੀ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦਿੱਤਾ ਅਤੇ ਮਨੋ-ਮਨੀ ਅਗਾਂਹ ਨੂੰ ਅਜਿਹੇ ਵਕਤ ਘਰੋਂ ਨਾ ਤੁਰਨ ਦੀਆਂ ਕਸਮਾਂ ਖਾਣ ਲੱਗੇ। ਪਰ ਇਹ ਡਰੇ ਨਹੀਂ, ਨਾ ਹੀ ਘਬਰਾਏ। ਜਦੋਂ ਉਨ੍ਹਾਂ ਨੇ ਗੋਲੀਆਂ ਲੋਡ ਕਰ ਲਈਆਂ ਤਾਂ ਉਨ੍ਹਾਂ ਸਾਨੂੰ ਪੁੱਛਿਆ, ”ਤੁਸੀਂ ਕੌਣ ਹੋ? ਕਿੱਥੋਂ ਆਏ ਹੋ ਤੇ ਕਿੱਥੇ ਜਾਣੈ?” ਜਦੋਂ ਇਨ੍ਹਾਂ ਨੇ ਸਹਿਜ ਅਤੇ ਦ੍ਰਿੜ੍ਹ-ਵਿਸ਼ਵਾਸ ਨਾਲ ਉਨ੍ਹਾਂ ਨੂੰ ਸਾਰੀ ਗੱਲ ਸੱਚੋ-ਸੱਚ ਦੱਸ ਦਿੱਤੀ ਤਾਂ ਕਿਤੇ ਜਾ ਕੇ ਸਾਨੂੰ ਰਾਹਤ ਮਿਲੀ। ਫ਼ਿਰ ਉਨ੍ਹਾਂ ਨੇ ਸਾਡੀ ਗੱਡੀ ਦਾ ਟਾਇਰ ਬਦਲਣ ਵਿੱਚ ਸਾਡੀ ਮਦਦ ਵੀ ਕੀਤੀ। ਤੁਰਨ ਵੇਲੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਸੀਂ ਆਪਣੀਆਂ ਸਟੇਨਗੰਨਾਂ ਕਦੇ ਵੀ ਖਾਲੀ ਨਹੀਂ ਰੱਖਦੇ, ਇਹ ਤਾਂ ਪਿਛਲੇ ਰਸਤੇ ਉੱਤੇ ਮੁਕਾਬਲਾ ਹੋ ਜਾਣ ਕਰ ਕੇ ਖਾਲੀ ਹੋ ਗਈਆਂ ਸਨ, ਸ਼ਾਇਦ ਤੁਹਾਡੀ ਚੰਗੀ ਕਿਸਮਤ ਨੂੰ। ਜਾਉ ਨੱਠ ਜਾਉ। ਅੱਗੇ ਤੋਂ ਰਾਤ-ਬਰਾਤੇ ਇੰਜ ਕਦੇ ਵੀ ਬਾਹਰ ਨਾ ਨਿਕਲਣਾ।” ਜਦੋਂ ਉਨ੍ਹਾਂ ਇੰਜ ਕਿਹਾ ਤਾਂ ਇਨ੍ਹਾਂ ਨੇ ਤਾਂ ਗੱਡੀ ਦੀ ਸ਼ੂਟ ਵੱਟ ਦਿੱਤੀ। ਹੁਣ ਜਦੋਂ ਵੀ ਉਹ ਘਟਨਾ ਚੇਤੇ ਆ ਜਾਂਦੀ ਹੈ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਜਿਵੇਂ ਹੁਣ ਵੀ ਕਿਸੇ ਨੇ ਇਨ੍ਹਾਂ ਦੀ ਧੌਣ ਫ਼ੜੀ ਹੋਵੇ।
ਇੰਨੇ ਜੋਖ਼ਮ ਭਰੇ ਸਮਿਆਂ ਵਿੱਚ ਵੀ ਅਸੀਂ ਆਪਣੇ ਰਿਸ਼ਤੇਦਾਰਾਂ ਦਾ ਖਹਿੜਾ ਨਹੀਂ ਛੱਡਿਆ। ਹੁਣ ਤਾਂ ਮਾਹੌਲ ਵੀ ਠੀਕ ਹੈ, ਹੁਣ ਕਿਉਂ ਨਹੀਂ ਪਹੁੰਚੇ ਸਾਰੇ? ਉਸ ਦੇ ਮਨ ‘ਚ ਇਹੀ ਸੁਆਲ ਵਾਰ-ਵਾਰ ਉੱਠ ਰਿਹਾ ਸੀ।
ਬਾਹਰੋਂ ਆਏ ਮਹਿਮਾਨਾਂ ਦੇ ਜਾਣ ਤੋਂ ਬਾਅਦ ਸ਼ਾਮ ਦੇ ਵਕਤ ਜਦੋਂ ਉਸ ਦਾ ਸਾਰਾ ਪਰਿਵਾਰ ਇਕੱਠਾ ਹੋ ਕੇ ਬੈਠਿਆ ਤਾਂ ਕੁਲਵਿੰਦਰ ਦੇ ਪੇਕਿਆਂ ਵੱਲੋਂ ਇਸ ਪ੍ਰੋਗਰਾਮ ਵਿੱਚ ਨਾ ਪਹੁੰਚੇ, ਬਾਕੀ ਦੇ ਉਨ੍ਹਾਂ ਰਿਸ਼ਤੇਦਾਰਾਂ ਬਾਰੇ ਉਸ ਨੇ ਖ਼ੁਦ ਹੀ ਗੱਲ ਛੇੜ ਲਈ। ਉਸ ਦੀ ਗੱਲ ਸੁਣ ਕੇ ਉਸ ਦੇ ਪਤੀ ਨੇ ਕਿਹਾ,  ”ਚਲੋ ਉਨ੍ਹਾਂ ਦੀ ਮਰਜ਼ੀ ਹੈ, ਤੂੰ ਹਰ ਗੱਲ ਆਪਣੇ ਮਨ ਨੂੰ ਨਾ ਲਾਇਆ ਕਰ। ਉਹ ਵੱਡੇ ਲੋਕ ਹਨ, ਬਿਜ਼ਨਸਮੈਨ ਹਨ ਸਾਰੇ। ਨੌਕਰੀ ਕਰਨ ਵਾਲਿਆਂ ਨੂੰ ਉਹ ਸ਼ੁਰੂ ਤੋਂ ਹੀ ਚੰਗਾ ਨਹੀਂ ਸਮਝਦੇ। ਜੇ ਆਪਾਂ ਨੌਕਰੀ ਕਰਦੇ ਹਾਂ ਤਾਂ ਇਸ ਵਿੱਚ ਆਪਣਾ ਕੀ ਕਸੂਰ ਹੈ? ਉਨ੍ਹਾਂ ਦੀਆਂ ਨਜ਼ਰਾਂ ਵਿੱਚ ਚਾਕਰੀ ਹਮੇਸ਼ਾਂ ਨਖਿੱਧ ਰਹੀ ਹੈ ਅਤੇ ਵਪਾਰ ਉੱਤਮ।”
”ਤੁਹਾਡੀ ਇਸ ਗੱਲ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਪਰ ਖ਼ੂਨ ਦੇ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ? ਮੇਰੇ ਖ਼ਿਆਲ ‘ਚ ਮੇਰੇ ਪੇਕਿਆਂ ਵੱਲੋਂ ਅੱਜ ਤਕ ਉਹ ਲੋਕ ਕਦੇ ਵੀ ਕਿਸੇ ਦੁੱਖ-ਸੁੱਖ ਵਿੱਚ ਆ ਕੇ ਖੜ੍ਹੇ ਨਹੀਂ। ਆਪਾਂ ਕਿੰਨੇ ਫ਼ੰਕਸ਼ਨ ਕਰਵਾਏ, ਇੱਥੋਂ ਤਕ ਕਿ ਤੁਹਾਡੇ ਪਿਤਾ ਜੀ ਵੀ ਇਸ ਸੰਸਾਰ ਤੋਂ ਚਲੇ ਗਏ, ਮਜਾਲ ਹੈ ਕਿਸੇ ਦੀ ਕੋਈ ਅਫ਼ਸੋਸ ਕਰਨ ਆਪਣੇ ਘਰ ਤਕ  ਪੁੱਜਿਆ ਹੋਵੇ, ਫ਼ੋਨਾਂ ‘ਤੇ ਤਾਂ ਸਭ ਸਾਰ ਲੈਂਦੇ ਨੇ। ਇਸ ਦਾ ਮਤਲਬ ਆਪਾਂ ਬੇਵਕੂਫ਼ ਸੀ ਜਿਹੜੇ ਉਨ੍ਹਾਂ ਦੀਆਂ ਖ਼ਬਰਾਂ ਲੈਣ ਕਿਤੇ ਦੀ ਕਿਤੇ ਜਾ ਪੁੱਜਦੇ ਸਾਂ! ਕੀ ਕਰਨਾ ਹੈ ਅਜਿਹੇ ਬਿਜ਼ਨਸ ਨੂੰ ਜਿਹੜਾ ਰਿਸ਼ਤਿਆਂ ‘ਚ ਫ਼ਿੱਕ ਪਾਉਂਦਾ ਹੋਵੇ? ਪਰ ਅੱਜ ਉਹ ਸਾਰੇ ਇਸ ਪ੍ਰੋਗਰਾਮ ਉੱਤੇ ਪਹੁੰਚ ਜਾਂਦੇ ਤਾਂ ਉਨ੍ਹਾਂ ਦਾ ਸਭ ਕੁਝ ਮੁਆਫ਼ ਹੋ ਜਾਣਾ ਸੀ ਕਿਉਂਕਿ ਮੇਰੀ ਜ਼ਿੰਦਗੀ ਦਾ ਇਹੀ ਇੱਕ ਅਹਿਮ ਸੁਪਨਾ ਸੀ, ਜਿਸ ਵਿੱਚ ਤੁਹਾਡੇ ਪਰਿਵਾਰ ਵਾਂਗ ਮੈਂ ਚਾਹੁੰਦੀ ਸਾਂ ਕਿ ਮੇਰਾ ਵੀ ਸਾਰਾ ਆਰ-ਪਰਿਵਾਰ ਬੈਠਾ ਹੋਵੇ। ਇਸ ਗੱਲ ਦੀ ਉਨ੍ਹਾਂ ਨੇ ਰਤਾ ਵੀ ਪਰਵਾਹ ਨਹੀਂ ਕੀਤੀ। ਉਹ ਅੱਜ ਵੀ ਨਹੀਂ ਆਏ। ਅੱਜ ਮੈਂ ਆਪਣੇ ਮੰਮੀ-ਡੈਡੀ ਸਾਹਮਣੇ ਤੁਹਾਨੂੰ ਕਹਿਣ ਲੱਗੀ ਹਾਂ ਕਿ ਇਹੋ ਜਿਹੇ ਰਿਸ਼ਤੇਦਾਰਾਂ ਦਾ ਜਿਨ੍ਹਾਂ ਦਾ ਮੈਨੂੰ ਕੁਝ ਜ਼ਿਆਦਾ ਹੀ ਮੋਹ ਮਾਰਦਾ ਰਹਿੰਦਾ ਹੈ, ਅੱਜ ਤੋਂ ਕਾਟਾ ਮਾਰੋ, ਨਾ ਕਿਸੇ ਦੇ ਆਓ ਨਾ ਜਾਓ। ਜਿਹੜਾ ਕਦੇ ਕਿਸੇ ਦੁੱਖ-ਸੁੱਖ ਵਿੱਚ ਆ ਕੇ ਖੜ੍ਹਿਆ ਹੀ ਨਾ ਹੋਵੇ, ਉਹ ਕਾਹਦਾ ਰਿਸ਼ਤੇਦਾਰ? ਰਹਿਣ ਦਿਓ ਵੱਡੇ ਬਿਜ਼ਨਸਮੈਨ ਬਣੇ, ਉਨ੍ਹਾਂ ਨੂੰ ਆਪਣੇ ਘਰੇ।” ਅਚਾਨਕ ਥੋੜ੍ਹੀ ਦੇਰ ਬਾਅਦ ਕੁਲਵਿੰਦਰ ਦੇ ਦੋਵੇਂ ਬੱਚੇ ਕੋਠੇ ਤੋਂ ਖੇਡਦੇ-ਖੇਡਦੇ ਹੇਠ ਉਤਰ ਆਏ। ਆਉਂਦੇ ਹੀ ਵੱਡਾ  ਮੁੰਡਾ ਆਪਣੀ ਮੰਮੀ ਨੂੰ ਬੋਲਿਆ, ”ਮੰਮੀ ਮੰਮੀ, ਅੱਜ ਨਾ ਮੈਂ  ਪੰਜ-ਪਤੰਗਾਂ ਦਾ  ਬੋ-ਕਾਟਾ ਕਰ ਦਿੱਤਾ।” ”ਮੈਂ ਵੀ ਪੰਜ ਰਿਸ਼ਤੇ ਕੱਟ ਦਿੱਤੇ,” ਕੁਲਵਿੰਦਰ ਅਜੇ ਆਪਣੇ ਵਜੂਦ ‘ਚ ਮੁੜੀ ਨਹੀਂ ਸੀ ਕਿ ਉਸ ਦੇ ਮੂੰਹੋਂ ਅਚਾਨਕ ਨਿਕਲ ਗਿਆ। ”ਤੁਸੀਂ ਵੀ ਉਹ ਕਿਵੇਂ?” ਮੁੰਡੇ ਨੇ ਹੈਰਾਨੀ ਨਾਲ ਆਪਣੀ ਮਾਂ ਤੋਂ ਪੁੱਛਿਆ। ”ਜਿਵੇਂ ਤੂੰ ਪਤੰਗ ਕੱਟ ਕੇ ਆਇਆ ਹੈਂ, ਉਵੇਂ ਹੀ” ਉਹ ਥੋੜ੍ਹਾ ਸੰਭਲ ਕੇ ਬੋਲੀ। ”ਇਹ ਰਿਸ਼ਤੇ ਪਤੰਗ ਥੋੜ੍ਹਾ ਹੁੰਦੇ ਨੇ ਜਿਹੜੇ ਇਉਂ ਕੱਟੇ ਜਾਣਗੇ? ਮੰਮੀ, ਕੀ ਇਹ ਰਿਸ਼ਤੇ ਚਾਇਨਾ-ਡੋਰ ਵਰਗੇ ਮਜ਼ਬੂਤ ਧਾਗਿਆਂ ਨਾਲ ਨਹੀਂ ਬੰਨ੍ਹੇ ਜਾ ਸਕਦੇ?” ਮੁੰਡੇ ਨੇ ਆਪਣੇ ਹੱਥਾਂ ‘ਚ ਫ਼ੜੀ ਹੋਈ ਚਾਇਨਾ ਡੋਰ ਆਪਣੀ ਮਾਂ ਨੂੰ ਦਿਖਾਉਂਦਿਆਂ ਅਚਾਨਕ ਸਿਆਣਪ ਘੋਟੀ। ”ਰਿਸ਼ਤੇਦਾਰੀਆਂ ਚਾਇਨਾ-ਡੋਰ ਨਾਲ ਨਹੀਂ ਪੁੱਤਰਾ, ਇਹ ਤਾਂ ਕੱਚੇ ਧਾਗਿਆਂ ਨਾਲ ਵੀ ਬੰਨ੍ਹੀਆਂ ਰਹਿ ਜਾਂਦੀਆਂ ਨੇ ਪਰ ਮਿੱਠੀਆਂ ਜ਼ੁਬਾਨਾਂ ਹੋਣ  ਅਤੇ ਇੱਕ ਦੂਜੇ ਦੇ ਆਉਣੀਆਂ- ਜਾਣੀਆਂ ਬਣੀਆਂ ਰਹਿਣ ਤਾਂ। ਜਿਹੜੇ ਰਿਸ਼ਤੇ ਇਨ੍ਹਾਂ ਕਸਵੱਟੀਆਂ ਉੱਤੇ ਖਰੇ ਨਹੀਂ ਉਤਰਦੇ, ਉਹ  ਇਉਂ ਕੱਟੇ ਜਾਂਦੇ ਨੇ ਜਿਵੇਂ ਤੂੰ ਪਤੰਗ ਕੱਟ ਕੇ ਆਇਆ ਹੈਂ, ਉੱਥੇ ਚਾਇਨਾ-ਡੋਰ ਵਰਗੇ ਮਜ਼ਬੂਤ ਧਾਗੇ ਵੀ ਕੋਈ ਮਾਅਨੇ ਨਹੀਂ ਰੱਖਦੇ ਸਮਝਿਆ?” ਮੁੰਡਾ ਆਪਣੀ ਮੰਮੀ ਦੇ ਮੂੰਹੋਂ ਖਰਾ ਜੁਆਬ ਸੁਣ ਕੇ ਨਿਰੁੱਤਰ ਉਸ ਵੱਲ ਝਾਕਦਾ ਹੋਇਆ ਆਪਣੇ ਹੱਥ ‘ਚ ਫ਼ੜੀ ਚਾਇਨਾ-ਡੋਰ ਨੂੰ ਖਿੱਚ ਖਿੱਚ ਕੇ ਦੇਖਣ ਲੱਗ ਪਿਆ।
– ਰਵਿੰਦਰ ਰੁਪਾਲ