ਜਿਵੇਂ ਇਹ ਰਾਤ ਨਹੀਂ, ਠੰਢਾ ਯੱਖ ਹਿਮ ਯੁੱਗ ਹੋਵੇ। ਮੁੱਕਣ ਵਿੱਚ ਨਹੀਂ ਆਉਂਦੀ। ਦੂਰ ਟਿੱਬਿਆਂ ਦੀ ਢਲਾਣ ‘ਚ ਰੋਝਾਂ ਦੀ ਡਾਰ ਬੈਠੀ ਹੈ। ਇਹ ਕਮਲਾ ਜਿਹਾ ਜੀਵ ਮੇਰੀ ਬੈਟਰੀ ਦੀ ਧਾਰ ਤੋਂ ਤ੍ਰਭਕ ਕੇ ਕੰਨ ਚੁੱਕ ਲੈਂਦਾ ਹੈ। ਉਂਜ, ਮੈਂ ਡਾਰ ਨੂੰ ਡਰਾਉਣਾ ਛੱਡ ਦਿੱਤਾ ਹੈ। ਇਨ੍ਹਾਂ ਬਾਰੇ ਸੋਚਣਾ ਵੀ ਛੱਡ ਦਿੱਤਾ ਹੈ। ਜਦੋਂ ਦੀ ਜ਼ਮੀਨ ਦੀ ਬਰਬਾਦੀ ਹੋਈ ਹੈ, ਮੇਰਾ ਸੋਚਣ ਦਾ ਵਤੀਰਾ ਬਦਲ ਗਿਆ ਹੈ। ਹੁਣ ਮੈਂ ਦਿਹਾੜੀਆਂ ਵਾਂਗ ਸੋਚਦਾ ਹਾਂ। ਦਿਹਾੜੀ ਵੀ ਬਣੇ, ਕੰਮ ਵੀ ਦੇਹ ਤੋੜ ਨਾ ਹੋਵੇ। ਦੇਹ ਤੋੜ ਕੰਮ ਹੁਣ ਮੈਥੋਂ ਹੁੰਦਾ ਵੀ ਨਹੀਂ।
ਮੈਂ ਟਿੱਬਿਆਂ ਲਾਗੇ ਬਣੇ ਸੇਠ ਦੌਲਤ ਰਾਮ ਦੇ ਸ਼ੈੱਲਰ ਦੀ ਚੌਕੀਦਾਰੀ ਸਾਂਭ ਲਈ ਹੈ। ਸ਼ੈੱਲਰ ਦੀਆਂ ਉੱਚੀਆਂ ਕੰਧਾਂ ਦੇ ਅੰਦਰਲੇ ਪਾਸੇ ਮੇਰੀ ਸੋਟੀ ਦੀ ਠੱਕ-ਠੱਕ ਸਾਰੀ ਰਾਤ ਹੁੰਦੀ ਹੈ। ਜਦੋਂ ਮਨ ਕਾਹਲਾ ਪੈ ਜਾਂਦਾ ਹੈ, ਤਾਕੀ ਖੋਲ੍ਹ ਕੇ ਬਾਹਰ ਦੇਖਣ ਲਈ ਅਹੁਲਦਾ ਹਾਂ। ਬਾਹਰ ਰੋਝਾਂ ਦੀ ਡਾਰ ਖੜ੍ਹੀ ਹੈ, ਬਿਲਕੁਲ ਮੇਰੇ ਵਰਗਾ ਜੀਵ। ਕਿਤੇ ਇਸ ਪਿੰਡ ਦੇ ਬੰਨਿਆਂ ‘ਚ ਖੜੱਪ ਖੜੱਪ ਕਰਦਾ ਤੇ ਕਿਤੇ ਦੂਜੇ ਪਿੰਡ ਦੀਆਂ ਦੈੜਾਂ ‘ਚ ਸਿਰ ਮਦਾਨ ਭੱਜਦਾ।
ਕਿੱਲੀ ਟੰਗਿਆ ਝੋਲਾ ਲਾਹੁੰਦਾ ਹਾਂ। ਚਾਹ ਉਬਾਲਣ ਲਈ ਸੁੱਕੀਆਂ ਟਾਹਣੀਆਂ ਨੂੰ ਮਰੋੜ ਕੇ, ਇੱਟਾਂ ਦੇ ਬਣੇ ਚੁੱਲ੍ਹੇ ‘ਚ ਡਾਹੁੰਦਾ ਹਾਂ। ਚੌਕੀਦਾਰੀ ਦੇ ਕੰਮ ਬਾਰੇ ਸੋਚਣ ਲੱਗਦਾ ਹਾਂ। ਇਹ ਕੰਮ ਵੀ ਸੌਖਾ ਨਹੀਂ। ਦਿਨੇ ਭਾਵੇਂ ਘਰ ਜਾ ਕੇ ਸੌਂ ਜਾਂਦਾ ਹਾਂ, ਪਰ ਸਰੀਰ ਟੁੱਟਿਆ ਰਹਿੰਦਾ ਹੈ। ਅੱਖਾਂ ਵਿੱਚ ਨੀਂਦ ਰੜਕਦੀ ਰਹਿੰਦੀ ਹੈ। ਪਿਛਲੇ ਇੱਕ ਸਾਲ ਤੋਂ ਮੈਂ ਕਈ ਕੰਮ ਬਦਲੇ ਹਨ। ਸਰ੍ਹੋਂ ਪੀੜਣ ਵਾਲੇ ਸਪੈੱਲਰ ‘ਤੇ ਕੰਮਾ ਕੀਤਾ। ਕੱਚਾ ਬਿਨੌਲਾ ਉੱਪਰ ਪੜਛੱਤੀ ‘ਚ ਚਾੜ੍ਹਨਾ ਪੈਂਦਾ। ਸਪੈੱਲਰ ਮੇਰੇ ਚੱਕਰ ਲਾਉਣ ਤਕ ਟੋਕਰਾ ਉਗਾਸ ਦਿੰਦਾ। ਮੈਂ ਹੰਭ ਜਾਂਦਾ। ਸਬਜ਼ੀ ਵਾਲੀ ਰੇਹੜੀ ਵੀ ਲਾਈ। ਕਿਰਾਏ ‘ਤੇ ਲਈ ਰੇਹੜੀ ਧੂੰਹਦਾ ਬਾਹਰਲੇ ਪਿੰਡਾਂ ‘ਚ ਨਿਕਲ ਜਾਂਦਾ। ਕਈ ਵਾਰੀ ਸਬਜ਼ੀ ਬਚ ਜਾਂਦੀ। ਸਾਰੀ ਕਮਾਈ ਬਾਸੀ ਸਬਜ਼ੀ ਦੇ ਖਾਤੇ ਪੈ ਜਾਂਦੀ। ਉਸਾਰੀ ਦਾ ਕੰਮ ਵੀ ਕੀਤਾ। ਪੱਕੇ ਦਿਹਾੜੀਆਂ ਵਾਂਗ ਮੈਥੋਂ ਮਿਸਤਰੀ ਦੀ ਜੀ ਹਜ਼ੂਰੀ ਨਾ ਹੋਈ। ਕੰਮ ਤੋਂ ਜਵਾਬ ਮਿਲ ਗਿਆ।
ਚੁੱਲ੍ਹੇ ਦੇ ਸੇਕ ਨਾਲ ਠਰੀਆਂ ਉਂਗਲਾਂ ਸੇਕਦਾ ਅਤੀਤ ‘ਚ ਗੁਆਚ ਜਾਂਦਾ ਹਾਂ। ਬਾਪੂ ਤੇ ਬੀਬੀ ਦੀਆਂ ਗ਼ਲਤੀਆਂ ਨੇ ਮੇਰੀ ਜ਼ਿੰਦਗੀ ਨੂੰ ਕਿਸ ਮੋੜ ‘ਤੇ ਲਿਆਂਦਾ ਹੈ! ਚਾਹ ਦਾ ਉਬਾਲ ਦੇਖਦਾ ਮੈਂ ਹਾਦਸਿਆਂ ਦੀਆਂ ਕੜੀਆਂ ਜੋੜਨ ਲੱਗ ਪਿਆ। ਅੱਠਵੀਂ ‘ਚ ਪੜ੍ਹਦਾ ਸੀ। ਇੱਕ ਦਿਨ ਤਾਇਆ ਜਲੌਰ ਮੈਨੂੰ ਮੋਟਰ ‘ਤੇ ਲੈ ਗਿਆ। ਮੈਂ ਤਾਏ ਨੂੰ ਬਾਪੂ ਨਾਲੋਂ ਸਿਆਣਾ ਸਮਝਦਾ ਸੀ। ਬਾਪੂ ਕਈ ਵਾਰ ਅਜਿਹੀਆਂ ਗੱਲਾਂ ਕਰ ਜਾਂਦਾ ਜਿਨ੍ਹਾਂ ਨੂੰ ਤਾਇਆ ਗ਼ਲਤ ਸਮਝਦਾ। ਉਸ ਪਹਿਲਾਂ ਮੈਨੂੰ ਪੜ੍ਹਾਈ ਬਾਰੇ ਪੁੱਛਿਆ। ਫ਼ਿਰ ਤਾਏ ਦੀਆਂ ਗੱਲਾਂ ਗੰਭੀਰ ਪਾਸੇ ਮੁੜ ਗਈਆਂ। ”ਕਾਕਾ, ਤੇਰੀ ਬੀਬੀ ਨੂੰ ਆਖ, ਨਿੱਕਾ ਸੰਭਲ ਕੇ ਚੱਲੇ। ਆਪਾਂ ਮਸਾਂ ਰੋਟੀ ਖਾਂਦੇ ਹੋਏ ਹਾਂ। ਨਿੱਕਾ ਸਿੰਘ ਦਾ ਖਰਚ ਸੀਮਾ ਟੱਪੀ ਜਾਂਦਾ। ਇਕੇਰਾਂ ਕਿਸਾਨ ਸਿਰ ਕਰਜ਼ਾ ਚੜ੍ਹ ਜਾਏ, ਫ਼ਿਰ ਜ਼ਮੀਨ ਵਿਕੇ ਬਿਨਾਂ ਉਤਰਦਾ ਨ੍ਹੀਂ। ਜੇ ਭੋਇੰ ਵਿਕ ਜਾਵੇ, ਫ਼ਿਰ ਦਿਹਾੜੀ ਕਰਨੀ ਪੈਂਦੀ ਐਂ, ਜਿਵੇਂ ਆਪਣੇ ਵਿਹੜੇ ਵਾਲੇ ਚਿੜੇ ਹੋਰੀਂ ਕਰਦੇ ਐ।”
ਮੈਂ ਤਾਏ ਦੀ ਆਖੀ ਗੱਲ ਚੁੱਪ-ਚਾਪ ਸੁਣਦਾ ਰਿਹਾ।
”ਕਾਕਾ, ਤੇਰੇ ਪਿਓ ਦਾ ਸੁਭਾਅ ਰੁੱਖਾ ਹੈ। ਬੀਬੀ ਨਾਲ ਗੱਲ ਕਰਦਾ ਮੇਰਾ ਨਾਂ ਵਿੱਚ ਨਾ ਲਿਆਈ। ਅਸੀਂ ਲੋਕ ਆਪਣੀ ਪੀੜ੍ਹੀ ਹੇਠ ਸੋਟਾ ਫ਼ੇਰਨਾ ਛੱਡੀ ਬੈਠੇ ਆਂ।”
ਮੈਂ ਕਈ ਦਿਨ ਤਾਏ ਦੀਆਂ ਆਖੀਆਂ ਗੱਲਾਂ ਦਿਲ ਵਿੱਚ ਲਈ ਫ਼ਿਰਦਾ ਰਿਹਾ। ਇੱਕ ਦਿਨ ਬੀਬੀ ਨੇ ਮੈਨੂੰ ਗੁੰਮ-ਸੁੰਮ ਜਿਹਾ ਦੇਖ ਕੇ ਕਾਰਨ ਪੁੱਛਿਆ। ਮੈਂ ਕਰਜ਼ੇ ਵਾਲੀ ਗੱਲ ਹੋਰ ਢੰਗ ਨਾਲ ਪੁੱਛ ਲਈ। ਮੇਰਾ ਉਤਰਿਆ ਚਿਹਰਾ ਦੇਖ ਕੇ ਬੀਬੀ ਵੀ ਪ੍ਰੇਸ਼ਾਨ ਹੋਈ। ਫ਼ਿਰ ਉਹ ਹੱਸਣ ਲੱਗੀ।
”ਇਸ ਤਰ੍ਹਾਂ ਆਪਾਂ ਦਿਹਾੜੀਏ ਕਿਵੇਂ ਬਣ ਜਾਵਾਂਗੇ? ਖੇਡ ਮੇਰਾ ਸ਼ੇਰ। ਐਵੇਂ ਨ੍ਹੀਂ ਵੱਡਿਆਂ ਦੀਆਂ ਗੱਲਾਂ ‘ਚ ਵੜਦੇ ਹੁੰਦੇ।”
