ਪਿੰਡ ਦੀ ਸੜ੍ਹਕ ‘ਤੇ, ਚਿੱਟੀ ਕਲੀ ਨਾਲ਼ ਲਿੱਪੇ ਕੱਚੇ ਘਰਾਂ ਨੂੰ ਪਾਰ ਕਰਦੀ, ਉੱਚੀ-ਉੱਚੀ ਖਰੂਦ ਮਚਾਉਂਦੀ ਲੋਕਾਂ ਦੀ ਇੱਕ ਭੀੜ ਲੰਘੀ ਜਾ ਰਹੀ ਸੀ। ਜਲੂਸ, ਇੱਕ ਵੱਡੀ ਸਾਰੀ ਲਹਿਰ ਵਾਂਗੂੰ, ਹੌਲ਼ੀ ਰਫ਼ਤਾਰ ਨਾਲ਼ ਅੱਗੇ ਵਧ ਰਿਹਾ ਸੀ। ਅਤੇ ਉਸਦੇ ਅੱਗੇ-ਅੱਗੇ ਇੱਕ ਮਰੀਅਲ ਜਿਹਾ ਘੋੜਾ ਸਿਰ ਝੁਕਾ ਕੇ ਚੱਲ ਰਿਹਾ ਸੀ। ਜਿਵੇਂ ਹੀ ਉਹ ਆਪਣਾ ਪੈਰ ਚੁੱਕਦਾ ਤਾਂ ਉਸਦਾ ਸਿਰ ਕੁਝ ਇਸ ਢੰਗ ਨਾਲ਼ ਗੋਤਾ ਖਾਂਦਾ ਜਿਵੇਂ ਉਹ ਹੁਣੇ ਮੂਧੇ-ਮੂੰਹ ਡਿੱਗ ਪਵੇਗਾ ਅਤੇ ਉਸਦੀ ਬੂਥੀ ਸੜ੍ਹਕ ਦੀ ਧੂੜ ਚੱਟਦੀ ਨਜ਼ਰ ਆਵੇਗੀ। ਅਤੇ ਜਦੋਂ ਉਹ ਆਪਣੇ ਪਿਛਲੇ ਪੈਰ ਹਿਲਾਉਂਦਾ ਤਾਂ ਉਸਦਾ ਪਿੱਛਾ ਇੰਝ ਡਗਮਗਾਉਂਦਾ ਕਿ ਜਾਪਦਾ ਉਹ ਹੁਣੇ ਢੇਰੀ ਹੋ ਜਾਵੇਗਾ।
ਇੱਕ ਜਵਾਨ ਔਰਤ, ਜਿਸਨੇ ਆਪਣੇ ਵੀਹ ਸਾਲ ਅਜੇ ਮਸਾਂ ਹੀ ਪੂਰੇ ਕੀਤੇ ਹੋਣਗੇ, ਬਹੁਤ ਛੋਟੀ ਅਤੇ ਮਾਦਰਜ਼ਾਤ ਨੰਗੇ ਗੁੱਟ ਗੱਡੀ ਦੇ ਡੈਸ਼ਬੋਰਡ ਨਾਲ਼ਕੋਚਵਾਨ ਦੇ ਸਾਹਮਣੇ ਤਖਤੇ ਨਾਲ਼ਬੰਨ੍ਹੇ ਹੋਏ। ਉਹ ਇੱਕ ਪਾਸੇ ਹੋ ਕੇ ਚੱਲ ਰਹੀ ਸੀ, ਉਸਦੇ ਗੋਡੇ ਕੰਬ ਰਹੇ ਸਨ ਜਿਵੇਂ ਹੁਣੇ ਹੀ ਜਵਾਬ ਦੇ ਜਾਣਗੇ, ਕਾਲ਼ੇ ਅਤੇ ਖਿੰਡੇ-ਪੁੰਡੇ ਵਾਲ਼ਾਂ ਵਿੱਚ ਉਲਝਿਆ ਉਸਦਾ ਸਿਰ ਉੱਪਰ ਵੱਲ ਉੱਠਿਆ ਹੋਇਆ ਸੀ ਅਤੇ ਉਸਦੀਆਂ ਟੱਡੀਆਂ ਹੋਈਆਂ ਅੱਖਾਂ ਅਣਮਨੁੱਖੀ ਨਜ਼ਰ ਨਾਲ਼ ਖਲਾਅ ਵਿੱਚ ਝਾਕ ਰਹੀਆਂ ਸਨ। ਉਸਦਾ ਜਿਸਮ ਕਾਲ਼ੀਆਂ-ਨੀਲੀਆਂ ਧਾਰੀਆਂ ਅਤੇ ਨਿਸ਼ਾਨਾਂ ਨਾਲ਼ ਭਰਿਆ ਪਿਆ ਸੀ। ਕੁਆਰੀਆਂ ਜਿਹੀ ਦ੍ਰਿੜ ਉਸਦੀ ਖੱਬੀ ਛਾਤੀ ਵਿੱਚ ਡੂੰਘਾ ਜ਼ਖ਼ਮ ਸੀ ਅਤੇ ਉਸ ਵਿੱਚੋਂ ਲਹੂ ਦੀ ਧਾਰ ਵਹਿ ਰਹੀ ਸੀ। ਲਹੂ ਦੀ ਇੱਕ ਲਾਲ ਲਕੀਰ ਉਸਦੇ ਢਿੱਡ ਉੱਤੋਂ ਦੀ ਹੋ ਕੇ ਹੇਠਾਂ ਖੱਬੀ ਲੱਤ ਦੇ ਗੋਡੇ ਤੱਕ ਜਾ ਪਹੁੰਚੀ ਸੀ ਅਤੇ ਉਸਦੀਆਂ ਨਾਜ਼ੁਕ ਲੱਤਾਂ ਦੀਆਂ ਪਿੰਜਣੀਆਂ ‘ਤੇ ਧੂੜ ਦੇ ਬੱਟਣ ਚੜ੍ਹੇ ਹੋਏ ਸਨ। ਇੰਜ ਲਗਦਾ ਸੀ ਜਿਵੇਂ ਔਰਤ ਦੇ ਸਰੀਰ ਤੋਂ ਚਮੜੀ ਦੀ ਇੱਕ ਲੰਮੀ ਪੱਟੀ ਲਾਹ ਲਈ ਗਈ ਹੋਵੇ। ਅਤੇ ਉਸਦੇ ਢਿੱਡ ਨੂੰ, ਇਸ ਵਿੱਚ ਕੋਈ ਸ਼ੱਕ ਨਹੀਂ, ਥਾਪੀ ਨਾਲ਼ ਕੁੱਟਿਆ ਗਿਆ ਸੀ ਜਾਂ ਬੂਟਦਾਰ ਅੱਡੀਆਂ ਨਾਲ਼ ਕੁਚਲਿਆ ਗਿਆ ਸੀ, ਉਹ ਐਨੀ ਬੁਰੀ ਤਰ੍ਹਾਂ ਸੁੱਜਿਆ ਹੋਇਆ ਅਤੇ ਬਦਰੰਗ ਹੋਇਆ ਪਿਆ ਸੀ।
ਔਰਤ ਲਈ ਭੂਰੀ ਮਿੱਟੀ ਵਿੱਚ ਇੱਕ ਤੋਂ ਬਾਅਦ ਦੂਜਾ ਪੈਰ ਘਸੀਟਣਾ ਔਖਾ ਹੋ ਰਿਹਾ ਸੀ। ਉਸਦਾ ਪੂਰਾ ਸਰੀਰ ਆਕੜ ਰਿਹਾ ਸੀ ਅਤੇ ਇਹ ਦੇਖ ਕੇ ਹੈਰਾਨੀ ਹੋ ਰਹੀ ਸੀ ਕਿ ਉਸਦੀਆਂ ਲੱਤਾਂ, ਜਿਹੜੀਆਂ ਉਸਦੇ ਸਰੀਰ ਵਾਂਗ ਹੀ, ਸੱਟਾਂ ਦੇ ਨਿਸ਼ਾਨਾਂ ਨਾਲ਼ ਤੇ ਝਰੀਟਾਂ ਨਾਲ਼ ਭਰੀਆਂ ਹੋਈਆਂ ਸਨ, ਕਿਵੇਂ ਉਸਦਾ ਭਾਰ ਸੰਭਾਲ ਰਹੀਆਂ ਸਨ, ਕਿਵੇਂ ਉਸਨੇ ਆਪਣੇ ਆਪ ਨੂੰ ਡਿੱਗਣ ਤੋਂ ਅਤੇ ਕੂਹਣੀਆਂ ਭਾਰ ਰੀਂਘਣ ਤੋਂ ਰੋਕ ਰੱਖਿਆ ਸੀ।
ਲੰਮੇ ਕੱਦ ਦਾ ਇੱਕ ਪੇਂਡੂ ਆਦਮੀ ਗੱਡੀ ਵਿੱਚ ਖੜ੍ਹਾ ਸੀ। ਉਸਨੇ ਚਿੱਟੇ ਰੰਗ ਦਾ ਰੂਸੀ ਬਲਾਊਜ਼ ਅਤੇ ਕਾਲ਼ੇ ਰੰਗ ਦੀ ਅਸਤਰਾਖਾਨੀ ਟੋਪੀ ਪਾਈ ਹੋਈ ਸੀ, ਜਿਸਦੇ ਹੇਠੋਂ ਚਟਖ ਰੰਗ ਦੇ ਲਾਲ ਵਾਲ਼ਾਂ ਦਾ ਇੱਕ ਗੁੱਛਾ ਨਿਕਲ਼ ਕੇ ਉਸਦੇ ਮੱਥੇ ‘ਤੇ ਝੂਲ ਰਿਹਾ ਸੀ। ਇੱਕ ਹੱਥ ਵਿੱਚ ਉਸਨੇ ਲਗਾਮ ਫ਼ੜੀ ਹੋਈ ਸੀ ਤੇ ਦੂਜੇ ਵਿੱਚ ਛਾਂਟਾ, ਜਿਸਨੂੰ ਉਹ ਬਕਾਇਦਾ ਪਹਿਲਾਂ ਘੋੜੇ ਦੇ ਅਤੇ ਫ਼ਿਰ ਛੋਟੇ ਕੱਦ ਦੀ ਉਸ ਔਰਤ ਦੇ ਜਿਸਮ ‘ਤੇ ਵਰ੍ਹਾ ਰਿਹਾ ਸੀ, ਜਿਹੜੀ ਪਹਿਲਾਂ ਹੀ ਐਨੀ ਕੁੱਟ ਖਾ ਚੁੱਕੀ ਸੀ ਕਿ ਪਛਾਣੀ ਨਹੀਂ ਸੀ ਜਾਂਦੀ। ਆਦਮੀ ਦੀਆਂ ਅੱਖਾਂ ਲਾਲ ਅੰਗਾਰੇ ਵਾਂਗ ਮੱਚ ਰਹੀਆਂ ਸਨ, ਬਦਲੇ ਦੀ ਜੇਤੂ ਭਾਵਨਾ ਉਹਨਾਂ ਵਿੱਚ ਚਮਕ ਰਹੀ ਸੀ ਅਤੇ ਉਸਦੇ ਵਾਲ਼ ਉਹਨਾਂ ਵਿੱਚ ਹਰਾ ਪਰਛਾਵਾਂ ਸੁੱਟ ਰਹੇ ਸਨ। ਉਸਦੇ ਬਲਾ?ੂਜ਼ ਦੇ ਕਫ਼ ਉੱਪਰ ਤੱਕ ਚੜ੍ਹੇ ਹੋਏ ਸਨ ਅਤੇ ਉਸਦੀਆਂ ਵਾਲ਼ਾਂ ਨਾਲ਼ ਭਰੀਆਂ ਹੱਟੀਆਂ ਕੱਟੀਆਂ ਲਾਲ ਬਾਹਾਂ ਸਾਫ਼ ਨਜ਼ਰ ਆ ਰਹੀਆਂ ਸਨ। ਉਸਦਾ ਮੂੰਹ ਖੁੱਲਾ ਸੀ ਜਿਸ ਵਿੱਚੋਂ ਸਫ਼ੈਦ ਟੇਢੇ ਦੰਦਾਂ ਦੀਆਂ ਦੋ ਕਤਾਰਾਂ ਚਮਕ ਰਹੀਆਂ ਸਨ ਅਤੇ ਵਾਰ-ਵਾਰ ਬੈਠੀ ਹੋਈ ਆਵਾਜ਼ ਵਿੱਚ, ਉਹ ਚੀਖ ਉੱਠਦਾ ਸੀ
”ਲੈ, ਆਹ ਲੈ, ਕੁੱਤੀਏ! ਹਾ-ਹਾ-ਹਾ! ਹੋਰ ਲੈ, ਆਹ ਲੈ ਹੋਰ!”
ਔਰਤ ਅਤੇ ਗੱਡੀ ਪਿੱਛੇ ਲੋਕਾਂ ਦੀ ਭੀੜ ਚੱਲ ਰਹੀ ਸੀ ਚੀਕਾਂ ਮਾਰਦੀ, ਖਰੂਦ ਮਚਾਉਂਦੀ, ਹੱਸਦੀ, ਟਿੱਚਰਾਂ ਕਰਦੀ, ਸੀਟੀਆਂ ਵਜਾਉਂਦੀ, ਭੜਕਾਉਂਦੀ-ਉਕਸਾਉਂਦੀ, ਖਿੱਲੀਆਂ ਉਡਾਉਂਦੀ। ਬੱਚੇ ਇੱਧਰ ਉੱਧਰ ਛਾਲਾਂ ਮਾਰਦੇ ਫ਼ਿਰਦੇ ਸਨ। ਕਦੇ ਕਦੇ ਉਹਨਾਂ ਵਿੱਚੋਂ ਕੋਈ ਇੱਕ ਜਣਾ ਭੱਜ ਕੇ ਅਗਾਂਹ ਨਿਕਲ਼ ਜਾਂਦਾ ਅਤੇ ਔਰਤ ਦੇ ਮੂੰਹ ‘ਤੇ ਗੰਦੇ ਸ਼ਬਦਾਂ ਦਾ ਮੀਂਹ ਵਰ੍ਹਾ ਦਿੰਦਾ। ਉਦੋਂ ਭੀੜ ਠਾਹਕਾ ਮਾਰ ਕੇ ਹੱਸ ਪੈਂਦੀ ਅਤੇ ਉਸਦੇ ਹਾਸੇ ਦੀ ਆਵਾਜ਼ ਵਿੱਚ ਛਾਂਟੇ ਦੇ ਹਵਾ ਵਿੱਚ ਸਰਸਰਾਉਣ ਦੀ ਪਤਲੀ ਜਿਹੀ ਆਵਾਜ਼ ਗੁਆਚ ਕੇ ਰਹਿ ਜਾਂਦੀ। ਭੀੜ ਵਿੱਚ ਔਰਤਾਂ ਦੇ ਚਿਹਰੇ ਆਸਾਧਾਰਣ ਉਤਸ਼ਾਹ ਨਾਲ਼ ਲਹਿਰਾ ਰਹੇ ਸਨ ਅਤੇ ਉਹਨਾਂ ਦੀਆਂ ਅੱਖਾਂ ਖੁਸ਼ੀ ਨਾਲ਼ ਚਮਕ ਰਹੀਆਂ ਸਨ। ਮਰਦ ਗੱਡੀ ਵਿੱਚ ਖੜੇ ਪੇਂਡੂ ਨੂੰ ਆਪਣੇ ਨਿਸ਼ਾਨੇ ‘ਤੇ ਬੇਸ਼ਰਮੀ ਨਾਲ਼ ਵਾਰ ਕਰਨ ਲਈ ਉਗਲਾਂ ਲਾ ਰਹੇ ਸਨ ਅਤੇ ਉਹ ਭੱਠੇ ਵਰਗਾ ਮੂੰਹ ਖੋਲ੍ਹੀ, ਉਹਨਾਂ ਵੱਲ ਮੁੜ-ਮੁੜ ਕੇ ਦੇਖਦਾ ਹੋਇਆ ਹੱਸ ਰਿਹਾ ਸੀ। ਅਚਾਨਕ ਛਾਂਟਾ ਸਰਸਰਾ ਕੇ ਔਰਤ ਦੇ ਸਰੀਰ ਨਾਲ਼ ਟਕਰਾਇਆ। ਲੰਮਾ ਤੇ ਪਤਲਾ ਉਹ ਛਾਂਟਾ ਉਸਦੇ ਮੋਢਿਆਂ ਉੱਤੋਂ ਗੇੜਾ ਕੱਢਦਾ ਅਤੇ ਬਾਹਾਂ ਹੇਠਾਂ ਉਸਦੀ ਚਮੜੀ ਵਿੱਚ ਧਸ ਜਾਂਦਾ। ਫ਼ਿਰ ਪੇਂਡੂ ਅਚਾਨਕ ਉਸਨੂੰ ਇੱਕ ਝਟਕਾ ਮਾਰਦਾ ਅਤੇ ਔਰਤ ਇੱਕ ਉੱਚੀ ਚੀਕ ਮਾਰਕੇ, ਪਿੱਠ ਦੇ ਭਾਰ ਧਰਤੀ ‘ਤੇ ਡਿੱਗ ਪੈਂਦੀ। ਭੀੜ ਦੇ ਲੋਕ ਛਾਲਾਂ ਮਾਰ ਕੇ ਅੱਗੇ ਵਧਦੇ, ਝੁਕ ਕੇ ਉਸਦੇ ਆਲ਼ੇ-ਦੁਆਲ਼ੇ ਇੱਕ ਕੰਧ ਜਿਹੀ ਉਸਾਰ ਦਿੰਦੇ ਅਤੇ ਉਹ ਨਜ਼ਰਾਂ ਤੋਂ ਓਹਲੇ ਹੋ ਜਾਂਦੀ।
ਘੋੜਾ ਠਿਠਕ ਕੇ ਖੜਾ ਹੋ ਗਿਆ, ਪਰ ਇੱਕ ਪਲ ਬਾਅਦ ਹੀ ਉਹ ਫ਼ਿਰ ਡਗਮਗਾਉਂਦਾ ਜਿਹਾ ਤੁਰਦਾ ਅਤੇ ਦਾਗ਼ੀ ਔਰਤ ਉਸਦੇ ਪਿੱਛੇ-ਪਿੱਛੇ ਘਿਸੜਨ ਲੱਗ ਪੈਂਦੀ। ਘੋੜਾ ਵਾਰ-ਵਾਰ ਆਪਣਾ ਸਿਰ ਇਸ ਢੰਗ ਨਾਲ਼ ਹਿਲਾਉਂਦਾ ਜਿਵੇਂ ਕਹਿ ਰਿਹਾ ਹੋਵੇ
