ਬੀਮਾ ਹੜੱਪਣ ਲਈ ਪੰਜਾਬੀ ਨੇ ਨੌਕਰ ਦਾ ਕਤਲ ਕਰ ਕਾਰ ਨੂੰ ਲਾਈ ਅੱਗ, ਪਰ ਚਤੁਰਾਈ ਨੇ ਫਸਾਇਆ
ਬੀਮਾ ਹੜੱਪਣ ਲਈ ਪੰਜਾਬੀ ਨੇ ਨੌਕਰ ਦਾ ਕਤਲ ਕਰ ਕਾਰ ਨੂੰ ਲਾਈ ਅੱਗ, ਪਰ ਚਤੁਰਾਈ ਨੇ ਫਸਾਇਆ

ਹਿਮਾਚਲ ਪ੍ਰਦੇਸ਼ ਤੋਂ ਸਨਖੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਐਕਸੀਡੈਂਟ ਬਣਾ ਕੇ ਪੇਸ਼ ਕੀਤਾ ਗਿਆ ਸੀ ਤੇ ਬੀਮੇ ਦੀ ਰਕਮ ਹੜੱਪਣ ਦੀ ਯੋਜਨਾ ਖ਼ਤਮ ਹੋ ਗਈ। ਮੁਲਜ਼ਮ ਨੇ ਇਸ ਘਟਨਾ ਦੀ ਵੀਡੀਓ ਵੀ ਬਣਾ ਲਈ ਤਾਂ ਜੋ ਸਬੂਤ ਦੀ ਲੋੜ ਪੈਣ ‘ਤੇ ਕੰਮ ਆ ਸਕੇ।

ਸਿਰਮੌਰ ਦੇ ਸੀਨੀਅਰ ਪੁਲਿਸ ਕਪਤਾਨ ਵੀਰੇਂਦਰ ਠਾਕੁਰ ਨੇ ਦੱਸਿਆ ਕਿ ਬੀਤੀ 19 ਨਵੰਬਰ ਨੂੰ ਨਾਹਨ ਪਾਉਂਟਾ ਸਾਹਿਬ ਮਾਰਗ ‘ਤੇ ਕਾਰ ਨੂੰ ਅੱਗ ਲੱਗੀ ਸੀ, ਜਿਸ ਵਿੱਚ ਵਿਅਕਤੀ ਦੀ ਮੌਤ ਹੋ ਗਈ ਸੀ। ਦਾਅਵਾ ਕੀਤਾ ਗਿਆ ਸੀ ਕਿ ਮ੍ਰਿਤਕ ਆਕਾਸ਼ ਨਾਂ ਦਾ ਵਿਅਕਤੀ ਹੈ, ਪਰ ਮੌਤ ਆਕਾਸ਼ ਦੇ ਨੌਕਰ ਦੀ ਹੋਈ ਸੀ।

ਐਸਐਸਪੀ ਨੇ ਦੱਸਿਆ ਕਿ ਆਕਾਸ਼ ਨੇ ਲੱਖਾਂ ਰੁਪਏ ਦੀ ਬੀਮਾ ਪਾਲਿਸੀ ਕਰਵਾਈ ਹੋਈ ਸੀ, ਜੋ ਦੁਰਘਟਨਾ ਵਿੱਚ ਮਾਰੇ ਜਾਣ ਤੋਂ ਬਾਅਦ ਉਸ ਦੇ ਵਾਰਸਾਂ ਨੂੰ ਮਿਲਣੀ ਸੀ। ਇਸ ਲਈ ਆਕਾਸ਼ ਨੇ ਜ਼ੀਰਕਪੁਰ ਦੇ ਰਹਿਣ ਵਾਲੇ ਆਪਣੇ ਰਿਸ਼ਤੇਦਾਰ ਰਵੀ ਕੁਮਾਰ ਨਾਲ ਮਿਲ ਕੇ ਇਹ ਸਾਜ਼ਿਸ਼ ਘੜੀ। ਦੋਵਾਂ ਨੇ ਆਪਣੇ ਨੌਕਰ ਨੂੰ ਮਾਰ ਕੇ ਕਤਲ ਕਰ ਦਿੱਤਾ ਤੇ ਕਾਰ ਵਿੱਚ ਸੁੱਟ ਕੇ ਸਾੜ ਦਿੱਤਾ।

ਮੁਲਜ਼ਮਾਂ ਨੇ ਘਟਨਾ ਦੀ ਵੀਡੀਓ ਵੀ ਬਣਾਈ ਤੇ ਪੁਲਿਸ ਕਰਮਚਾਰੀਆਂ ਤੇ ਐਂਬੂਲੈਂਸ ਵਾਲਿਆਂ ਨੂੰ ਵੀ ਇਹ ਵੀਡੀਓ ਦੇ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਰਵੀ ਕੁਮਾਰ ਨੂੰ ਜ਼ੀਕਰਪੁਰ ਦੇ ਬਲਟਾਨਾ ਤੇ ਆਕਾਸ਼ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਜਲਦ ਹੀ ਪੁਲਿਸ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।