ਬੀਬੀ ਮੈਨੂੰ ਟਾਲ ਕੇ ਗੁਆਂਢਣ ਨਾਲ ਵੱਡੀ ਭੈਣ ਦੇ ਰਿਸ਼ਤੇ ਦੀਆਂ ਗੱਲਾਂ ਕਰਨ ਲੱਗ ਪਈ। ਭੈਣ ਦੇ ਸ਼ਗਨ ‘ਤੇ ਹੋਏ ਚੱਕਵੇਂ ਵਿਹਾਰ ਬਾਰੇ ਬੀਬੀ ਦੀਆਂ ਗੱਲਾਂ ਮੁੱਕਣ ‘ਚ ਨਹੀਂ ਆ ਰਹੀਆਂ ਸਨ।
ਕਈ ਦਿਨ ਘਰ ‘ਚ ਘੁਸਰ-ਮੁਸਰ ਹੁੰਦੀ ਰਹੀ। ਬਾਪੂ ਤੇ ਬੀਬੀ ਨੂੰ ਸ਼ੱਕ ਪੈ ਗਿਆ ਕਿ ਮੈਨੂੰ ਫ਼ਿਕਰ ਵਾਲੀਆਂ ਗੱਲਾਂ ਤਾਏ ਨੇ ਹੀ ਦੱਸੀਆਂ ਸਨ। ਬਾਪੂ ਨੇ ਸ਼ਾਇਦ ਤਾਏ ਨੂੰ ਉਲ੍ਹਾਮਾ ਵੀ ਦਿੱਤਾ ਹੋਵੇ।
ਇੱਕ ਦਿਨ ਮੈਂ ਜੀਟੀ ਰੋਡ ‘ਤੇ ਸਬਜ਼ੀ ਦੀ ਫ਼ੜ੍ਹੀ ਲਾਈ ਬੈਠੇ ਤਾਏ ਕੋਲ ਗਿਆ। ਤਾਏ ਨੇ ਦੁਖੀ ਮਨ ਨਾਲ ਕਿਹਾ, ”ਕਾਕਾ, ਭਲੇ ਦੀ ਗੱਲ ਕੌੜੀ ਲਗਦੀ ਐ। ਜ਼ਮਾਨਾ ਹੀ ਇਹੋ ਜਿਹਾ ਆ ਗਿਆ।” ਤਾਇਆ ਇੰਨਾ ਆਖ ਕੇ ਸਬਜ਼ੀ ਵੇਚਣ ਲੱਗ ਪਿਆ। ਤਾਏ ਦੇ ਖ਼ੁਦ ਸਬਜ਼ੀ ਵੇਚਣ ਵਾਲੇ ਕੰਮ ਤੋਂ ਬਾਪੂ ਬੜਾ ਖਿੱਝਦਾ ਸੀ। ਉਹ ਤਾਏ ਨੂੰ ਖਾਨਦਾਨ ਨੂੰ ਨਮੋਸ਼ੀ ਦਿਵਾਉਣ ਵਾਲਾ ਬੰਦਾ ਸਮਝਦਾ ਸੀ।
ਵੱਡੀ ਭੈਣ ਦੇ ਵਿਆਹ ‘ਤੇ ਬਾਪੂ ਨੇ ਵਿੱਤੋਂ ਵੱਧ ਖ਼ਰਚ ਕੀਤਾ। ਬਾਰਾਤ ਬਹੁਤ ਆਈ। ਬਾਰਾਤ ਦੇ ਨਾਲ ਬਾਪੂ ਨੇ ਸਾਰਾ ਪਿੰਡ ਮੈਰਿਜ ਪੈਲੇਸ ‘ਚ ਸੱਦ ਲਿਆ। ਸਾਰਾ ਭਾਈਚਾਰਾ ਮਹਿੰਗੀ ਸ਼ਰਾਬ ਪੀ ਕੇ ਨਾਲੀਆਂ ‘ਚ ਡਿੱਗ ਰਿਹਾ ਸੀ। ਬਾਪੂ ਸ਼ਰਾਬੀ ਹੋਏ ਭਾਈਚਾਰੇ ਦੀਆਂ ਵੀਡੀਓ ਕਲਿੱਪਾਂ ਬਣਵਾ ਕੇ ਖ਼ੁਸ਼ ਹੋ ਰਿਹਾ ਸੀ। ਸ਼ਰਾਬੀ ਹੋਏ ਬੰਦੇ ਬਾਪੂ ਨੂੰ ਵਧਾਈਆਂ ਦੇ ਰਹੇ ਸਨ। ਬਾਪੂ ਛਾਤੀ ਫ਼ੁਲਾਈ, ਨੋਕਦਾਰ ਜੁੱਤੇ ਪਾਈ, ਕਤਰੀ ਹੋਏ ਦਾੜ੍ਹੀ ‘ਤੇ ਹੱਥ ਫ਼ੇਰਦਾ ਆਖ ਦਿੰਦਾ ‘ਜੋ ਭਾਵੇ ਕਰਤਾਰ।’ ਮੈਂ ਬੇਸੁਰਤ ਹੋਏ ਬੰਦਿਆਂ ਨੂੰ ਜਿਪਸੀ ‘ਤੇ ਲੱਦ ਘਰਾਂ ਤਕ ਛੱਡ ਰਿਹਾ ਸੀ। ਸ਼ਰਾਬੀ ਭਾਈਚਾਰੇ ਦੀ ਜਿਪਸੀ ਭਰੀ ਦੇਖ ਕੇ ਬਾਪੂ ਨੂੰ ਗੁੱਝੀ ਖ਼ੁਸ਼ੀ ਮਿਲ ਰਹੀ ਸੀ।
ਬਾਪੂ ਫ਼ੁਕਰਾ ਤਾਂ ਪਹਿਲਾਂ ਹੀ ਸੀ, ਪਰ ਅੱਜ ਤਾਂ ਹੱਦ ਹੋਈ ਪਈ ਸੀ। ਬੀਬੀ ਸੱਪ ਦੇ ਚਮੜੇ ਤੋਂ ਬਣਿਆ ਮਹਿੰਗਾ ਪਰਸ ਹੱਥ ‘ਚ ਫ਼ੜੀ, ਬਾਪੂ ਨਾਲ ਫ਼ੋਟੋਆਂ ਖਿੱਚਵਾ ਰਹੀ ਸੀ। ਮੈਂ ਦੁਖੀ ਹੋਇਆ ਘਰ ਨੂੰ ਲੁੱਟਣ ਵਾਲੀਆਂ ਧਾੜਾਂ ਨੂੰ ਬੇਵੱਸ ਦੇਖ ਰਿਹਾ ਸੀ। ਹਾਲੇ ਮੇਰੀਆਂ ਦੋ ਭੈਣਾਂ ਹੋਰ ਵਿਆਹੁਣਯੋਗ ਸਨ। ਬੀਬੀ ਤੇ ਬਾਪੂ ਦਾ ਖੁੱਲ੍ਹਾ ਖ਼ਰਚ ਦੇਖ ਕੇ ਮੈਨੂੰ ਤਾਏ ਦੀਆਂ ਆਖੀਆਂ ਗੱਲਾਂ ਹੋਰ ਵੀ ਸਹੀ ਜਾਪ ਰਹੀਆਂ ਸਨ।
ਤਾਇਆ ਵਿਆਹ ‘ਚ ਆਇਆ ਨਹੀਂ ਸੀ। ਉਸ ਵਿਆਹ ਦਾ ਕੀਮਤੀ ਕਾਰਡ ਲੈ ਕੇ ਗਏ ਬੀਬੀ ਤੇ ਬਾਪੂ ਨੂੰ ਸਾਫ਼ ਆਖ ਦਿੱਤਾ ਸੀ, ”ਬਈ, ਮੈਂ ਤਾਂ ਆਊਂ, ਜੇ ਸਾਦਾ ਵਿਆਹ ਕਰੋਗੇ। ਮੈਨੂੰ ਇੰਨਾ ਖਰਚਾ ਫ਼ੁੱਟੀ ਅੱਖ ਨ੍ਹੀਂ ਭਾਉਂਦਾ।”
ਭੈਣ ਦੀ ਵਿਦਾਈ ਮਗਰੋਂ ਮੇਲਣਾਂ ਤਾਏ ਦੇ ਘਰ ਨੱਚਣ ਗਈਆਂ। ਇਹ ਵੀ ਸ਼ਾਇਦ ਬੀਬੀ ਤੇ ਬਾਪੂ ਦੀ ਜੁਗਤ ਸੀ। ਉਹ ਤਾਏ ਦੀ ਸਾਦਗੀ ਦਾ ਢੰਡੋਰਾ ਰਿਸ਼ਤੇਦਾਰੀਆਂ ‘ਚ ਪਿੱਟਣਾ ਚਾਹੁੰਦੇ ਸਨ। ਮੇਲ ਦੀ ਆਮਦ ਤੋਂ ਪਹਿਲਾਂ ਹੀ ਤਾਇਆ ਖੇਤ ਚਲਾ ਗਿਆ ਸੀ। ਸਾਰੇ ਦਿਨ ਦੀਆਂ ਘੜਮੱਸ ਪਾਉਂਦੀਆਂ ਮੇਲਣਾਂ ਪੁੱਠੇ-ਸਿੱਧੇ ਦੋਹੇ ਲਾ ਮੁੜ ਆਈਆਂ। ਮੇਲੀ ਪਾਗਲਾਂ ਵਾਂਗ ਲੋਕਾਂ ਦੇ ਪਰਨਾਲੇ ਭੰਨ ਰਹੇ ਸਨ। ਬਾਪੂ ਨੇ ਜੋਸ਼ ‘ਚ ਆ ਕੇ ਲਲਕਾਰਾ ਮਾਰਿਆ: ”ਬੁਰਾਰਾਰਾ। ਇੱਕੀ ਦੁੱਕੀ ਚੱਕ ਦਿਆਂਗੇ।”
ਬਾਪੂ ਦੇ ਭਾਣਜੇ ਤਾੜੀਆਂ ਮਾਰ ਹੱਸਣ ਲੱਗੇ।
ਜੀਜਾ ਤੇ ਭੈਣ ਸਾਲ ਕੁ ਤਾਂ ਬਾਪੂ ਦੀ ਦਿੱਤੀ ਫ਼ੀਗੋ ‘ਤੇ ਗੇੜੇ ਮਾਰਦੇ ਰਹੇ। ਬਾਪੂ ਨੂੰ ਜਵਾਈ ਆਏ ਤੋਂ ਚਾਅ ਚੜ੍ਹ ਜਾਂਦਾ।
ਫ਼ਿਰ ਘਰ ਡੋਲਣ ਲੱਗ ਪਿਆ। ਪੰਜ ਏਕੜ ਜ਼ਮੀਨ ‘ਤੇ ਬਾਪੂ ਨੇ ਪਤਾ ਨਹੀਂ ਕਿੰਨੀ ਕਿਸਮ ਦੇ ਕਰਜ਼ੇ ਲੈ ਰੱਖੇ ਸਨ। ਬਾਪੂ ਨੂੰ ਹੋਰ ਪੈਸੇ ਦੇਣ ਤੋਂ ਆੜ੍ਹਤੀਆ ਵੀ ਕੰਨੀ ਕਤਰਾਉਣ ਲੱਗਿਆ। ਘਰ ‘ਚ ਕਲੇਸ਼ ਪੈ ਗਿਆ। ਬੀਬੀ, ਬਾਪੂ ‘ਤੇ ਘਰ ਨੂੰ ਪੱਟਣ ਦੀਆਂ ਤੋਹਮਤਾਂ ਲਾਉਂਦੀ ਤਾਂ ਤਾਇਆ ਤੇ ਤਾਈ ਕਲੇਸ਼ ਮਿਟਾਉਣ ਆਉਂਦੇ। ਬਾਪੂ ਅਧੂਰੀ ਲੜਾਈ ਛੱਡ ਗੁਰੂ ਘਰ ‘ਚ ਰੁਕਣ ਲੱਗ ਪਿਆ। ਕਈ ਵਾਰੀ ਉਹ ਗੁਰੂ ਘਰ ਹੀ ਪੈ ਜਾਂਦਾ। ਹੁਣ ਬਾਪੂ ਕਤਰੀ ਦਾੜ੍ਹੀ ‘ਤੇ ਹੱਥ ਫ਼ੇਰ ‘ਜੋ ਭਾਵੇ ਕਰਤਾਰ’ ਕਹਿਣੋਂ ਵੀ ਹਟ ਗਿਆ ਸੀ।
ਬਾਪੂ ਦੀ ਦਾੜ੍ਹੀ ਵਧ ਗਈ। ਕੱਪੜੇ ਵੀ ਮੈਲੇ ਰਹਿਣ ਲੱਗ ਪਏ।