”ਕਿੰਨੀ ਮਾੜੀ ਬੀਤਦੀ ਹੈ ਉਸ ਘੋੜੇ ਨਾਲ਼, ਜਿਸਨੂੰ ਲੋਕ ਆਪਣੀ ਮਰਜ਼ੀ ਦੇ ਕਿਸੇ ਵੀ ਘਿਨਾਉਣੇ ਕੰਮ ਵਿੱਚ ਜੋਤ ਲੈਂਦੇ ਹਨ।”
ਅਤੇ ਆਸਮਾਨਦੱਖਣੀ ਆਸਮਾਨ ਬਿਲਕੁਲ ਸਾਫ਼ ਸੁਥਰਾ ਸੀ। ਬੱਦਲ਼ਾਂ ਦਾ ਕਿਤੇ ਵੀ ਕੋਈ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਸੀ ਅਤੇ ਸੂਰਜ ਦਿਲ ਖੋਲ੍ਹ ਕੇ ਧਰਤੀ ‘ਤੇ ਆਪਣੀਆਂ ਨਿੱਘੀਆਂ ਕਿਰਨਾਂ ਦਾ ਬਰਸਾ ਰਿਹਾ ਸੀ।
ਬਦਲੇ ਭਰੇ ਇਨਸਾਫ਼ ਦਾ ਇਹ ਚਿੱਤਰ, ਜਿਹੜਾ ਮੈਂ ਇੱਥੇ ਖਿੱਚਿਆ ਹੈ, ਮੇਰੀ ਕਲਪਨਾ ਦੀ ਦੇਣ ਨਹੀਂ ਹੈ। ਨਹੀਂ, ਮਾੜੀ ਕਿਸਮਤ ਨੂੰ ਇਹ ਕੋਈ ਮਨਘੜ੍ਹਤ ਚੀਜ਼ ਨਹੀਂ ਹੈ। ਇਸਨੂੰ ‘ਪੋਲ-ਖੋਲ੍ਹ’ ਕਿਹਾ ਜਾਂਦਾ ਹੈ ਅਤੇ ਇਸ ਤਰ੍ਹਾਂ ਪਤੀ ਵਿਸ਼ਵਾਸਘਾਤ ਕਰਨ ਵਾਲ਼ੀਆਂ ਆਪਣੀਆਂ ਬਦਚਲਣ ਔਰਤਾਂ ਨੂੰ ਸਜ਼ਾ ਦਿੰਦੇ ਹਨ। ਇਹ ਜੀਵਨ ਤੋਂ ਲਿਆ ਗਿਆ ਚਿੱਤਰ ਹੈ। ਇਹ ਉਹਨਾਂ ਰਸਮਾਂ ਵਿੱਚੋਂ ਇੱਕ ਹੈ ਜਿਹੜੀਆਂ ਸਾਡੇ ਇੱਥੇ ਪ੍ਰਚੱਲਿਤ ਹਨ ਅਤੇ ਇਸਨੂੰ 15 ਜੁਲਾਈ 1891 ਨੂੰ ਨਿਕੋਲਾਯੇਵਸਕੀ ਵਿਲਾ ਵਿੱਚ ਖੇਰਸੋਨ ਗੁਬੇਰਨਿਆ ਦੇ ਕਾਂਦੀਬੋਵਕਾ ਪਿੰਡ ਵਿੱਚ ਮੈਂ ਖੁਦ ਆਪਣੀ ਅੱਖੀਂ ਵੇਖਿਆ ਸੀ।
