ਜਾਨ ਕੱਢ ਦਿੰਦੈ ਜੋੜਾਂ ਦਾ ਦਰਦ
ਜਾਨ ਕੱਢ ਦਿੰਦੈ ਜੋੜਾਂ ਦਾ ਦਰਦ

ਮਰਦਾਂ ਦੀ ਥਾਂ ਔਰਤਾਂ ਵਿੱਚ ਜੋੜਾਂ ਦੇ ਦਰਦ ਦੀ ਸ਼ਿਕਾਇਤ ਜ਼ਿਆਦਾ ਪਾਈ ਜਾਂਦੀ ਹੈ। ਇਸ ਦਰਦ ਨੂੰ ਅਲੱਗ-ਅਲੱਗ ਨਾਮ ਦਿੱਤੇ ਗਏ ਹਨ। ਆਯੂਰਵੈਦ ਵਿੱਚ ਸੰਧੀਵਾਤ, ਆਮ ਬੋਲ-ਚਾਲ ਭਾਸ਼ਾ ਵਿੱਚ ਗਠੀਆ, ਅੰਗਰੇਜ਼ੀ ਵਿੱਚ ਗਾਊਟ ਅਤੇ ਆਧੁਨਿਕ ਸਿਹਤ ਵਿਗਿਆਨ ਵਿੱਚ ਆਰਥਰਾਇਟਸ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਰੋਗ ਗਿਰਗਿਟ ਵਾਂਗ ਕਈ ਤਰ੍ਹਾਂ ਦੇ ਰੰਗ ਬਦਲਦਾ ਹੈ। ਵੈਸੇ ਤਾਂ ਜੋੜਾਂ ਦਾ ਦਰਦ ਬੁਢਾਪੇ ਦਾ ਆਉਣਾ ਮੰਨਿਆ ਜਾਂਦਾ ਹੈ, ਪਰ ਸਾਡੇ ਗ਼ੈਰ ਕੁਦਰਤੀ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਢੰਗ ਨੇ ਤੀਹਾਂ ਸਾਲਾਂ ਦੇ ਨੌਜਵਾਨਾਂ ਨੂੰ ਵੀ ਇਸ ਨੇ ਆਪਣੀ ਜਕੜ ਵਿੱਚ ਲੈ ਲਿਆ ਹੈ।
ਨੈਚਰਪੈਥੀ, ਯੋਗ, ਆਯੁਰਵੈਦ, ਯੂਨਾਨੀ ਇਲਾਜ ਪ੍ਰਣਾਲੀਆਂ ਮੁਤਾਬਿਕ ਇਹ ਰੋਗ ਸ਼ਰੀਰ ਵਿੱਚ ਹਵਾ ਦੀ ਮਾਤਰਾ ਵਧਣ ਕਾਰਨ ਬਣਦਾ ਹੈ। ਇਹ ਹਵਾ ਦਾ ਰੋਗ ਹੈ। ਸਾਡੇ ਸ਼ਰੀਰ ਵਿੱਚ ਲਗਭਗ 206 ਹੱਡੀਆਂ ਅਤੇ ਉਨ੍ਹਾਂ ਦੇ 320 ਜੋੜ ਹਨ। ਜਦੋਂ ਇਨ੍ਹਾਂ ਵਿੱਚ ਦਰਦ ਹੁੰਦਾ ਹੈ ਤਾਂ ਯਕੀਨ ਮੰਨੋ ਮਰੀਜ਼ ਲਈ ਜਿਉਣਾ ਮੁਸ਼ਕਿਲ ਹੋ ਜਾਂਦਾ ਹੈ। ਜ਼ਿਆਦਾ ਵਧੇ ਹੋਏ ਰੋਗ ਵਿੱਚ ਔਰਤਾਂ ਸਹਿਣ-ਸ਼ੀਲਤਾ ਦੀ ਘਾਟ ਕਾਰਨ ਮੰਜਾ ਫ਼ੜ ਲੈਂਦੀਆਂ ਹਨ ਜਾਂ ਫ਼ਿਰ ਜ਼ਿੰਦਗੀ ਰੇਂਗ ਕੇ ਜਿਉਣ ਲਈ ਮਜਬੂਰ ਹੋ ਜਾਂਦੀਆਂ ਹਨ। ਜੇਕਰ ਇਹ ਰੋਗ ਜ਼ਿਆਦਾ ਸਮੇਂ ਤਕ ਬਣਿਆ ਰਹੇ ਤਾਂ ਸਾਡੇ ਦਿਲ, ਧਮਣੀਆਂ, ਗੁਰਦੇ, ਅਤੇ ਪਿਸ਼ਾਬ ਦੀ ਥੈਲੀ ਨੂੰ ਵੀ ਖ਼ਰਾਬ ਕਰਨ ਲੱਗ ਜਾਂਦਾ ਹੈ। ਆਮ ਤੌਰ ‘ਤੇ ਜੋੜਾਂ ਦੇ ਦਰਦ ਦੇ ਮਰੀਜ਼ ਜਿਹੜੀਆਂ ਬਿਨਾਂ ਕਿਸੇ ਸਲਾਹ ਦੇ ਖ਼ਤਰਨਾਕ ਦਵਾਈਆ ਖਾਂਦੇ ਹਨ ਉਨ੍ਹਾਂ ਵਿੱਚ ਬਹੁਤਿਆਂ ਨੂੰ ਗਰਦੇ ਦੀ ਪਥਰੀ ਵੀ ਬਣਨ ਲਗ ਜਾਂਦੀ ਹੈ।
ਭਾਵੇਂ ਕਿ ਜੋੜਾਂ ਦਾ ਦਰਦ ਆਮ ਤੌਰ ‘ਤੇ ਠੰਢ ਦੇ ਦਿਨਾਂ ਵਿੱਚ ਹੁੰਦਾ ਹੈ, ਪਰ ਔਰਤਾਂ ਨੂੰ ਗਰਮੀ ਦੇ ਦਿਨਾਂ ਵਿੱਚ ਵੀ ਦਰਦ ਨਾਲ ਰੋਂਦੇ ਹੋਏ ਵੇਖਿਆ ਹੈ। ਸਾਡੇ ਗ਼ੈਰ ਕੁਦਰਤੀ ਖਾਣੇ ਅਤੇ ਜ਼ਹਿਰ ਵਾਲੇ ਭੋਜਨ ਕਾਰਨ ਦਿਨੋ-ਦਿਨ ਜੋੜਾਂ ਦੇ ਦਰਦ ਨਾਲ ਚੀਕਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਜੇਕਰ ਜ਼ਹਿਰ ਮੁਕਤ ਖੇਤੀ ਜਿਸ ਨੂੰ ਔਰਗੈਨਿਕ ਫ਼ਾਰਮਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵੱਲ ਸਾਡਾ ਧਿਆਨ ਜਾਵੇ ਅਤੇ ਅਸੀਂ ਜ਼ਹਿਰ ਮੁਕਤ ਅਨਾਜ ਖਾਣ ਲੱਗੀਏ ਤਾਂ ਜੋੜਾਂ ਦੇ ਦਰਦ ਦੇ ਮਰੀਜ਼ਾਂ ਦੀ ਗਿਣਤੀ ਘੱਟ ਸਕਦੀ ਹੈ। ਏਅਰਕੰਡੀਸ਼ਨਰ ਦੀ ਠੰਡੀ ਹਵਾ ਜਾਂ ਤੇਜ਼ ਪੱਖੇ ਦੀ ਹਵਾ ਵਿੱਚ ਰਹਿਣਾ ਪਸੀਨਾ ਬਾਹਰ ਨਾ ਕੱਢਣਾ, ਆਦਿ ਕਾਰਨਾਂ ਕਰ ਕੇ ਖ਼ੂਨ ਦੇ ਦੌਰੇ ਵਿੱਚ ਰੁਕਾਵਟ ਪੈਣ ਕਾਰਨ ਜੋੜਾਂ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ।
