ਪਰਬਤ ਦੀ ਪੀੜ ਕੀ ਹੁੰਦੀ ਹੈ ਇਸ ਸਮਝਣਾ ਬਹੁਤ ਔਖਾ ਹੈ। ਪਰਬਤ ਨੂੰ ਬੜਾ ਮਜ਼ਬੂਤ ਤੇ ਸਖ਼ਤ ਸਮਝਿਆ ਜਾਂਦਾ ਹੈ, ਪਰ ਉਸਨੂੰ ਵੀ ਕਦੇ-ਕਦੇ ਦਰਦ ਦੇ ਅਹਿਸਾਸ ਵਿੱਚੋਂ ਲੰਘਣਾ ਪੈਂਦਾ ਹੈ। ਕਈ ਤੂਫ਼ਾਨੇ ਉਸ ‘ਤੇ ਅਕਸਰ ਹਮਲੇ ਕਰਦੇ ਹੀ ਰਹਿੰਦੇ ਹਨ ਜਿਨ੍ਹਾਂ ਨੂੰ ਉਹ ਬੜੀ ਮਜ਼ਬੂਤੀ ਨਾਲ ਆਪਣੇ ਸੀਨੇ ‘ਤੇ ਸਹਾਰਦਾ ਹੈ। ਤੂਫ਼ਾਨ ਭਾਵੇਂ ਉਸਦਾ ਕੁੱਝ ਵਿਗਾੜ ਤਾਂ ਨਹੀਂ ਸਕਦੇ ਪਰ ਕੁਝ ਦੁੱਖ, ਕੁਝ ਦਰਦ ਉਸਨੂੰ ਦੇ ਹੀ ਜਾਂਦੇ ਹਨ। ਸੋਚਣ ਵਾਲੀ ਹਰ ਇੱਕ ਸ਼ੈਅ ਅੰਦਰ ਦਿਲ ਆਪਣੇ-ਆਪ ਹੀ ਉਤਪਨ ਹੋ ਜਾਂਦਾ ਹੈ। ਜਿਸ ਦੇ ਅੰਦਰ ਦਿਲ ਹੁੰਦਾ ਹੈ ਉਸ ਅੰਦਰ ਦਰਦ ਵੀ ਆਪਣੇ-ਆਪ ਹੀ ਪੈਦਾ ਹੋ ਜਾਂਦਾ ਹੈ। ਬੜਾ ਹੀ ਵਚਿੱਤਰ ਸੰਸਾਰ ਬਣਾਇਆ ਹੈ ਪਰਮਾਤਮਾ ਨੇ। ਪੱਥਰਾਂ ਦੇ ਦਿਲ ਹੁੰਦੇ ਨੇ ਤੇ ਉਨ੍ਹਾਂ ਅੰਦਰ ਦਰਦ ਤੇ ਕੁਰਲਾਹਟ ਵੀ ਹੁੰਦੀ ਹੈ। ਕਰਤਾਰ ਸਿੰਘ ਅੱਜ ਆਪਣੇ ਘਰ ਅੰਦਰ ਹੀ ਕੱਖੋਂ ਹੌਲਾ ਹੋ ਗੁਆਚੀ ਗਾਂ ਵਾਂਗ ਫ਼ਿਰ ਰਿਹਾ ਹੈ। ਪਰਬਤ ਦੀ ਪੀੜ ਦਾ ਅਹਿਸਾਸ ਅੱਜ ਉਸਦੀ ਰੂਹ ਅੰਦਰ ਸਮਾਉਂਦਾ ਜਾ ਰਿਹਾ ਹੈ। ਅੱਜ ਹੋ ਰਹੀ ਬੇਕਦਰੀ ਨੂੰ ਵੇਖਕੇ ਉਸਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਹ ਉਹੀ ਪਹਿਲੇ ਵਾਲਾ ਕਰਤਾਰ ਸਿੰਘ ਹੈ ਜਿਸ ਦੀ ਰਵਾਨਗੀ ਨਾਲ ਸਾਰਾ ਘਰ ਚੱਲਦਾ ਸੀ। ਉਸਦੇ ਬੈਠਣ ਨਾਲ ਸਭ ਬੈਠਦੇ ਸੀ ਤੇ ਉਸਦੇ ਖੜ੍ਹੇ ਹੋਣ ਨਾਲ ਸਾਰੇ ਖੜ੍ਹੇ ਹੋ ਜਾਂਦੇ ਸਨ। ਪਰ ਅੱਜ ਤਾਂ ਸਾਰੀ ਦੀ ਸਾਰੀ ਤਸਵੀਰ ਹੀ ਬਦਲੀ ਹੋਈ ਹੈ। ਅੱਜ ਤਾਂ ਕਰਤਾਰ ਸਿੰਘ ਇਉਂ ਲੱਗ ਰਿਹਾ ਹੈ ਜਿਵੇਂ ਘਰ ਵਿੱਚ ਕੋਈ ਮੰਗਤਾ ਹੋਵੇ। ਸ਼ਾਮ ਹੋ ਚੁੱਕੀ ਹੈ। ਉਸਨੂੰ ਭੁੱਖ ਲੱਗ ਗਈ ਹੈ। ਅੱਜ ਉਸਨੂੰ ਰੋਟੀ ਦੇਣ ਦੀ ਵਾਰੀ ਉਸਦੀ ਛੋਟੀ ਨੂੰਹ ਦੀ ਹੈ ਪਰ ਉਸਦੀ ਹਿੰਮਤ ਨਹੀਂ ਹੈ ਕਿ ਉਹ ਉਸਨੂੰ ਰੋਟੀ ਦੇਣ ਬਾਰੇਂ ਕਹੇ। ਪਰ ਜਦ ਉਸਦੀ ਘਰਵਾਲੀ ਜ਼ਿੰਦਾ ਸੀ ਤਾਂ ਉਸਨੂੰ ਨੂੰ ਕੁਝ ਵੀ ਆਖਣ ਦੀ ਲੋੜ ਨਹੀਂ ਸੀ ਪੈਂਦੀ। ਉਹ ਆਪ ਹੀ ਉਸ ਲਈ ਰੋਟੀ ਬਣਾ ਕੇ ਲੈ ਆਉਂਦੀ ਸੀ। ਅਚਾਨਕ ਕਰਤਾਰ ਸਿੰਘ ਦੀ ਸੁਰਤੀ ਭੰਗ ਹੁੰਦੀ ਹੈ। ਪਲੇਟ ਦਾ ਖੜਾਕ ਹੁੰਦਾ ਹੈ। ਉਹ ਅਗਾਂਹ ਵਧਕੇ ਵੇਖਦਾ ਹੈ। ਉਸਦੀ ਛੋਟੀ ਨੂੰਹ ਉਸਦੀ ਰੋਟੀ ਵਾਲੀ ਪਲੇਟ ਪੌੜੀਆਂ ‘ਚ ਧਰਕੇ ਵਾਪਸ ਜਾ ਚੁੱਕੀ ਹੈ। ਉਸਨੂੰ ਆਪਣਾ ਪਿਛਲਾ ਸਮਾਂ ਯਾਦ ਆ ਜਾਂਦਾ ਹੈ। ਉਸਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਹ ਪੌੜੀ ਦੀ ਉਹੀ ਥਾਂ ਹੈ ਜਿੱਥੇ ਉੇਹ ਕਦੇ ਆਪਣੇ ਕੁੱਤੇ ਨੂੰ ਰੋਟੀ ਦਿੰਦੇ ਸਨ। ਉਸਨੂੰ ਆਪਣੇ ਘਰ ਅੰਦਰ ਆਪਣੀ ਹੈਸੀਅਤ ਦਾ ਅਹਿਸਾਸ ਹੋ ਰਿਹਾ ਹੈ। ਉਹ ਸੋਚਦਾ, ਹਾਲਾਤ ਨੂੰ ਸਵੀਕਾਰ ਕਰਨਾ ਕਿੰਨਾ ਕੁ ਔਖਾ ਕੰਮ ਹੈ। ਜੇ ਤੁਸੀਂ ਪੁੱਤਰ ਹੋ ਤਾਂ ਵਿੱਚਾਰ ਕਰੋ ਜੇ ਪਿਤਾ ਹੋ ਤਾਂ ਬਰਦਾਸ਼ਤ ਕਰਨ ਦੀ ਆਦਤ ਪਾਓ ਕਿਉਂਕਿ ਇਹ ਦਿਨ ਤੁਹਾਡੇ ‘ਤੇ ਵੀ ਆ ਸਕਦੇ ਹਨ। ਖ਼ੈਰ ਆਪਾਂ ਅੱਗੇ ਵਧੀਏ। ਘਰ ਦਾ ਮੋਹਰੀ ਤੇ ਬੱਚਿਆਂ ਦਾ ਪਿਤਾ ਇੱਕ ਚਟਾਨ ਦਾ ਕੰਮ ਕਰਦਾ ਹੈ ਪਰ ਜਦ ਇਹ ਦਿਨ ਆਉਂਦਾ ਹੈ ਤਾਂ ਉਹ ਕਿਵੇਂ ਟੁੱਟਦਾ, ਬੱਸ ਇਹੀ ਦੱਸਣਾ ਚਾਹ ਰਿਹਾ ਹਾਂ। ਕਰਤਾਰ ਸਿੰਘ ਨੂੰ ਲੱਗ ਰਿਹਾ ਹੈ ਕਿ ਉਸਦੀ ਬੀਵੀ ਕੀ ਮਰੀ ਉਹ ਤਾਂ ਆਪ ਵੀ ਜਿਉਂਦੇ-ਜੀ ਮਰ ਗਿਆ। ਉਹ ਸੋਚਦਾ ਕਿ ਉਸਦੀ ਬੀਵੀ ਨੂੰ ਨਹੀਂ ਬਲਕਿ ਉਸਨੂੰ ਪਹਿਲਾਂ ਮਰਨਾ ਚਾਹੀਦਾ ਸੀ। ”ਪਰ ਚੰਗਾ ਹੋਇਆ ਤੂੰ ਪਹਿਲਾਂ ਮਰ ਗਈ, ਨਹੀਂ ਤਾਂ ਇਹ ਤੇਰੇ ਨਾਲ ਕਿਹੜਾ ਇਹ ਹਾਲ ਨਾ ਕਰਦੇ।” ਉਹ ਮਨ ਹੀ ਮਨ ਸੋਚ ਕੇ ਚੁੱਪ ਕਰ ਜਾਂਦਾ ਹੈ ਤੇ ਆਪਣੇ-ਆਪ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ। ਪੀੜ ਉਸਨੂੰ ਰੋਟੀ ਦੀ ਨਹੀਂ ਬਲਕਿ ਉਸ ਬੇਰੁਖੀ ਦੀ ਹੈ ਜੋ ਉਸ ਨਾਲ ਹੋ ਰਹੀ ਹੈ। ਹੌਲੀ-ਹੌਲੀ ਉਸਨੂੰ ਕੁਝ-ਕੁਝ ਝੁੰਜਲਾਹਟ ਜਿਹੀ ਮਹਿਸੂਸ ਹੋ ਰਹੀ ਹੈ। ਉਹ ਕਿਸ ਵੇਲੇ ਫ਼ਰਸ਼ ‘ਤੇ ਢਹਿ ਪਿਆ ਉਸਨੂੰ ਕੁਝ ਵੀ ਪਤਾ ਨਾ ਲੱਗਾ। ਉਹ ਆਪਣੇ-ਆਪ ਵਿੱਚ ਬੜਾ ਅਜੀਬ ਜਿਹਾ ਮਹਿਸੂਸ ਕਰ ਰਿਹਾ ਹੈ। ਪਰਬਤ ਫ਼ਰਸ਼ ‘ਤੇ ਪਿਆ ਆਪਣੇ ਦਰਦ ਨੂੰ ਭੋਗ ਰਿਹਾ ਹੈ। ਉਸਨੂੰ ਆਪਣੇ ਸਰੀਰ ਅੰਦਰ ਮਾਸ ਦਾ ਛੋਟਾ ਜਿਹਾ ਲੋਥੜਾ ਫ਼ੜਫ਼ੜਾਉਂਦਾ ਜਾਪ ਰਿਹਾ ਹੈ। ਅੱਜ ਤੋਂ ਪਹਿਲਾਂ ਉਸ ਕਦੇ ਵੀ ਇਉਂ ਦਾ ਮਹਿਸੂਸ ਨਹੀਂ ਸੀ ਕੀਤਾ, ਅੱਜ ਸਭ ਕੁਝ ਅਜੀਬ ਤਰ੍ਹਾਂ ਨਾਲ ਹੋ ਰਿਹਾ ਹੈ। ਉਹ ਸਭ ਕੁਝ ਵੇਖਕੇ ਹਲਕਾ-ਹਲਕਾ ਮੁਸਕੁਰਾ ਰਿਹਾ ਹੈ। ਉਸ ਨੂੰ ਸਭ ਕੁਝ ਜਿਵੇਂ ਆਪਣੇ ਹੱਥੋਂ ਬਾਹਰ ਹੁੰਦਾ ਜਾਪ ਰਿਹਾ ਹੈ। ਅੱਧ- ਖੁੱਲ੍ਹੀਆਂ ਅੱਖਾਂ ਤੇ ਮਨ-ਮਸਤਕ ਜਿਵੇਂ ਸਭ ਕੁੱਝ ਅਵਚੇਤਨਾ ਵੱਲ ਜਾ ਰਿਹਾ ਹੈ। ਆਪਣੇ ਬੱਚਿਆਂ ਨਾਲ ਗੁਜ਼ਾਰਿਆ ਹੋਇਆ ਸਮਾਂ ਉਸ ਦੀਆਂ ਅੱਖਾਂ ਅੱਗੇ ਘੁੰਮ ਰਿਹਾ ਹੈ। ਦੋਹਾਂ ਬੱਚਿਆਂ ਨਾਲ ਗੁਜ਼ਾਰਿਆ ਉਸਦਾ ਜਵਾਨੀ ਦਾ ਵੇਲਾ ਉਸਨੂੰ ਯਾਦ ਆ ਰਿਹਾ ਹੈ। ਅਵਚੇਤਨਾ ਦੀ ਚੇਤਨਾ ਵਿੱਚ ਕਈ ਦ੍ਰਿਸ਼ ਜਵਾਨੀ ਦੇ ਸਮੇਂ ਦੇ ਘੁੰਮ ਰਹੇ ਹਨ। ਉਸਦੇ ਚਿਹਰੇ ‘ਤੇ ਕਈ ਤਰ੍ਹਾਂ ਦੇ ਹਾਵ-ਭਾਵ ਉੱਭਰ ਰਹੇ ਹਨ। ਕੁਝ ਜਾਣੇ ਪਛਾਣੇ ਤੇ ਕੁਝ ਅਣਪਛਾਤੇ ਚਿਹਰੇ ਉਸ ਦੇ ਆਲੇ ਦੁਆਲੇ ਮੰਡਰਾਉਣੇ ਸ਼ੁਰੂ ਹੋ ਗਏ। ਉਹ ਅਵਚੇਤਨਤਾ ਦੇ ਗਹਿਰੇ ਸਮੁੰਦਰ ਵਿੱਚ ਜਾ ਰਿਹਾ ਹੈ। ਹੁਣੇ ਕੁਝ ਦੇਰ ਪਹਿਲੇ ਪੌੜੀਆਂ ਵਿੱਚ ਕੁੱਤੇ ਵਾਲੀ ਥਾਂ ‘ਤੇ ਰੋਟੀ ਰੱਖਕੇ ਗਈ ਕੁਝ ਪਛਾਣੀ ਔਰਤ ਉਹੀ ਰੋਟੀ ਦੀ ਪਲੇਟ ਲੈ ਕੇ ਉਸਦੇ ਅੱਗੇ- ਪਿੱਛੇ ਮੰਡਰਾ ਰਹੀ ਹੈ। ਪਰ ਉਹ ਅਨੰਤ ਅਵਚੇਤਨਤਾ ਦੇ ਗਹਿਰੇ ਸਮੁੰਦਰ ਵਿੱਚ ਸਮਾ ਚੁੱਕਾ ਹੈ। ਚੀਕ-ਚਿਹਾੜੇ ਦੀ ਆਵਾਜ਼ ਨੇ ਘਰ ਨੂੰ ਸਿਰ ‘ਤੇ ਚੁੱਕ ਲਿਆ ਹੈ। ਮੌਤ ਤੋਂ ਪਹਿਲੇ ਵਾਲਾ ਸੰਨਾਟਾ ਖ਼ਤਮ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਉੱਠਣ ਵਾਲਾ ਤੂਫ਼ਾਨ ਸ਼ੂਰੁ ਹੋ ਗਿਆ ਹੈ। ਸਾਰੇ ਕਲਾਕਾਰ ਆਪਣਾ-ਆਪਣਾ ਰੋਲ ਬਾਖ਼ੂਬੀ ਨਿਭਾ ਰਹੇ ਹਨ। ਮੌਤ ਤੋਂ ਬਾਅਦ ਵਾਲਾ ਨਾਟਕ ਬਹੁਤ ਵਧੀਆ ਚੱਲ ਰਿਹਾ ਹੈ। ਹਰ ਕਲਾਕਾਰ ਨੂੰ ਆਪਣਾ ਰੋਲ ਵਧੀਆ ਢੰਗ ਨਾਲ ਨਿਭਾਉਣ ਦੀ ਚਿੰਤਾ ਹੈ ਤੇ ਉਹ ਇਹ ਕਰ ਵੀ ਰਿਹਾ ਹੈ। ਸਭ ਕੁਝ ਠੀਕ ਹੋ ਰਿਹਾ ਹੈ। ਉਨ੍ਹਾਂ ਕਲਾਕਾਰਾਂ ਦੇ ਕੁਝ ਸਹਿਯੋਗੀ ਕਲਾਕਾਰ ਵੀ ਉਨ੍ਹਾਂ ਦੀ ਮਦਦ ਲਈ ਆ ਪਹੁੰਚੇ ਹਨ ਤਾਂ ਜੋ ਨਾਟਕ ਦੀ ਪੇਸ਼ਕਾਰੀ ਵਿੱਚ ਕੋਈ ਕਮੀ ਨਾ ਰਹਿ ਜਾਵੇ। ਸਭ ਕੁਝ ਵਧੀਆ ਢੰਗ ਨਾਲ ਨਿਪਟ ਗਿਆ ਹੈ। ਅਜੇ ਵੀ ਬਹੁਤ ਸਾਰੇ ਪਰਬਤ ਆਪਣਾ ਦਰਦ ਲੈ ਕੇ ਇਸ ਸੰਸਾਰ ਵਿੱਚ ਜੀਅ ਰਹੇ ਹਨ। ਕੁਝ ਤੁਹਾਡੇ ਤੇ ਕੁਝ ਮੇਰੇ ਆਲੇ-ਦੁਆਲੇ ਜ਼ਰਾ ਧਿਆਨ ਕਰੋ। ਮਾਂ-ਬਾਪ ਜੀਵਨ ਦਾ ਉਹ ਅਣਮੋਲ ਸਰਮਾਇਆ ਹਨ ਜੋ ਜ਼ਿੰਦਗੀ ਵਿੱਚ ਸਿਰਫ਼ ਇੱਕ ਵਾਰ ਹੀ ਮਿਲਦੇ ਹਨ ਦੂਸਰੀ ਵਾਰ ਨਹੀਂ।