ਮੇਰੀ ਪੜ੍ਹਾਈ ਛੁੱਟ ਗਈ। ਹੁਣ ਬੀਬੀ ਪੇਕੇ ਘਰ ਆਈ ਭੈਣ ਨੂੰ ਦੋਵਾਂ ਕੁੜੀਆਂ ਲਈ ਗ਼ਰੀਬ ਘਰ ਟੋਲਣ ਲਈ ਆਖਦੀ। ਭੈਣ ਵੀ ਘਰ ਦੀ ਸਥਿਤੀ ਦੇਖ ਕੇ ਗੇੜੇ ਘੱਟ ਲਾਉਣ ਲੱਗ ਪਈ। ਕੁੜੀਆਂ ਵਿਹੜੇ ‘ਚ ਸਰਪੱਲੂ ਲੈ ਕੇ ਪੈ ਜਾਂਦੀਆਂ। ਉਨ੍ਹਾਂ ਦੇ ਚਿਹਰਿਆਂ ‘ਤੇ ਖਿਝ ਅਤੇ ਤਣਾਅ ਰਹਿਣ ਲੱਗ ਪਿਆ।
ਰਿਸ਼ਤਿਆਂ ਨੂੰ ਘਰ ਦੀਆਂ ਕੰਧਾਂ ਨੇ ਚੁਗਲੀ ਕਰ ਦਿੱਤੀ ਸੀ। ਬਾਪੂ ਨੇ ਡੋਲਦੇ ਘਰ ਨੂੰ ਠੁੰਮ੍ਹਣਾ ਦੇਣ ਲਈ ਇੱਕ  ਦਾਅ ਹੋਰ ਖੇਡਿਆ। ਭੱਠੇ ਵਾਲੇ ਸੰਤੋਸ਼ ਕੁਮਾਰ ਨੂੰ ਜ਼ਮੀਨ ਬੈਅ ਤਾਂ ਨਹੀਂ, ਮਿੱਟੀ ਪੁੱਟਣ ਲਈ ਦੇ ਦਿੱਤੀ। ਮਿਲੇ ਪੈਸਿਆਂ ਨਾਲ ਬਾਪੂ ਨੇ ਕੁਝ ਜ਼ਮੀਨ ਠੇਕੇ ‘ਤੇ ਲੈ ਲਈ। ਬਾਪੂ ਨੂੰ ਜ਼ਮੀਨ ਫ਼ਿਰ ਘਾਟਾ ਦੇ ਗਈ। ਉਸ ਨੇ ਇੱਕ ਸਾਲ ਲਈ ਜ਼ਮੀਨ ਤਿੰਨ ਫ਼ੁੱਟ ਹੋਰ ਡੂੰਘੀ ਪੁੱਟਣ ਲਈ ਦੇ ਦਿੱਤੀ। ਉਹ ਪੈਸੇ ਵੀ ਖੱਡੀਂ ਵੜ ਗਏ। ਸਾਡੀ ਜ਼ਮੀਨ ਵਾਹੀਯੋਗ ਨਾ ਰਹੀ, ਟੋਆ ਬਣ ਗਈ। ਉਪਰੋਂ, ਜ਼ਮੀਨ ਦੇ ਭਾਅ ਵੀ ਮੰਦੇ ਹੋ ਗਏ।
ਬਾਪੂ, ਬੀਬੀ ਦੇ ਕਲੇਸ਼ ਤੋਂ ਡਰਦਾ ਗੁਰੂ ਘਰ ‘ਚ ਪੈਣ ਲੱਗ ਪਿਆ। ਕਰਜ਼ਦਾਰਾਂ ਦੇ ਨਿੱਤ ਦੇ ਝਗੜਿਆਂ ਤੋਂ ਅੱਕ ਕੇ ਮੈਂ ਦਿਹਾੜੀਆਂ ਕਰਨ ਲੱਗ ਪਿਆ।
