ਮੋਦੀ ਨੇ ਕੀਤਾ ਦੇਸ਼ ਦੇ ਸਭ ਤੋਂ ਲੰਬੇ ਰੇਲਵੇ ਪੁਲ ਦਾ ਉਦਘਾਟਨ
ਮੋਦੀ ਨੇ ਕੀਤਾ ਦੇਸ਼ ਦੇ ਸਭ ਤੋਂ ਲੰਬੇ ਰੇਲਵੇ ਪੁਲ ਦਾ ਉਦਘਾਟਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਸਾਮ ਦੇ ਡਿਬਰੂਗੜ੍ਹ ਨੇੜੇ ਬੋਗੀਬੀਲ ਪੁਲ਼ ਦਾ ਉਦਘਾਟਨ ਕੀਤਾ। ਇਹ ਦੇਸ਼ ਦਾ ਸਭ ਤੋਂ ਲੰਮੇ ਰੇਲ-ਸੜਕ ਪੁਲ਼ ਹੈ। ਇਹ ਪੁਲ ਇੰਨਾ ਮਜ਼ਬੂਤ ਹੈ ਕਿ ਇਸ ਉੱਤੇ ਸੈਨਾ ਦੇ ਟੈਂਕ ਚਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਫਾਈਟਰ ਜੈੱਟ ਵੀ ਉਤਾਰੇ ਜਾ ਸਕਦੇ ਹਨ।ਇਹ ਪੁਲ 4.94 ਕਿਲੋਮੀਟਰ ਲੰਮਾ ਹੈ ਜਿਸ ਨਾਲ ਅਸਾਮ ਦੇ ਤਿਨਸੁਕੀਆ ਤੋਂ ਅਰੁਣਾਚਲ ਪ੍ਰਦੇਸ਼ ਦੇ ਨਾਹਰਲਗੁਨ ਕਸਬੇ ਤਕ ਦਾ ਸਫ਼ਰ 10 ਘੰਟੇ ਤੋਂ ਵੀ ਵੱਧ ਸਮੇਂ ਤਕ ਘਟਣ ਦੀ ਉਮੀਦ ਕੀਤੀ ਜਾ ਰਹੀ ਹੈ। ਬੋਗੀਬੀਲ ਪੁਲ ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਬ੍ਰਹਮਪੁੱਤਰ ਨਦੀ ਦੇ ਦੱਖਣ ਤੱਟ ਤੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਧੇਮਾਜੀ ਜ਼ਿਲ੍ਹੇ ਵਿੱਚ ਸਿਲਾਪਾਥਰ ਨਾਲ ਜੋੜੇਗਾ। ਇਸ ਪੁਲ਼ ਨਾਲ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ।

ਪੁਲ਼ ’ਤੇ 3 ਲੇਨ ਦੀ ਸੜਕ ਬਣਾਈ ਗਈ ਹੈ ਤੇ ਹੇਠਲੇ ਹਿੱਸੇ ਵਿੱਚ ਦੋ ਰੇਲਵੇ ਟਰੈਕ ਬਣਾਏ ਗਏ ਹਨ। ਇਸ ’ਤੇ 100 ਕਿਲੋਮੀਟਰ ਦੀ ਰਫ਼ਤਾਰ ਨਾਲ ਰੇਲਾਂ ਦੌੜ ਸਕਣਗੀਆਂ। ਪੁਲ਼ ਬਣਾਉਣ ’ਤੇ 5800 ਕਰੋੜ ਦੀ ਲਾਗਤ ਆਈ ਹੈ। ਬ੍ਰਹਮਪੁੱਤਰ ਨਦੀ ’ਤੇ ਬਣਿਆ ਇਹ ਪੁਲ਼ 42 ਖੰਭਿਆਂ ਦੇ ਸਹਾਰੇ ਟਿਕਾਇਆ ਗਿਆ ਹੈ ਤੇ ਨਦੀ ਦੇ ਅੰਦਰ 62 ਮੀਟਰ ਤਕ ਗੱਡਿਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਪੁਲ਼ 8 ਤੀਬਰਤਾ ਵਾਲੇ ਭੂਚਾਲ ਨੂੰ ਝੱਲਣ ਦੀ ਸਮਰਥਾ ਰੱਖਦਾ ਹੈ।