ਉਹ ਅੱਧ-ਮੀਟੀਆਂ ਅੱਖਾਂ ਨਾਲ ਦੇਖਦੀ ਜਾ ਰਹੀ ਸੀ ਅਤੇ ਉਸਨੇ ਆਪਣੇ ਬੁੱਲ੍ਹ ਕਸਕੇ ਘੁੱਟੇ ਹੋਏ ਸਨ। ਉਸ ਦੀਆਂ ਉਂਗਲਾਂ ਆਪਣੀ ਚਾਦਰ ਹੇਠ ਛੁਪਾਏ ਭਾਰੀ ਪਿਸਤੌਲ ਨੂੰ ਮਹਿਸੂਸ ਕਰ ਰਹੀਆਂ ਸਨ। ਬਾਰਿਸ਼ ਨਾਲ ਉਹ ਕਾਫ਼ੀ ਭਿੱਜ ਗਈ ਸੀ। ਚੱਲਦੇ-ਚੱਲਦੇ ਉਹ ਇੱਕ ਮੋੜ ‘ਤੇ ਪਹੁੰਚੀ ਤਾਂ ਸਾਹਮਣੇ ਜਗਦੀਆਂ ਹੋਈਆਂ ਬੱਤੀਆਂ ਦਿਖਾਈ ਦਿੱਤੀਆਂ। ਨੇੜਿਉਂ ਹੀ ਕੁਝ ਲੋਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ”ਕੌਣ ਹੈ”? ਉਹ ਰੁਕ ਗਈ ਤੇ ਕੰਬਦੀਆਂ ਹੋਈਆਂ ਉਂਗਲਾਂ ਨਾਲ ਚਾਦਰ ਨੂੰ ਹੋਰ ਘੁੱਟ ਕੇ ਫ਼ੜ੍ਹ ਲਿਆ। ਦੋ ਗੋਰੇ ਉਸਦੇ ਨੇੜੇ ਆਏ। ਉਨ੍ਹਾਂ ਨੇ ਉਸ ਵੱਲ ਬੰਦੂਕਾਂ ਤਾਣੀਆਂ ਹੋਈਆਂ ਸਨ। ”ਤੂੰ ਇਥੇ ਕੀ ਕਰ ਰਹੀਂ ਏਂ?” ” ਮੈਂ ਆਪਣੇ ਬੇਟੇ ਨੂੰ ਮਿਲਣ ਆਈ ਹਾਂ।” ”ਤੇਰਾ ਬੇਟਾ ਕੀ ਕਰਦਾ ਏ?” ” ਉਸਨੂੰ ਸ਼ੈਰਿਫ਼ ਨੇ ਫ਼ੜ੍ਹਿਆ ਹੋਇਆ ਹੈ।” ” ਅੱਛਾ, ਤਾਂ ਤੂੰ ਉਸ ਨੀਗਰੋ ਦੀ ਮਾਂ ਹੈਂ; ਤੈਨੂੰ ਹੁਣ ਆਪਣੇ ਬੇਟੇ ਦੀ ਲਾਸ਼ ਚਾਹੀਦੀ ਹੈ?” ”ਹਾਂ”। ”ਉਹ ਹਾਲੇ ਮਰਿਆ ਨਹੀਂ। ਹਾਂ, ਉਸਨੇ ਭੇਤ ਖੋਲ੍ਹ ਦਿੱਤਾ ਤਾਂ ਮਰਨੋ ਬਚ ਜਾਏਗਾ।” ”ਪਰ ਉਹ ਦੱਸੇਗਾ ਨਹੀਂ।” ”ਸਾਡੇ ਕੋਲ ਬੜੇ ਤਰੀਕੇ ਹਨ ਮੂੰਹ ਖੁੱਲ੍ਹਵਾਉਣ ਦੇ” ”ਪਰ ਤੁਸੀਂ ਉਸਦੀ ਜ਼ੁਬਾਨ ਨਹੀਂ ਖੁਲ੍ਹਵਾ ਸਕਦੇ?” ” ਸੁਣ ਨੀਗਰੋ ਬੁੱਢੀਏ, ਜ਼ਰਾ ਅਕਲ ਤੋਂ ਕੰਮ ਲੈ। ਨੀਗਰੋ ਲੋਕ ਕਦੇ ਇਨਕਲਾਬ ਨਹੀਂ ਲਿਆ ਸਕਦੇ। ਤੂੰ ਹਾਲੇ ਵੀ ਆਪਣੇ ਬੇਟੇ ਨੂੰ ਸਮਝਾ ਲੈ।” ”ਮੈਨੂੰ ਸ਼ੈਰਿਫ਼ ਕੋਲ ਲੈ ਚਲੋ।” ”ਤੂੰ ਉਸਦੀ ਮਾਂ ਹੈਂ, ਆਪਣੇ ਬੇਟੇ ਨੂੰ ਸਮਝਾ ਕਿ ਜੇ ਉਸਨੇ ਜ਼ਿੰਦਾ ਰਹਿਣਾ ਹੈ ਤਾਂ ਆਪਣੇ ਸਾਥੀਆਂ ਦੇ ਨਾਂ ਦੱਸ ਦੇਵੇ।” ”ਨਹੀਂ, ਉਹ ਨਹੀਂ ਦੱਸੇਗਾ।” ਉਨ੍ਹਾਂ ਨੇ ਉਸ ਨੂੰ ਬਾਂਹ ਤੋਂ ਫ਼ੜ੍ਹਿਆ ਤੇ ਜੰਗਲ ਵਿੱਚ ਜੁੜੀ ਹੋਈ ਲੋਕਾਂ ਦੀ ਭੀੜ ਵੱਲ ਧੂਹ ਕੇ ਲੈ ਗਏ। ਉਸਦੀ ਸੋਚ ਬੜੀ ਸਾਫ਼ ਤੇ ਸੁਲਝੀ ਹੋਈ ਸੀ। ‘ਬੁੱਕਰ ਨਹੀਂ ਦੱਸੇਗਾ’ ਉਸਨੇ ਮਨ ਵਿੱਚ ਹੀ ਕਿਹਾ, ‘ਜੇ ਉਸਨੇ ਜ਼ੁਬਾਨ ਖੋਲ੍ਹੀ ਤਾਂ ਮੈਂ……..” ਜਿਵੇਂ ਜਿਵੇਂ ਲੋਕਾਂ ਦੀਆਂ ਆਵਾਜ਼ਾਂ ਉੱਚੀਆਂ ਹੁੰਦੀਆਂ ਗਈਆਂ ਉਹ ਆਪਣੀ ਗ਼ਲਤੀ ਨੂੰ ਸੁਧਾਰਨ ਬਾਰੇ ਸੋਚਦੀ ਰਹੀ, ‘ਮੈਂ ਬੁੱਕਰ ਨੂੰ ਇਹ ਭੇਤ ਕਿਉਂ ਦੱਸਿਆ? ਖ਼ੈਰ, ਮੈਂ ਹੁਣ ਬੁੱਕਰ ਦੇ ਆਉਣ ਤਕ ਚੁੱਪ ਰਹਾਂਗੀ, ਬੱਸ ਇੱਕ ਵਾਰੀ ਆਪਣੇ ਬੇਟੇ ਜਾਨੀ ਬਾਏ ਕੋਲ ਪਹੁੰਚ ਜਾਵਾਂ।’ ਫ਼ਲੈਸ਼ ਰੌਸ਼ਨੀ ਵਿੱਚ ਪੈ ਰਹੀ ਬਾਰਿਸ਼ ਦੀਆਂ ਬੂੰਦਾਂ ਚਮਕ ਰਹੀਆਂ ਸਨ। ਉਥੇ ਖੜ੍ਹੇ ਲੋਕ ਇੱਕ ਪਾਸੇ ਵਲ ਹੋਏ ਤਾਂ ਉਸਨੇ ਆਪਣੇ ਬੇਟੇ ਜਾਨੀ ਬਾਏ ਨੂੰ ਚਿੱਕੜ ਵਿੱਚ ਲੇਟਿਆਂ ਦੇਖਿਆ। ਉਸਨੂੰ ਇੱਕ ਰੱਸੇ ਨਾਲ ਬੰਨ੍ਹਿਆ ਹੋਇਆ ਸੀ। ਉਸਦਾ ਚਿਹਰਾ ਗੰਦੇ ਪਾਣੀ ਨਾਲ ਭਰੇ ਹੋਏ ਟੋਏ ਵਿੱਚ ਪਿਆ ਹੋਇਆ ਸੀ। ਉਸਨੇ ਆਪਣੀ ਮਾਂ ਵੱਲ ਦੇਖਿਆ ਤਾਂ ਉਸਦੀਆਂ ਅੱਖਾਂ ਵਿੱਚ ਇੱਕ ਸਵਾਲ ਉਭਰਨ ਲੱਗਿਆ। ”ਇਹਦੇ ਨਾਲ ਗੱਲ ਕਰ”, ਸ਼ੈਰਿਫ਼ ਨੇ ਉੱਚੀ ਅਵਾਜ਼ ਵਿੱਚ ਕਿਹਾ। ‘ਕਾਸ਼! ਮੈਂ ਉਸਨੂੰ ਦੱਸ ਸਕਦੀ ਹੋਵਾਂ ਕਿ ਮੈਂ ਇਥੇ ਕਿਉਂ ਆਈ ਹਾਂ?’ ਉਸ ਨੇ ਸੋਚਿਆ। ‘ਬੋਲ, ਨੀਗਰੋ ਦੇ ਬੱਚੇ।’ ਸ਼ੈਰਿਫ਼ ਨੇ ਜਾਨੀ ਬਾਏ ਦੇ ਠੁੱਡਾ ਮਾਰਦਿਆਂ ਕਿਹਾ, ‘ਇਹ ਖੜ੍ਹੀ ਏ ਤੇਰੀ ਮਾਂ’। ਜਾਨੀ ਬਾਏ ਨਾ ਕੁਝ ਬੋਲਿਆ ਤੇ ਨਾ ਹੀ ਹਿੱਲਿਆ। ਸ਼ੈਰਿਫ਼ ਉਸਦੀ ਮਾਂ ਵੱਲ ਮੁੜਿਆ, ”ਇਸਨੂੰ ਹਾਲੇ ਵੀ ਸਮਝਾ ਕੁਝ। ਆਖਰ ਇਹ ਆਪਣੇ ਕਾਲੇ ਤੇ ਗੋਰੇ ਸਾਥੀਆਂ ਨੂੰ ਕਿਉਂ ਬਚਾ ਰਿਹਾ ਹੈ। ਬੱਸ ਉਨ੍ਹਾਂ ਦੇ ਨਾਂਅ ਦਸ ਦੇਵੇ ਤੇ ਆਪਣੀ ਜਾਨ ਬਚਾ ਲਵੇ। ਸਮਝਾ ਏਸ ਨੂੰ, ਇਸਦੇ ਕੋਲ ਜਾਹ।’ ਉਹ ਆਪਣੀ ਥਾਂ ਤੋਂ ਨਹੀਂ ਹਿੱਲੀ। ਉਸਦਾ ਦਿਲ ਚੀਖ ਚੀਖ ਕੇ ਆਪਣੇ ਬੇਟੇ ਦੀਆਂ ਅੱਖਾਂ ਵਿੱਚ ਉਠਦੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਸੀ। ਪਰ ਉਹ ਚੁੱਪ ਰਹੀ। ‘ਤੂੰ ਨਹੀਂ ਬੋਲੇਂਗੀ ਤਾਂ ਅਸੀਂ ਇਸਨੂੰ ਬੁਲਾਵਾਂਗੇ।’ ਸ਼ੈਰਿਫ਼ ਨੇ ਦੂਜੇ ਪਾਸੇ ਮੂੰਹ ਮੋੜ ਕੇ ਕਿਹਾ, ‘ਟਿੰਮ, ਉਥੋਂ ਲੱਕੜ ਦੀ ਇੱਕ ਮੋਟੀ ਬੱਲੀ ਲਿਆਓ ਤੇ ਇਸ ਨੂੰ ਨੀਗਰੋ ਦੀਆਂ ਟੰਗਾਂ ਉਤੇ ਰੱਖੋ।” ਫ਼ੇਰ ਇੱਕ ਦਰਦਨਾਕ ਚੀਕ ਸੁਣਾਈ ਦਿੱਤੀ। ਲੰਬੇ ਆਦਮੀ ਨੇ ਜਾਨੀ ਬਾਏ ਦੀਆਂ ਦੋਹੇ ਟੰਗਾਂ ਉਪਰ ਚੁੱਕੀਆਂ ਤੇ ਇੱਕ ਦਮ ਛੱਡ ਦਿੱਤੀਆਂ। ਟੰਗਾਂ ਬੇਜਾਨ ਹੋ ਕੇ ਹੇਠਾਂ ਡਿੱਗ ਪਈਆਂ। ਜਾਨੀ ਬਾਏ ਦਾ ਸਿਰ ਇੱਕ ਪਾਸੇ ਲੁੜਕ ਗਿਆ ਸੀ, ਜਿਸਨੂੰ ਮਾਂ ਦੇਖ ਨਹੀਂ ਸਕਦੀ ਸੀ। ਅਚਾਨਕ ਜਾਨੀ ਬਾਏ ਦਾ ਚਿਹਰਾ ਉਹਦੇ ਵੱਲ ਘੁੰਮਿਆ ਤੇ ਉਹ ਚੀਖ ਕੇ ਬੋਲਿਆ, ‘ਇਥੋਂ ਚਲੀ ਜਾਹ, ਮਾਂ! ਚਲੀ ਜਾਹ।’ ਮਾਂ ਪਾਗਲਾਂ ਵਾਂਗ ਬੇਟੇ ਵਲ ਦੌੜੀ ਪਰ ਸ਼ੈਰਿਫ਼ ਨੇ ਉਸ ਨੂੰ ਬਾਂਹ ਤੋਂ ਫ਼ੜ੍ਹ ਕੇ ਰੋਕ ਲਿਆ। ਫ਼ਿਰ ਉਸ ਨੇ ਜਾਨੀ ਬਾਏ ਨੂੰ ਕਿਹਾ ”ਜੇ ਤੂੰ ਕੁਝ ਦੱਸ ਦੇਵੇਂ ਤਾਂ ਅਸੀਂ ਤੇਰੀ ਮਾਂ ਨੂੰ ਛੱਡ ਦੇਵਾਂਗੇ, ਨਹੀਂ ਇਸ ਨੂੰ ਵੀ ……..।” ”ਮੇਰਾ ਬੇਟਾ ਨਹੀਂ ਦੱਸੇਗਾ”, ਉਹ ਉੱਚੀ ਸੁਰ ਵਿੱਚ ਬੋਲੀ। ”ਚਲੀ ਜਾਹ! ਮਾਂ।” ”ਇਸਨੂੰ ਬੇਸ਼ਕ ਗੋਲੀ ਮਾਰ ਦਿਓ… ਪਰ ਇਸ ਤਰ੍ਹਾਂ ਤਸੀਹੇ ਨਾ ਦਿਉ”, ਉਸਨੇ ਸ਼ੈਰਿਫ਼ ਨੂੰ ਕਿਹਾ। ”ਇਹ ਸਭ ਕੁਝ ਦੱਸੇਗਾ ਨਹੀਂ ਤਾਂ ਤੇਰੀ ਆਵਾਜ਼ ਮੁੜ ਕਦੇ ਨਹੀਂ ਸੁਣ ਸਕੇਗਾ। ਅਸੀਂ ਇਸਦੇ ਕੰਨ ਭੰਨ ਸੁੱਟਾਂਗੇ।” ਮਾਂ ਨੇ ਅੱਖਾਂ ਬੰਦ ਕਰ ਲਈਆਂ ਤੇ ਕੁਝ ਪਲਾਂ ਬਾਅਦ ਜਦੋਂ ਅੱਖਾਂ ਖੋਲ੍ਹੀਆਂ ਤਾਂ ਉਸਨੇ ਦੇਖਿਆ ਕਿ ਸ਼ੈਰਿਫ਼ ਉਸਦੇ ਬੇਟੇ ਉੱਤੇ ਝੁਕਿਆ ਖੜ੍ਹਾ ਹੈ। ਫ਼ੇਰ ਉਸਨੇ ਜਾਨੀ ਬਾਏ ਦੇ ਕੰਨ ਉੱਤੇ ਆਪਣੀ ਹਥੇਲੀ ਰੱਖੀ ਅਤੇ ਉਸ ਉੱਤੇ ਪੂਰੇ ਜ਼ੋਰ ਨਾਲ ਦੂਜੇ ਹੱਥ ਦਾ ਮੁੱਕਾ ਮਾਰਿਆ। ਫ਼ੇਰ ਉਸਨੇ ਦੂਜੇ ਕੰਨ ਉੱਤੇ ਹਥੇਲੀ ਰੱਖ ਕੇ ਇੱਕ ਹੋਰ ਮੁੱਕਾ ਮਾਰਿਆ। ਜਾਨੀ ਬਾਏ ਦਰਦ ਨਾਲ ਕਰਾਹੁਣ ਲੱਗਿਆ। ਉਸਦਾ ਸਿਰ ਇਧਰ-ਉਧਰ ਲੁੜਕ ਰਿਹਾ ਸੀ, ਉਸ ਦੀਆਂ ਅੱਖਾਂ ਜਿਵੇਂ ਪਥਰਾਅ ਗਈਆਂ ਹੋਣ। ”ਸ਼ੈਰਿਫ਼, ਤੁਹਾਨੂੰ ਕੋਈ ਮਿਲਣਾ ਚਾਹੁੰਦਾ ਹੈ” ”ਉਸਨੂੰ ਅੰਦਰ ਲੈ ਆੳ”। ਮਾਂ ਨੇ ਸੁਣਿਆ ਤਾਂ ਉਹ ਆਪਣੇ ਆਪ ਵਿੱਚ ਜਿਵੇਂ ਸਿਮਟ ਕੇ ਰਹਿ ਗਈ। ‘ਕੀ ਇਹ ਬੁੱਕਰ ਹੈ?’ ਉਸ ਨੇ ਸੋਚਿਆ। ਭੀੜ ਵਿੱਚੋਂ ਰਸਤਾ ਬਣਾਉਂਦਾ ਹੋਇਆ ਬੁੱਕਰ ਸ਼ੈਰਿਫ਼ ਕੋਲ ਆਇਆ ਤੇ ਕਹਿਣ ਲੱਗਾ, ”ਮੈਂ ਉਨ੍ਹਾਂ ਸਾਰਿਆਂ ਨੂੰ ਜਾਣਦਾ ਹਾਂ, ਸ਼ੈਰਿਫ਼!” ਉਸੇ ਵਕਤ ਉਸਦੀ ਨਜ਼ਰ ਜਾਨੀ ਬਾਏ ਉੱਤੇ ਪਈ। ”ਤਾਂ, ਕੀ ਤੁਹਾਨੂੰ ਪਤਾ ਲੱਗਾ ਗਿਆ ਹੈ?” ਉਸਨੇ ਸ਼ੈਰਿਫ਼ ਵੱਲ ਦੇਖ ਕੇ ਪੁੱਛਿਆ। ਠੀਕ ਉਸੇ ਵੇਲੇ ਉਹ ਅੱਗੇ ਵਧੀ, ਉਸਨੇ ਆਪਣੀ ਚਾਦਰ ਉਪਰ ਚੁੱਕੀ ਤੇ ਗੋਲੀ ਚਲਾ ਦਿੱਤੀ- ਇੱਕ ਵਾਰ ਦੋ ਵਾਰ। ਫ਼ੇਰ ਉਹ ਪਿੱਛੇ ਮੁੜੀ ਤੇ ਜਾਨੀ ਬਾਏ ਵੱਲ ਪਿਸਤੌਲ ਤਾਣ ਦਿੱਤੀ। ਪਰ ਲੋਕਾਂ ਨੇ ਤੁਰੰਤ ਉਸ ਨੂੰ ਫ਼ੜ੍ਹ ਲਿਆ। ਜਦੋਂ ਉਸ ਨੇ ਬੁੱਕਰ ਨੂੰ ਚਿੱਕੜ ਵਿੱਚ ਡਿੱਗੇ ਪਏ ਨੂੰ ਦੇਖਿਆ ਤਾਂ ਉਸਦੀ ਬੇਚੈਨੀ ਖਤਮ ਹੋ ਗਈ। ਹੁਣ ਉਹ ਪੂਰੀ ਤਰ੍ਹਾਂ ਸ਼ਾਂਤ ਸੀ ਤੇ ਚਿੱਕੜ ਵਿੱਚ ਪਈ ਹੋਈ, ਆਪਣੇ ਉੱਤੇ ਬਾਰਿਸ਼ ਦੀਆਂ ਡਿੱਗ ਰਹੀਆਂ ਬਾਰਸ਼ ਦੀਆਂ ਬੂੰਦਾਂ ਵਿੱਚੋਂ ਗੋਰੇ ਚਿਹਰਿਆਂ ਨੂੰ ਦੇਖ ਰਹੀ ਸੀ। ”ਇਸਨੇ ਬੁੱਕਰ ਨੂੰ ਮਾਰ ਦਿੱਤਾ ਹੈ।” ”ਭਲਾ ਇਸਨੇ ਕਿਉਂ ਮਾਰਿਆ ਉਸਨੂੰ?” ”ਮਾਰ ਸੁੱਟੋ ਇਹਨੂੰ ਵੀ”। ਇਸ ਤੋਂ ਪਹਿਲਾਂ ਕਿ ਉਹ ਉਸਦੀ ਜਾਨ ਲੈ ਲੈਣ, ਉਹ ਖੁਦ ਆਪਣੀ ਜਾਨ ਲੈ ਲੈਣਾ ਚਾਹੁੰਦੀ ਸੀ। ਜੋ ਉਸ ਨੇ ਚਾਹਿਆ ਸੀ ਉਹ ਪੂਰਾ ਹੋ ਚੁੱਕਿਆ ਸੀ। ਬੱਸ, ਕਿਤੇ ਜਾਨੀ ਬਾਏ…..! ਉਸਨੇ ਆਪਣੇ ਬੇਟੇ ਵਲ ਦੇਖਿਆ। ਉਹ ਉਸਦੀਆਂ ਉਦਾਸ ਅੱਖਾਂ ਵਲ ਦੇਖ ਰਿਹਾ ਸੀ। ਕਾਸ਼ ਮੈਂ ਜਾਨੀ ਬਾਏ ਨੂੰ ਦੱਸ ਸਕਦੀ, ਉਸਨੇ ਸੋਚਿਆ। ਤੂੰ ਬੁੱਕਰ ਨੂੰ ਕਿਉਂ ਮਾਰ ਦਿੱਤਾ? ਸ਼ੈਰਿਫ਼ ਨੇ ਪੁੱਛਿਆ। ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਸੇ ਵੇਲੇ ਉਸਨੇ ਆਪਣੀ ਪਿੱਠ ਉਤੇ ਪਏ ਸ਼ੈਰਿਫ਼ ਦੇ ਬੂਟ ਦੇ ਠੁੱਡੇ ਨੂੰ ਮਹਿਸੂਸ ਕੀਤਾ। ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ‘ਕਾਲੀ ਕੁੱਤੀਏ’! ”ਇਹਨੂੰ ਵੀ ਪਾਰ ਬੁਲਾ ਦਿਉ।” ਉਸਨੂੰ ਆਪਣੀ ਗਿੱਲੀ ਤੇ ਠੰਡੀ ਪਿੱਠ ਉਤੇ ਵਗ ਰਿਹਾ ਗਰਮ ਖ਼ੂਨ ਮਹਿਸੂਸ ਹੋਇਆ। ਅਚਾਨਕ ਉਸਦੇ ਮੂੰਹੋਂ ਨਿਕਲਿਆ, ”ਤੁਸੀਂ ਜਿਹੜੇ ਨਾਂ ਜਾਣਨਾ ਚਾਹੁੰਦੇ ਸੀ…. ਉਹ ਨਹੀਂ ਜਾਣ ਸਕੇ ਤੇ ਹੁਣ ਉਨ੍ਹਾਂ ਦਾ ਤੁਹਾਨੂੰ ਕਦੇ ਪਤਾ ਵੀ ਨਹੀਂ ਲੱਗੇਗਾ।” ਉਸਨੇ ਆਪਣੀਆਂ ਖੁੱਲ੍ਹੀਆਂ ਹੋਈਆਂ ਧੁੰਦਲੀਆਂ ਅੱਖਾਂ ਵਿੱਚ ਬਾਰਿਸ਼ ਦੀ ਫ਼ੁਹਾਰ ਮਹਿਸੂਸ ਕੀਤੀ। ਉਸਨੂੰ ਕੋਈ ਮੱਧਮ ਜਿਹੇ ਬੋਲ ਸੁਣ ਰਹੇ ਸਨ। ਉਸਦੇ ਬੁੱਲ੍ਹ ਹਿੱਲ ਰਹੇ ਸਨ, ਪਰ ਉਨ੍ਹਾਂ ਵਿੱਚ ਆਵਾਜ਼ ਕੋਈ ਨਹੀਂ ਸੀ। ਉਹ ਹੁਣ ਪੂਰੀ ਤਰ੍ਹਾਂ ਸ਼ਾਂਤ ਸੀ ਅਤੇ ਉਸਨੂੰ ਕਿਸੇ ਤਰ੍ਹਾਂ ਦੀ ਠੰਢ ਵੀ ਨਹੀਂ ਲੱਗ ਰਹੀ ਸੀ।