ਨੈਚੁਰੋਪੈਥੀ ਅਤੇ ਯੋਗ ਮੁਤਾਬਿਕ ਸ਼ਰੀਰ ਵਿੱਚ ਪਏ ਹੋਏ ਜ਼ਹਿਰੀਲੇ ਪਦਾਰਥ ਹੀ ਇਸ ਰੋਗ ਦਾ ਮੁੱਖ ਕਾਰਨ ਹਨ। ਬਿਨਾਂ ਭੁੱਖ ਲੱਗੇ ਭੋਜਨ ਖਾਣਾ ਜਾਂ ਭੁੱਖ ਲੱਗਣ ਤੇ ਵੀ ਨਾ ਖਾਣਾ, ਮਾਸ, ਅੰਡੇ, ਮੱਛੀ, ਮੱਖਣ, ਮਠਿਆਈ, ਅਦਿ ਜ਼ਿਆਦਾ ਖਾਣਾ, ਜ਼ਿਆਦਾ ਚਾਹ ਪੀਣਾ, ਖ਼ੂਨ ਦਾ ਬਹੁਤ ਗਾੜ੍ਹਾ ਹੋਣਾ, ਪਾਣੀ ਬਹੁਤ ਘੱਟ ਪੀਣਾ, ਖ਼ੂਨ ਵਿੱਚ ਯੂਰਿਕ ਐਸਿਡ ਦਾ ਵਾਧਾ ਹੋਣਾ ਅਤੇ ਉਸ ਦਾ ਜੋੜਾਂ ਵਿੱਚ ਜੰਮਣਾ, ਜ਼ਿਆਦਾ ਆਰਾਮਪ੍ਰਸਤ ਹੋਣਾ ਜਾਂ ਫ਼ਿਰ ਭੁੱਖੇ ਰਹਿ ਕੇ ਬਹੁਤ ਜ਼ਿਆਦਾ ਮਿਹਨਤ ਦਾ ਕੰਮ ਕਰਨਾ, ਪੇਟ ਸਾਫ਼ ਨਾ ਰਹਿਣਾ, ਗੈਸ ਖੱਟੀਆਂ ਡਕਾਰਾਂ ਦਾ ਆਉਣਾ, ਕੈਲਸ਼ੀਅਮ ਦੀ ਘਾਟ ਹੋਣਾ, ਆਦਿ ਜੋੜਾਂ ਦੇ ਦਰਦ ਦੇ ਮੁੱਖ ਕਾਰਨ ਹਨ।
ਪੈਰਾਂ ਤੋਂ ਜੋੜਾਂ ਦਾ ਦਰਦ ਸ਼ੁਰੂ ਹੁੰਦਾ ਹੈ ਜਿਹੜਾ ਪੂਰੇ ਸ਼ਰੀਰ ਦੇ ਜੋੜਾਂ ਵਿੱਚ ਆਉਂਦਾ ਹੈ। ਕਿਸੇ ਨੂੰ ਘੱਟ ਕਿਸੇ ਨੂੰ ਜ਼ਿਆਦਾ ਅਤੇ ਹਰ ਸਮੇਂ ਰਹਿਣ ਵਾਲਾ ਦਰਦ ਹੁੰਦਾ ਹੈ। ਜੋੜਾਂ ਵਿੱਚ ਸੋਜ ਅਤੇ ਦਰਦ ਜ਼ਿਆਦਾ ਹੁੰਦਾ ਹੈ। ਜੋੜ ਅਤੇ ਸ਼ਰੀਰ ਦੀਆਂ ਹੋਰ ਥਾਵਾਂ ਆਕੜੀਆਂ ਵੀ ਰਹਿੰਦੀਆਂ ਹਨ। ਜੋੜਾਂ ‘ਤੇ ਲਾਲੀ ਆ ਜਾਂਦੀ ਹੈ ਅਤੇ ਜੋੜ ਸਖ਼ਤ ਹੋ ਜਾਂਦੇ ਹਨ। ਜੇ ਰੋਗ ਵੱਧ ਜਾਵੇ ਤਾਂ ਉਂਗਲਾਂ ਟੇਡੀਆਂ ਹੋਣ ਲੱਗ ਜਾਂਦੀਆਂ ਹਨ। ਜੇ ਗੁਰਦਿਆਂ ਵਿੱਚ ਕੋਈ ਖ਼ਰਾਬੀ ਹੈ ਤਾਂ ਪੂਰੇ ਸ਼ਰੀਰ ਵਿੱਚ ