ਰੋਹਾਣਾ ਤਕ ਗੱਡੀ ਦੇ ਉਸ ਡੱਬੇ ਵਿੱਚ ਮੈਂ ਇੱਕੱਲਾ ਸੀ। ਫ਼ਿਰ ਇੱਕ ਲੜਕੀ ਆ ਗਈ। ਪਤੀ ਪਤਨੀ ਜੋ ਉਸ ਨੂੰ ਛੱਡਣ ਆਏ ਸਨ ਸ਼ਾਇਦ ਉਸ ਦੇ ਮਾਤਾ ਪਿਤਾ ਸਨ। ਉਹ ਕੁੜੀ ਨੂੰ ਸਫ਼ਰ ਵਿੱਚ ਹੋਣ ਵਾਲੀ ਮੁਸ਼ਕਲ ਬਾਰੇ ਬਹੁਤ ਫ਼ਿਕਰਮੰਦ ਸਨ। ਮਾਂ ਨੇ ਉਸ ਨੂੰ ਖੂਬ ਲੰਬੀ ਚੌੜੀ ਹਿਦਾਇਤ ਦਿੱਤੀ ਕਿ ਆਪਣਾ ਸਾਮਾਨ ਕਿਵੇਂ ਸੰਭਾਲ ਕੇ ਰੱਖਣਾ ਹੈ। ਸਿਰ ਖਿੜਕੀ ਤੋਂ ਬਾਹਰ ਨਾ ਕੱਢਣਾ। ਅਜਨਬੀਆਂ ਨਾਲ ਗੱਲਬਾਤ ਤੋਂ ਪਰਹੇਜ ਕਰਨਾ ਹੈ। ਉਨ੍ਹਾਂ ਨੇ ਕੁੜੀ ਨੂੰ ਅਲਵਿਦਾ ਆਖੀ ਤੇ ਚਲੇ ਗਏ। ਟਰੇਨ ਸਟੇਸ਼ਨ ਤੋਂ ਬਾਹਰ ਆ ਗਈ। ਇਨ੍ਹਾਂ ਦਿਨਾਂ ਤਕ ਮੈਂ ਲਗਪਗ ਸੂਰਦਾਸ ਬਣ ਚੁੱਕਾ ਸਾਂ। ਮੇਰੀਆਂ ਅੱਖਾਂ ਸਿਰਫ਼ ਹਨੇਰੇ ਅਤੇ ਰੌਸ਼ਨੀ ਦਾ ਅੰਤਰ ਕਰ ਸਕਦੀਆਂ ਸਨ। ਮੈਂ ਇਹ ਨਹੀਂ ਸੀ ਦਸ ਸਕਦਾ ਕਿ ਲੜਕੀ ਦੇਖਣ ਵਿੱਚ ਕਿਸ ਤਰ੍ਹਾਂ ਦੀ ਹੈ। ਪਰ ਮੈਨੂੰ ਪਤਾ ਲੱਗ ਗਿਆ ਸੀ ਕਿ ਉਸ ਨੇ ਚੱਪਲ ਪਹਿਨੀ ਹੋਈ ਹੈ ਕਿਉਂਕਿ ਉਸਦੀਆਂ ਚੱਪਲਾਂ ਉਸਦੀਆਂ ਅੱਡੀਆਂ ‘ਚ ਵੱਜ ਕੇ ਪਟਾਕ ਪਟਾਕ ਦੀ ਆਵਾਜ਼ ਕਰ ਰਹੀਆਂ ਸਨ। ਕੁੜੀ ਦੀ ਸ਼ਕਲ ਸੂਰਤ ਬਾਰੇ ਅੰਦਾਜ਼ਾ ਲਾਉਣਾ ਮੇਰੇ ਲਈ ਮੁਸ਼ਕਲ ਸੀ ਜੋ ਮੈਂ ਲਾ ਨਹੀਂ ਸੀ ਸਕਿਆ। ਮੈਨੂੰ ਉਸ ਦੀ ਆਵਾਜ਼ ਦੀ ਗੂੰਜ ਚੰਗੀ ਲੱਗੀ। ਸ਼ਾਇਦ ਚੱਪਲਾਂ ਦੀ ਪਟਾਕ ਪਟਾਕ ਵੀ। ‘ਤੁਸੀਂ ਡੇਹਰਾ ਜਾ ਰਹੇ ਹੋ? ਮੈਂ ਪੁੱਛਿਆ। ਮੈਨੂੰ ਲੱਗਦਾ ਹੈ ਕਿ ਮੈਂ ਹਨੇਰੇ ‘ਚ ਬੈਠਾ ਹੋਇਆ ਸਾਂ, ਕਿਉਂਕਿ ਮੇਰੀ ਆਵਾਜ਼ ਸੁਣ ਕੇ ਉਹ ਚੌਂਕ ਪਈ ਸੀ। ਉਸ ਨੇ ਹੈਰਾਨੀ ਨਾਲ ਕਿਹਾ,’ ਮੈਨੂੰ ਨਹੀਂ ਸੀ ਪਤਾ ਇਥੇ ਕੋਈ ਹੋਰ ਵੀ ਬੈਠਾ ਹੋਇਆ ਹੈ।’ ਹਾਂ, ਕਦੀ ਕਦੀ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਭਲੀ ਚੰਗੀ ਨਜ਼ਰ ਵਾਲੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਸਾਹਮਣੇ ਕੀ ਹੈ। ਮੇਰੇ ਖਿਆਲ ‘ਚ ਅਜਿਹਾ ਇਸ ਲਈ ਹੁੰਦਾ ਹੈ ਕਿ ਉਨ੍ਹਾਂ ਦੇ ਧਿਆਨ ‘ਚ ਬਹੁਤ ਕੁਝ ਹੁੰਦਾ ਹੈ ਜਦੋਂ ਕਿ ਜਿਹੜੇ ਲੋਕ ਦੇਖ ਨਹੀਂ ਸਕਦੇ ਜਾਂ ਜਿਨ੍ਹਾਂ ਨੂੰ ਬਹੁਤ ਘੱਟ ਨਜ਼ਰ ਆਉਂਦਾ ਹੈ ਉਨ੍ਹਾਂ ਦੇ ਧਿਆਨ ‘ਚ ਸਿਰਫ਼ ਉਹੋ ਕੁਝ ਆਉਂਦਾ ਹੈ ਜੋ ਉਨ੍ਹਾਂ ਦੀਆਂ ਬਾਕੀ ਗਿਆਨ ਇੰਦਰੀਆਂ ਗ੍ਰਹਿਣ ਕਰਦੀਆਂ ਹਨ। ‘ਮੈਂ ਤੁਹਾਨੂੰ ਦੇਖਿਆ ਨਹੀਂ।’ ਮੈਂ ਕਿਹਾ। ਪਰ ਮੈਨੂੰ ਤੁਹਾਡੇ ਆਉਣ ਦਾ ਪਤਾ ਲੱਗ ਗਿਆ ਸੀ।’ ਮੈਂ ਸੋਚ ਰਿਹਾ ਸੀ ਕਿ ਕੀ ਮੈਂ ਇਸ ਤੋਂ ਆਪਣੀ ਦ੍ਰਿਸ਼ਟੀਹੀਣਤਾ ਛੁਪਾ ਸਕਾਂਗਾ। ਜੇ ਮੈਂ ਸੀਟ ‘ਤੇ ਟਿਕ ਕੇ ਬੈਠਾ ਰਹਾਂ ਫ਼ਿਰ ਇਹ ਕੋਈ ਮੁਸ਼ਕਲ ਕੰਮ ਨਹੀਂ। ਮੈਂ ਆਪਣੇ ਆਪ ਨੂੰ ਤਸੱਲੀ ਦਿੱਤੀ। ਲੜਕੀ ਨੇ ਕਿਹਾ, ‘ਮੈਂ ਸਹਾਰਨ ਪੁਰ ਜਾਣਾ ਹੈ। ਉਥੇ ਮੇਰੀ ਆਂਟੀ ਮੈਨੂੰ ਸਟੇਸ਼ਨ ‘ਤੇ ਲੈਣ ਆਵੇਗੀ।’ ਫ਼ਿਰ ਤਾਂ ਮੈਨੂੰ ਤੁਹਾਡੇ ਨਾਲ ਜਾਣ ਪਛਾਣ ਨਹੀਂ ਵਧਾਉਣੀ ਚਾਹੀਦੀ ਕਿਉਂਕਿ ਆਂਟੀਆਂ ਅਕਸਰ ਖਤਰਨਾਕ ਹੁੰਦੀਆਂ ਹਨ।’ ਮੈਂ ਕਿਹਾ। ‘ਤੁਸੀਂ ਕਿਥੇ ਜਾ ਰਹੇ ਹੋ।’ ਉਸ ਨੇ ਪੁੱਛਿਆ। ‘ਪਹਿਲਾਂ ਡੇਹਰਾ ਅੱਗੋਂ ਮਸੂਰੀ।’ ਮੈਂ ਦੱਸਿਆ। ਬਈ ਵਾਹ! ਤੁਸੀਂ ਕਿੰਨੇ ਖੁਸ਼ਨਸੀਬ ਹੋ। ਕਿਤੇ ਮੈਂ ਵੀ ਮਸੂਰੀ ਜਾ ਸਕਦੀ। ਪਹਾੜ ਮੈਨੂੰ ਬਹੁਤ ਚੰਗੇ ਲੱਗਦੇ ਹਨ। ਖਾਸ ਕਰ ਅਕਤੂਬਰ ਦੇ ਮਹੀਨੇ।’ ਹਾਂ, ਇਹ ਸਭ ਤੋਂ ਵਧੀਆ ਸਮਾਂ ਹੁੰਦਾ ਹੈ ਪਹਾੜਾਂ ਦੀ ਸੈਰ ਦਾ। ਮੈਂ ਆਪਣੀਆਂ ਯਾਦਾਂ ‘ਤੇ ਜ਼ੋਰ ਪਾਉਂਦੇ ਹੋਏ ਕਿਹਾ।’ ਇਨ੍ਹਾਂ ਦਿਨਾਂ ‘ਚ ਪਹਾੜ ਡੇਲੀਆ ਦੇ ਜੰਗਲੀ ਫ਼ੁੱਲਾਂ ਨਾਲ ਢਕੇ ਹੁੰਦੇ ਹਨ। ਧੁੱਪ ਬੜੀ ਸੁਹਾਵਣੀ ਲੱਗਦੀ ਹੈ। ਰਾਤ ਨੂੰ ਅੱਗ ਬਾਲ ਕੇ ਉਹਦੇ ਆਲੇ ਦੁਆਲੇ ਬੈਠ ਕੇ ਖਾਣ ਪੀਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ। ਹੁਣ ਤਕ ਤਾਂ ਬਹੁਤੇ ਸੈਲਾਨੀ ਚਲੇ ਵੀ ਗਏ ਹੋਣਗੇ। ਸੜਕਾਂ ਖਾਮੋਸ਼ ਤੇ ਸੁੰਨੀਆਂ ਹੋ ਗਈਆਂ ਹੋਣਗੀਆਂ। ਹਾਂ ਅਕਤੂਬਰ ਸਭ ਤੋਂ ਵਧੀਆ ਸਮਾਂ ਹੁੰਦਾ ਹੈ।’ ਉਹ ਚੁੱਪ ਰਹੀ। ਮੈਂ ਇਹ ਸੋਚ ਕੇ ਹੈਰਾਨ ਸੀ ਕਿ ਮੇਰੀਆਂ ਗੱਲਾਂ ਨੇ ਉਸ ਨੂੰ ਪ੍ਰਭਾਵਤ ਕੀਤਾ ਹੈ। ਜਾਂ ਉਹ ਮੈਨੂੰ ਮੂਰਖ ਸਮਝਦੀ ਹੈ। ਫ਼ਿਰ ਤਾਂ ਮੇਰੇ ਕੋਲੋਂ ਗ਼ਲਤੀ ਹੋ ਗਈ। ‘ਬਾਹਰ ਦਾ ਨਜ਼ਾਰਾ ਕਿਸ ਤਰ੍ਹਾਂ ਦਾ ਹੈ? ਮੈਂ ਪੁੱਛਿਆ। ਉਸ ਨੂੰ ਮੇਰਾ ਇਹ ਸਵਾਲ ਕੁਝ ਅਜੀਬ ਨਹੀਂ ਲੱਗਾ। ਕੀ ਉਹ ਜਾਣ ਗਈ ਹੈ ਕਿ ਮੈਂ ਦੇਖ ਨਹੀਂ ਸਕਦਾ। ਪਰ ਉਸਦੇ ਅਗਲੇ ਸਵਾਲ ਨੇ ਮੇਰਾ ਸ਼ੱਕ ਦੂਰ ਕਰ ਦਿੱਤਾ। ‘ਤੁਸੀਂ ਆਪ ਹੀ ਖਿੜਕੀ ਦੇ ਬਾਹਰ ਕਿਉਂ ਨਹੀਂ ਦੇਖ ਲੈਂਦੇ?’ ਮੈਂ ਆਪਣੀ ਸੀਟ ਤੋਂ ਥੋੜ੍ਹਾ ਖਿਸਕਿਆ ਤੇ ਖਿੜਕੀ ਨੂੰ ਟੋਹਿਆ। ਖਿੜਕੀ ਮੇਰੇ ਸਾਹਮਣੇ ਖੁਲ੍ਹੀ ਸੀ। ਹੁਣ ਮੈਂ ਬਾਹਰ ਦੇ ਦ੍ਰਿਸ਼ ਦੇਖਣ ਦਾ ਦਿਖਾਵਾ ਕਰ ਰਿਹਾ ਸੀ। ਮੈਨੂੰ ਇੰਜਣ ਦੇ ਹੌਂਕਣ ਅਤੇ ਪਹੀਆਂ ਦੇ ਖੜ ਖੜ ਦੀ ਆਵਾਜ਼ ਆਈ। ਮਨ ਦੀਆਂ ਅੱਖਾਂ ਨਾਲ ਮੈਂ ਤਾਰਾਂ ਵਾਲੇ ਖੰਭੇ ਗੱਡੀ ਦੇ ਨੇੜਿਓਂ ਲੰਘਦੇ ਦੇਖ ਰਿਹਾ ਸਾਂ। ‘ਤੁਸੀਂ ਕਦੇ ਇਸ ਵੱਲ ਧਿਆਨ ਦਿੱਤਾ ਹੈ ਕਿ ਗੱਡੀ ਚਲਦੇ ਸਮੇਂ ਦਰੱਖ਼ਤ ਪਿੱਛੇ ਨੂੰ ਘੁੰਮਦੇ ਜਾਂਦੇ ਅਤੇ ਅਸੀਂ ਗੱਡੀ ‘ਚ ਬੈਠੇ ਇਸ ਨੂੰ ਇੱਕ ਥਾਂ ਅਹਿੱਲ ਖੜ੍ਹੀ ਅਨੁਭਵ ਕਰਦੇ ਹਾਂ।’ ‘ਹਮੇਸ਼ਾ ਇਸੇ ਤਰ੍ਹਾਂ ਹੁੰਦਾ ਹੈ। ਕੀ ਤੁਹਾਨੂੰ ਕੋਈ ਜਾਨਵਰ ਤੁਰਦੇ ਫ਼ਿਰਦੇ ਦਿਖਾਈ ਦਿੰਦੇ ਹਨ?’ ਉਸ ਨੇ ਪੁੱਛਿਆ। ‘ਨਹੀਂ ਮੈਂ ਪੂਰੇ ਵਿਸ਼ਵਾਸ ਨਾਲ ਕਿਹਾ। ਕਿਉਂਕਿ ਮੈਂ ਜਾਣਦਾ ਸੀ ਕਿਤੇ ਡੇਹਰੇ ਦੇ ਜੰਗਲਾਂ ‘ਚ ਮੁਸ਼ਕਲ ਨਾਲ ਹੀ ਕੋਈ ਜਾਨਵਰ ਬਚਿਆ ਹੋਣਾ ਏ। ਮੈਂ ਖਿੜਕੀ ਤੋਂ ਪਿੱਛੇ ਹੋ ਕੇ ਲੜਕੀ ਵੱਲ ਮੂੰਹ ਕਰਕੇ ਬੈਠ ਗਿਆ। ਥੋੜ੍ਹੀ ਦੇਰ ਅਸੀਂ ਚੁੱਪ ਰਹੇ। ‘ਤੁਹਾਡਾ ਚਿਹਰਾ ਬੜਾ ਦਿਲਚਸਪ ਹੈ।’ ਮੈਂ ਕਿਹਾ। ਹੁਣ ਮੇਰਾ ਹੌਸਲਾ ਵੱਧ ਰਿਹਾ ਸੀ। ਪਰ ਗੱਲ ਇਤਰਾਜ਼ਯੋਗ ਵੀ ਨਹੀਂ ਸੀ। ਵੈਸੇ ਵੀ ਸ਼ਾਇਦ ਹੀ ਕੋਈ ਅਜਿਹੀ ਕੁੜੀ ਹੋਵੇ ਜੋ ਖੁਸ਼ਾਮਦ ਪਸੰਦ ਨਾ ਕਰੇ। ਉਹ ਖੁਸ਼ ਹੋਈ ਤੇ ਹੱਸਣ ਲੱਗੀ। ਇੱਕ ਨਿਰਛਲ ਛਣਕਦਾ ਹਾਸਾ। ‘ਮੇਰਾ ਚਿਹਰਾ ਦਿਲਚਸਪ ਹੈ, ਸੁਣਕੇ ਚੰਗਾ ਲੱਗਾ। ਮੇਰਾ ਚਿਹਰਾ ਖੂਬਸੂਰਤ ਹੈ ਲੋਕਾਂ ਤੋਂ ਇਹ ਸੁਣ ਸੁਣ ਕੇ ਮੈਂ ਤੰਗ ਆ ਗਈ ਹਾਂ। ‘ਉਹੋ, ਤਾਂ ਇਹ ਸੁੰਦਰ ਵੀ ਹੈ!’ ਫ਼ਿਰ ਉਸ ਨੂੰ ਸੁਣਾ ਕੇ ਕਿਹਾ। ‘ਦੇਖੋ ਬਈ! ਦਿਲਚਸਪ ਚਿਹਰੇ ਵੀ ਸੁੰਦਰ ਹੋ ਸਕਦੇ ਹਨ।’ ‘ਤੁਸੀਂ ਦਲੇਰ ਨੌਜਵਾਨ ਹੋ। ਪਰ ਤੁਸੀਂ ਇੰਨੇ ਸੰਜੀਦਾ ਕਿਉਂ ਹੋ?’ ਮੈਂ ਸੋਚਿਆ ਹੁਣ ਮੈਂ ਇਹਦੇ ਲਈ ਹੱਸਣ ਦੀ ਕੋਸ਼ਿਸ਼ ਕਰਾਂਗਾ। ਹਾਸੇ ਦੇ ਵਿੱਚਾਰ ਨੇ ਮੈਨੂੰ ਹੋਰ ਦੁਖੀ ਅਤੇ ਉਦਾਸ ਕਰ ਦਿੱਤਾ। ‘ਬਸ ਜਲਦੀ ਹੀ ਤੁਹਾਡਾ ਸਟੇਸ਼ਨ ਆਉਣ ਵਾਲਾ ਹੈ।’ ਮੈਂ ਕਿਹਾ। ‘ਸ਼ੁਕਰ ਹੈ ਰੱਬ ਦਾ। ਇਹ ਸਫ਼ਰ ਛੋਟਾ ਜਿਹਾ ਹੈ। ਗੱਡੀ ਵਿੱਚ ਦੋ ਤਿੰਨ ਘੰਟੇ ਤੋਂ ਵੱਧ ਬੈਠਣਾ ਮੇਰੇ ਲਈ ਮੁਸ਼ਕਲ ਹੁੰਦਾ ਹੈ।’ ਉਂਜ ਮੈਂ ਉਸ ਦੀਆਂ ਗੱਲਾਂ ਸੁਣਨ ਲਈ ਅਨੰਤ ਕਾਲ ਤਕ ਬੈਠਣ ਲਈ ਤਿਆਰ ਸਾਂ। ਉਸ ਦੀ ਆਵਾਜ਼ ‘ਚ ਪਹਾੜੀ ਨਦੀ ਵਰਗਾ ਸੰਗੀਤ ਸੀ। ਮੈਨੂੰ ਜਾਪਿਆ ਕਿ ਗੱਡੀ ਤੋਂ ਉਤਰਦਿਆਂ ਹੀ ਇਸ ਛੋਟੀ ਜਿਹੀ ਮੁਲਾਕਾਤ ਨੂੰ ਇਹ ਭੁੱਲ ਜਾਵੇਗੀ। ਪਰ ਇਸ ਦੀ ਯਾਦ ਸਫ਼ਰ ਦਾ ਬਾਕੀ ਸਾਰਾ ਸਮਾਂ ਮੇਰੇ ਨਾਲ ਰਹੇਗੀ, ਸ਼ਾਇਦ ਉਸ ਤੋਂ ਬਾਅਦ ਵੀ। ਗੱਡੀ ਨੇ ਸੀਟੀ ਦਿੱਤੀ। ਗੱਡੀ ਦੇ ਪਹੀਆਂ ਦੀ ਸੁਰਤਾਲ ਵੀ ਬਦਲ ਗਈ। ਕੁੜੀ ਸੀਟ ਤੋਂ ਖੜ੍ਹੀ ਹੋ ਗਈ। ਨੇੜੇ ਹੀ ਪਿਆ ਆਪਣਾ ਸਾਮਾਨ ਚੁੱਕਣ ਲੱਗੀ। ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਸ ਲੜਕੀ ਨੇ ਵਾਲਾਂ ਦਾ ਜੂੜਾ ਬਣਾਇਆ ਸੀ ਜਾਂ ਗੁੱਤ ਕੀਤੀ ਸੀ। ਸ਼ਾਇਦ ਉਸ ਦੇ ਖੁਲ੍ਹੇ ਵਾਲ ਉਸ ਦੇ ਮੋਢਿਆਂ ‘ਤੇ ਫ਼ੈਲੇ ਸਨ। ਪਤਾ ਨਹੀਂ ਇਹ ਬਹੁਤ ਛੋਟੇ ਕੱਟੇ ਸਨ। ਗੱਡੀ ਹੌਲੀ ਹੌਲੀ ਪਲੇਟ ਫ਼ਾਰਮ ‘ਤੇ ਲੱਗੀ। ਬਾਹਰ ਕੁਲੀਆਂ ਅਤੇ ਛਾਬੜੀ ਵਾਲਿਆਂ ਦਾ ਸ਼ੋਰ ਸ਼ਰਾਬਾ ਸੀ। ਇਸੇ ਵੇਲੇ ਇੱਕ ਤਿੱਖੀ ਉੱਚੀ ਜ਼ਨਾਨੀ ਆਵਾਜ਼ ਡੱਬੇ ਦੇ ਦਰਵਾਜ਼ੇ ਕੋਲ ਸੁਣਾਈ ਦਿੱਤੀ। ਉਹ ਜ਼ਰੂਰ ਉਸ ਕੁੜੀ ਦੀ ਆਂਟੀ ਦੀ ਸੀ। ‘ਨਮਸਤੇ’ ਕੁੜੀ ਨੇ ਮੈਨੂੰ ਕਿਹਾ। ਉਹ ਮੇਰੇ ਬਿਲਕੁਲ ਨੇੜੇ ਖੜ੍ਹੀ ਹੋਈ ਸੀ। ਉਸ ਦੇ ਵਾਲਾਂ ‘ਚੋਂ ਆਉਂਦੀ ਮਹਿਕ ਮਨਮੋਹਕ ਸੀ। ਮੈਂ ਹੱਥ ਵਧਾ ਕੇ ਉਹਦੇ ਵਾਲਾਂ ਨੂੰ ਛੂਹਣਾ ਚਾਹੁੰਦਾ ਸੀ ਪਰ ਉਹ ਅੱਗੇ ਵਧ ਗਈ। ਜਿਥੇ ਉਹ ਖੜ੍ਹੀ ਸੀ ਹਾਲੇ ਵੀ ਉਥੇ ਅਤੇ ਆਸ ਪਾਸ ਸਮਾਈ ਤੇ ਘੁਲੀ ਮਹਿਕ ਦਾ ਅਹਿਸਾਸ ਹੋ ਰਿਹਾ ਸੀ। ਇਸੇ ਵੇਲੇ ਦਰਵਾਜ਼ੇ ਤੇ ਕੁਝ ਰੌਲਾ ਰੱਪਾ ਸੁਣਾਈ ਦਿੱਤਾ, ਫ਼ਿਰ ਡੱਬੇ ‘ਚ ਦਾਖਲ ਹੁੰਦੇ ਇੱਕ ਵਿਅਕਤੀ ਨੇ ਹਕਲਾਉਂਦੇ ਹੋਏ ਕਿਸੇ ਤੋਂ ਮੁਆਫ਼ੀ ਮੰਗੀ ਅਤੇ ਠਾਹ ਕਰਕੇ ਦਰਵਾਜ਼ਾ ਬੰਦ ਕਰ ਦਿੱਤਾ। ਇੱਕ ਵਾਰੀ ਫ਼ਿਰ ਅਸੀਂ ਬਾਹਰ ਦੀ ਦੁਨੀਆਂ ਤੋਂ ਅਲੱਗ ਹੋ ਗਏ ਸੀ। ਮੈਂ ਸਹਿਜ ਹੋ ਕੇ ਆਪਣੀ ਸੀਟ ‘ਤੇ ਬੈਠ ਗਿਆ। ਗਾਰਡ ਨੇ ਸੀਟੀ ਵਜਾਈ ਅਤੇ ਗੱਡੀ ਚੱਲ ਪਈ। ਡੱਬੇ ‘ਚ ਇੱਕ ਨਵਾਂ ਸਹਿਯਾਤਰੀ ਆ ਗਿਆ ਸੀ। ਮੈਂ ਪਹਿਲਾਂ ਜਿਹਾ ਕੋਈ ਮਾਸੂਮ ਖੇਲ ਖੇਡਣ ਬਾਰੇ ਸੋਚਣ ਲੱਗਾ। ਗੱਡੀ ਦੀ ਰਫ਼ਤਾਰ ਤੇਜ਼ ਹੋ ਗਈ। ਪਹੀਆਂ ਨੇ ਫ਼ਿਰ ਪਹਿਲਾਂ ਵਾਲਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਮੈਂ ਖਿੜਕੀ ਲੱਭ ਲਈ ਤੇ ਇਹਦੇ ਸਾਹਮਣੇ ਬੈਠ ਗਿਆ। ਦਿਨ ਦੇ ਚਾਨਣ ਨੂੰ ਘੂਰਨ ਲੱਗਾ, ਜੋ ਮੇਰੇ ਵਾਸਤੇ ਹਨੇਰਾ ਸੀ। ਖਿੜਕੀ ਦੇ ਬਾਹਰ ਜੋ ਵਾਪਰ ਰਿਹਾ ਸੀ ਉਸ ਦੀ ਕਲਪਨਾ ਕਰਨਾ ਵੀ ਇੱਕ ਰੋਮਾਂਚਕ ਖੇਡ ਸੀ। ਪਰ ਜੋ ਆਦਮੀ ਹੁਣ ਡੱਬੇ ‘ਚ ਦਾਖਲ ਹੋਇਆ ਸੀ ਉਸ ਨੇ ਮੇਰਾ ਸੁਪਨ-ਜਗਤ ਭੰਗ ਕਰ ਦਿੱਤਾ ਸੀ। ‘ਤੁਸੀਂ ਤਾਂ ਨਿਰਾਸ਼ ਹੋਏ ਹੋਵੋਗੇ। ਕਿਉਂਕਿ ਮੈਂ ਅਜਿਹਾ ਦਿਲਕਸ਼ ਹਮਸਫ਼ਰ ਨਹੀਂ ਹਾਂ, ਜਿਹੀ ਹੁਣੇ ਇਥੋਂ ਗਈ ਹੈ। ਉਹ ਬੜੀ ਦਿਲਚਸਪ ਲੜਕੀ ਸੀ।’ ਮੈਂ ਕਿਹਾ,’ਤੁਸੀਂ ਮੈਨੂੰ ਇੰਨਾ ਕੁ ਦਸ ਸਕਦੇ ਹੋ ਕਿ ਉਸਦੇ ਵਾਲ ਲੰਬੇ ਰੱਖੇ ਹੋਏ ਸਨ ਕਿ ਛੋਟੇ?’ ਇਹ ਤਾਂ ਮੈਨੂੰ ਯਾਦ ਨਹੀਂ’ ਕੁਝ ਸਸੋਪੰਜ ਜਿਹੇ ‘ਚ ਉਸ ਨੇ ਕਿਹਾ। ਉਸਦੇ ਵਾਲਾਂ ਵੱਲ ਤਾਂ ਨਹੀਂ ਹਾਂ ਉਸਦੀਆਂ ਅੱਖਾਂ ਵੱਲ ਮੇਰਾ ਧਿਆਨ ਜ਼ਰੂਰ ਗਿਆ। ਉਸ ਦੀਆਂ ਅੱਖਾਂ ਬਹੁਤ ਖੂਬਸੂਰਤ ਸਨ ਪਰ ਉਸ ਲਈ ਬਿਲਕੁਲ ਬੇਕਾਰ, ਕਿਉਂਕਿ ਉਹ ਪੂਰੀ ਤਰ੍ਹਾਂ ਜੋਤਹੀਣ ਸੀ। ਤੁਹਾਨੂੰ ਨਹੀਂ ਪਤਾ ਲੱਗਾ।’
ਮੂਲ ਲੇਖਕ: ਰਸਕਿਨ ਬੌਂਡ
ਪੰਜਾਬੀ ਰੂਪ: ਕਾਂਤਾ ਸ਼ਰਮਾ