ਮੇਰੀ ਸੁਰਤ ਮੁੜੀ। ਚਾਹ ਉੱਬਲ ਕੇ ਪਾਟ ਗਈ ਸੀ। ਪਤੀਲੀ ਮੂਧੀ ਮਾਰ ਕੇ ਮੈਂ ਮੰਜੀ ‘ਤੇ ਟੇਢਾ ਹੋ ਗਿਆ। ਨੀਂਦ ਨੇ ਦੱਬ ਲਿਆ। ਤੜਕੇ ਸੇਠ ਆਏ ਤਾਂ ਸ਼ੈੱਲਰ ਦੀਆਂ ਦੋ ਮੋਟਰਾਂ ਚੋਰੀ ਹੋ ਗਈਆਂ ਸਨ। ਮੈਨੂੰ ਤਨਖ਼ਾਹ ਕੱਟ ਚੌਕੀਦਾਰੀ ਤੋਂ ਜਵਾਬ ਮਿਲ ਗਿਆ।
ਕਈ ਮਹੀਨੇ ਲੰਘ ਗਏ। ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਇੱਕ ਦਿਨ ਦੁਪਹਿਰੇ ਸੜਕ ਵੱਲ ਨਿਕਲ ਪਿਆ। ਧੁੱਪ ਦੀਆਂ ਕੜਕਾਈਆਂ ਜ਼ਹਿਰੀ ਅੱਕ ਦੀਆਂ ਕੁੱਕੜੀਆਂ ‘ਚੋਂ ਭੰਬੂ ਨਿੱਕਲ ਕੇ ਮੋੜ੍ਹੀਆਂ ਅਤੇ ਰੁੱਖਾਂ ‘ਚ ਫ਼ਸ ਰਹੇ ਸਨ। ਮੈਨੂੰ ਵੀ ਆਪਣਾ ਆਪ ਭੰਬੂਆਂ ਵਰਗਾ ਜਾਪਿਆ। ਮਨ ‘ਚ ਬੁਰੇ-ਬੁਰੇ ਖ਼ਿਆਲ ਆਉਣ ਲੱਗੇ। ਖ਼ੁਦਕੁਸ਼ੀ ਵਰਗੇ ਆਤਮਘਾਤੀ ਕਦਮ ਜਿਹੇ ਖ਼ਿਆਲ। ਮੈਂ ਭੰਬੂਆਂ ਕੋਲ ਬੈਠ ਰੋਣ ਲੱਗ ਪਿਆ। ਮਰਨ ਨੂੰ ਵੀ ਜੀਅ ਨਹੀਂ ਕਰਦਾ ਸੀ। ਮਗਰ ਭਉਂ ਕੇ ਦੇਖਿਆ ਤਾਂ ਤਾਇਆ ਖੜ੍ਹਾ ਸੀ। ਤਾਇਆ ਹਮੇਸ਼ਾਂ ਦੀ ਤਰ੍ਹਾਂ ਚੜ੍ਹਦੀ ਕਲਾ ‘ਚ ਸੀ। ਉਸ ਨੇ ਮੈਨੂੰ ਕਲਾਵੇ ‘ਚ ਲੈਂਦਿਆਂ ਕਿਹਾ, ”ਆਪਾਂ ਬਿਨਾਂ ਰੇਹ-ਸਪਰੇਅ ਵਾਲੀਆਂ ਸਬਜ਼ੀਆਂ ਵਾਲਾ ਢਾਬਾ ਵੱਡੀ ਸੜਕ ‘ਤੇ ਖੋਲ੍ਹਣਾ ਹੈ। ਕਈ ਬੰਦੇ ਰੱਖਣੇ ਪੈਣੇ ਨੇ। ਤੇਰੀ ਸਭ ਤੋਂ ਵੱਧ ਜ਼ਰੂਰਤ ਐ।” ਤਾਏ ਨੇ ਮੈਨੂੰ ਰੋਂਦੇ ਨੂੰ ਗਲ ਨਾਲ ਲਾ ਲਿਆ। ”ਹੌਸਲਾ ਧਾਰ ਕਾਕਾ, ਆਪਾਂ ਗਰਜ਼ਮੰਦ ਘਰ ਭਾਲ ਕੇ ਲੜਕੀਆਂ ਵੀ ਤੋਰਾਂਗੇ।” ਮੇਰੀਆਂ ਸਿਸਕੀਆਂ ਬੰਦ ਹੋ ਗਈਆਂ। ਮੈਂ ਤਾਏ ਦੇ ਨਾਲ ਕਦਮ ਮੇਲ ਕੇ ਤੁਰ ਪਿਆ।