ਕਸ਼ਮੀਰ ‘ਚ ਸੁਰੱਖਿਆ ਬਲਾਂ ਵੱਲੋਂ ਜ਼ਾਕਿਰ ਮੂਸਾ ਦੇ ਅੱਧੀ ਦਰਜਨ ਦਹਿਸ਼ਤਗਰਦ ਢੇਰ
ਕਸ਼ਮੀਰ ‘ਚ ਸੁਰੱਖਿਆ ਬਲਾਂ ਵੱਲੋਂ ਜ਼ਾਕਿਰ ਮੂਸਾ ਦੇ ਅੱਧੀ ਦਰਜਨ ਦਹਿਸ਼ਤਗਰਦ ਢੇਰ

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਅੰਵਤੀਪੁਰਾ ਸੈਕਟਰ ‘ਚ ਸੁਰੱਖਿਆ ਬਲਾਂ ਨੂੰ ਅੱਜ ਤੜਕੇ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨੇ ਇੱਥੇ ਅੱਤਵਾਦੀਆਂ ਨਾਲ ਮੁਠਭੇੜ ‘ਚ ਛੇ ਅੱਤਵਾਦੀਆਂ ਨੂੰ ਮਾਰ ਦਿੱਤਾ। ਮਾਰੇ ਗਏ ਅੱਤਵਾਦੀਆਂ ‘ਚ ਅੰਸਾਰ ਗਜ਼ਵਤ-ਉਲ-ਹਿੰਦ (ਏਜੀਐਚ) ਦਾ ਡਿਪਟੀ ਚੀਫ਼ ਵੀ ਸ਼ਾਮਲ ਹੈ।

ਏਜੀਐਚ ਦਾ ਮੁਖੀ ਜ਼ਾਕਿਰ ਮੂਸਾ ਹੈ ਅਤੇ ਸੁਰੱਖਿਆ-ਬਲਾਂ ਨੂੰ ਉਸ ਦੀ ਲੰਬੇ ਸਮੇਂ ਤੋਂ ਭਾਲ ਹੈ। ਪਿਛਲੇ ਮਹੀਨੇ ਮੂਸਾ ਦੇ ਪੰਜਾਬ ਵਿੱਚ ਹੋਣ ਦੀਆਂ ਖ਼ਬਰਾਂ ਸਨ ਤੇ ਸੂਬੇ ਦੀ ਪੁਲਿਸ ਨੇ ਐਲਰਟ ਵੀ ਜਾਰੀ ਕੀਤਾ ਸੀ ਅਤੇ ਜਨਤਕ ਥਾਵਾਂ ‘ਤੇ ਉਸ ਦੀਆਂ ਤਸਵੀਰਾਂ ਵੀ ਲਗਾਈਆਂ ਸਨ।ਫ਼ੌਜ ਦਾ ਕਹਿਣਾ ਹੈ ਕਿ ਸੁਰਖਿਆ ਬਲਾਂ ਨੇ ਛੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਅਤੇ ਮੁਠਭੇੜ ਦੀ ਥਾਂ ਤੋਂ ਭਾਰੀ ਗਿਣਤੀ ‘ਚ ਹਥਿਆਰ ਮਿਲੇ ਹਨ। ਹੁਣ ਮੁਠਭੇੜ ਖ਼ਤਮ ਹੋ ਚੁੱਕੀ ਹੈ। ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਅੰਵਤੀਪੁਰਾ ਖੇਤਰ ‘ਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ। ਜਿਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕੀਤੀ ਅਤੇ ਮੁਠਭੇੜ ਸ਼ੁਰੂ ਹੋ ਗਈ।