ਇਮਰਾਨ ਨੇ ਭਾਰਤ ਵੱਲ ਵਧਾਇਆ ਦੋਸਤੀ ਦਾ ਹੱਥ, ਕੈਦ ਪੂਰੀ ਕਰ ਭਲਕੇ ਵਤਨ ਪਰਤੇਗਾ ਭਾਰਤੀ ਨਾਗਰਿਕ ਹਾਮਿਦ
ਇਮਰਾਨ ਨੇ ਭਾਰਤ ਵੱਲ ਵਧਾਇਆ ਦੋਸਤੀ ਦਾ ਹੱਥ, ਕੈਦ ਪੂਰੀ ਕਰ ਭਲਕੇ ਵਤਨ ਪਰਤੇਗਾ ਭਾਰਤੀ ਨਾਗਰਿਕ ਹਾਮਿਦ

ਪਾਕਿਸਤਾਨ ਸਰਕਾਰ ਨੇ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਹੈ। ਉਹ ਭਲਕੇ ਯਾਨੀ ਮੰਗਲਵਾਰ ਨੂੰ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਪਰਤੇਗਾ। ਕਰਤਾਰਪੁਰ ਸਾਹਿਬ ਲਾਂਘੇ ਤੋਂ ਬਾਅਦ ਇਮਰਾਨ ਖ਼ਾਨ ਵੱਲੋਂ ਅਮਨ-ਸ਼ਾਂਤੀ ਕਾਇਮ ਕਰਨ ਲਈ ਭਾਰਤ ਵੱਲ ਵਧਾਇਆ ਇਹ ਦੂਜਾ ਕਦਮ ਹੈ।

ਹਾਮਿਦ ਅੰਸਾਰੀ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਜੋ ਆਨਲਾਈਨ ਦੋਸਤ ਬਣੀ ਕੁੜੀ ਨੂੰ ਮਿਲਣ ਲਈ ਪਾਕਿਸਤਾਨ ਪਹੁੰਚ ਗਿਆ ਸੀ। ਉਸ ਨੂੰ ਫਰਜ਼ੀ ਕਾਗਜ਼ਾਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਕਰਕੇ ਉਸ ਨੂੰ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। ਹੁਣ ਸਜ਼ਾ ਦੇ ਤਿੰਨ ਸਾਲ ਪੂਰੇ ਹੋਣ ਬਾਅਦ ਉਸ ਦੀ ਜਲਦ ਰਿਹਾਈ ਦੀ ਉਮੀਦ ਕੀਤੀ ਜਾ ਰਹੀ ਹੈ।

ਹਾਮਿਦ ਨੂੰ ਨਵੰਬਰ 2012 ‘ਚ ਪਾਕਿਸਤਾਨੀ ਦੇ ਕੋਹਾਟ ਤੋਂ ਹਿਰਾਸਤ ‘ਚ ਲਿਆ ਗਿਆ ਸੀ ਤੇ ਰਿਹਾਈ ਤੋਂ ਪਹਿਲਾਂ ਉਹ ਮਰਦਾਨ ਜੇਲ੍ਹ ਵਿੱਚ ਬੰਦ ਸੀ। ਚਾਰ ਨਵੰਬਰ 2012 ਨੂੰ ਹਾਮਿਦ ਨੇ ਮੁੰਬਈ ਤੋਂ ਕਾਬੁਲ ਦੀ ਫਲਾਈਟ ਲਈ ਸੀ ਤੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਇੱਕ ਹਵਾਈ ਕੰਪਨੀ ‘ਚ ਇੰਟਰਵਿਊ ਦੇਣ ਜਾ ਰਿਹਾ ਹੈ। 15 ਨਵੰਬਰ ਨੂੰ ਉਸ ਨੇ ਘਰ ਪਰਤਣਾ ਸੀ ਪਰ ਕਾਬੁਲ ਪਹੁੰਚਣ ਤੋਂ ਕੁਝ ਦਿਨ ਬਾਅਦ ਉਸਦਾ ਘਰ ਵਾਲਿਆਂ ਨਾਲ ਸੰਪਰਕ ਟੁੱਟ ਗਿਆ।

ਓਧਰ, ਪੁਲਿਸ ਮੁਤਾਬਕ ਕੋਹਾਟ ਦੇ ਇੱਕ ਹੋਟਲ ‘ਚ ਕਮਰਾ ਕਿਰਾਏ ‘ਤੇ ਲੈਣ ਲੱਗਿਆਂ ਹਾਮਿਦ ਨੇ ਜਾਅਲੀ ਪਛਾਣ ਪੱਤਰ ਵਰਤਿਆ ਜਿਸ ’ਤੇ ਸ਼ੱਕ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ ਸੀ। ਪਾਕਿਸਤਾਨ ਦੇ ਸੂਚਨਾ ਵਿਭਾਗ ਮੁਤਾਬਕ ਹਾਮਿਦ ਨੇ ਪੁੱਛਗਿੱਛ ‘ਚ ਇਹ ਮੰਨਿਆ ਕਿ ਉਹ ਗੈਰ-ਕਾਨੂੰਨੀ ਤੌਰ ’ਤੇ ਅਫ਼ਗਾਨਿਸਤਾਨ ਤੋਂ ਤੋਰਖ਼ਮ ਰਾਹੀਂ ਪਾਕਿਸਤਾਨ ਦਾਖ਼ਲ ਹੋਇਆ ਸੀ।