ਵੋਲਕਾ ਸੂਬੇ ਵਿੱਚ, ਜਿੱਥੋਂ ਦਾ ਮੈਂ ਰਹਿਣ ਵਾਲਾ ਹਾਂ, ਇਹ ਮੈਂ ਸੁਣਿਆ ਸੀ ਕਿ ਆਪਣੇ ਪਤੀਆਂ ਨਾਲ਼ ਵਿਸ਼ਵਾਸਘਾਤ ਕਰਨ ਵਾਲ਼ੀਆਂ ਪਤਨੀਆਂ ਨੂੰ ਕੋਲਤਾਰ ਨਾਲ਼ ਗੜੁੱਚ ਕਰ ਦਿੱਤਾ ਜਾਂਦਾ ਸੀ ਅਤੇ ਉੱਤੋਂ ਖੰਭ ਚਿਪਕਾ ਦਿੱਤੇ ਜਾਂਦੇ ਸਨ। ਇਹ ਵੀ ਮੈਂ ਜਾਣਦਾ ਸੀ ਕਿ ਕੁਝ ਜ਼ਿਆਦਾ ਸੂਝ-ਬੂਝ ਵਾਲ਼ੇ ਪਤੀ ਅਤੇ ਸਹੁਰੇ ਹੋਰ ਵੀ ਦੋ ਕਦਮ ਅੱਗੇ ਵਧਕੇ ਵਿਸ਼ਵਾਸਘਾਤ ਕਰਨ ਵਾਲ਼ੀਆਂ ਆਪਣੀਆਂ ਪਤਨੀਆਂ ਨੂੰ ਗਰਮੀਆਂ ਦੇ ਦਿਨਾਂ ਵਿੱਚ ਸ਼ੀਰੇ ਵਿੱਚ ਡੁਬੋ ਕੇ ਦਰਖ਼ਤਾਂ ਨਾਲ਼ ਬੰਨ ਦਿੰਦੇ ਸਨ ਅਤੇ ਕੀੜੇ-ਮਕੌੜੇ ਦੰਦ ਮਾਰ-ਮਾਰ ਕੇ ਉਹਨਾਂ ਦੇ ਜਿਸਮ ਵਿੱਚ ਜ਼ਖ਼ਮ ਕਰ ਦਿੰਦੇ ਸਨ। ਕਦੇ-ਕਦੇ ਅਜਿਹੀਆਂ ਔਰਤਾਂ ਦੇ ਹੱਥ-ਪੈਰ ਬੰਨ੍ਹ ਕੇ ਉਹਨਾਂ ਨੂੰ ਕੀੜੀਆਂ ਤੇ ਸਿਉਂਕਾਂ ਦੇ ਭੌਣ ਉੱਤੇ ਸੁੱਟ ਦਿੱਤਾ ਜਾਂਦਾ ਸੀ।
ਇਹ ਸਭ ਮੈਂ ਸੁਣਿਆ ਹੀ ਸੀ। ਹੁਣ ਇਸਨੂੰ ਖੁਦ ਆਪਣੀਆਂ ਅੱਖਾਂ ਨਾਲ਼ ਦੇਖਕੇ ਸਾਬਿਤ ਹੋ ਗਿਆ ਕਿ ਜਾਹਿਲ ਅਤੇ ਬੇਦਿਲੇ ਲੋਕਾਂ ਵਿੱਚਉਹਨਾਂ ਲੋਕਾਂ ਵਿੱਚਕਾਰ, ਜਿਹਨਾਂ ਨੂੰ ‘ਕੁੱਤਾ ਕੁੱਤੇ ਨੂੰ ਖਾਏ’ ਵਾਲ਼ੀ ਜੀਵਨ ਪ੍ਰਣਾਲੀ ਨੇ ਲਾਲਚ ਅਤੇ ਈਰਖਾ ਨਾਲ਼ ਦਹਿਕਦੇ ਜੰਗਲ਼ੀ ਜਾਨਵਰਾਂ ਵਿੱਚ ਬਦਲ ਦਿੱਤਾ ਸੀ ਅਜਿਹੀਆਂ ਗੱਲਾਂ ਦਾ ਹੋਣਾ ਸਚਮੁੱਚ ਮੁਮਕਿਨ ਹੈ!
– ਮੈਕਸਿਮ ਗੋਰਕੀ