ਮਾਲਿਆ ਨੂੰ ਲੈਣ ਯੂਕੇ ਗਈਆਂ ਈਡੀ ਤੇ ਸੀਬੀਆਈ ਦੀਆਂ ਟੀਮਾਂ
ਮਾਲਿਆ ਨੂੰ ਲੈਣ ਯੂਕੇ ਗਈਆਂ ਈਡੀ ਤੇ ਸੀਬੀਆਈ ਦੀਆਂ ਟੀਮਾਂ

ਯੂਕੇ ਦੀ ਅਦਾਲਤ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਹਵਾਲਗੀ ’ਤੇ ਫੈਸਲਾ ਸੁਣਾ ਸਕਦੀ ਹੈ। ਇਸ ਮਾਮਲੇ ਵਿੱਚ 12 ਸਤੰਬਰ ਨੂੰ ਆਖ਼ਰੀ ਸੁਣਵਾਈ ਹੋਈ ਸੀ। ਯਾਦ ਰਹੇ ਕਿ ਮਾਲਿਆ ’ਤੇ ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਨੱਪਣ ਦਾ ਇਲਜ਼ਾਮ ਹੈ। ਇਸ ਮਾਮਲੇ ਵਿੱਚ ਜਾਂਚ ਕਰ ਰਹੀਆਂ ਸੀਬੀਆਈ ਤੇ ਈਡੀ ਦੀਆਂ ਟੀਮਾਂ ਯੂਕੇ ਲਈ ਰਵਾਨਾ ਹੋ ਚੁੱਕੀਆਂ ਹਨ।

ਮਾਲਿਆ ਨੇ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਬਾਅਦ ਭਾਰਤ ਛੱਡ ਦਿੱਤਾ ਸੀ। ਉਹ ਮਾਰਚ 2016 ਤੋਂ ਲੰਦਨ ਵਿੱਚ ਰਹਿ ਰਿਹਾ ਹੈ। ਭਾਰਤ ਸਰਕਾਰ ਲਗਾਤਾਰ ਉਸ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੀ ਹੈ। 2017 ਵਿੱਚ G-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨਾਲ ਮਾਲਿਆ ਦੀ ਹਵਾਲਗੀ ਦੀ ਅਪੀਲ ਵੀ ਕੀਤੀ ਸੀ। ਪਿਛਲੇ ਸਾਲ 4 ਦਸੰਬਰ ਨੂੰ ਯੂਕੇ ਦੀ ਅਦਾਲਤ ਵਿੱਚ ਇਸ ਮਾਮਲੇ ਸਬੰਧੀ ਕੇਸ ਸ਼ੁਰੂ ਹੋਇਆ ਸੀ। ਮਾਲਿਆ ਨੇ ਵੀਰਵਾਰ ਨੂੰ ਟਵੀਟ ਵੀ ਕੀਤਾ ਸੀ ਕਿ ਉਹ ਬੈਂਕਾਂ ਦਾ 100 ਫੀਸਦੀ ਕਰਜ਼ਾ ਮੋੜ ਦਏਗਾ ਬਸ਼ਰਤੇ ਇਹ ਕਿੱਸਾ ਖ਼ਤਮ ਹੋਣਾ ਚਾਹੀਦਾ ਹੈ।

ਇੱਧਰੋਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਭਗੋੜੇ ਮਾਲਿਆ ਦੀ ਈਡੀ ਦੀ ਕਾਰਵਾਈ ’ਤੇ ਰੋਕ ਲਾਉਣ ਦੀ ਮੰਗ ਖਾਰਜ ਕਰ ਦਿੱਤੀ ਹੈ। ਈਡੀ ਨੇ ਮੁੰਬਈ ਸਥਿਤ ਵਿਸ਼ੇਸ਼ ਅਦਾਲਤ ਵਿੱਚ ਮਾਲਿਆ ਨੂੰ ਭਗੌੜਾ ਆਰਥਕ ਅਪਰਾਧੀ ਆਲਾਨਣ ਦੀ ਅਰਜ਼ੀ ਦਾਖ਼ਲ ਕੀਤੀ ਸੀ ਜਿਸ ਨੂੰ ਮਾਲਿਆ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਪਿਛਲੇ ਮਹੀਨੇ ਬੰਬੇ ਹਾਈਕੋਰਟ ਨੇ ਵੀ ਮਾਲਿਆ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ। ਮਾਲਿਆ ਨੇ ਇਸ ਦੇ ਖਿਲਾਫ ਵੀ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ।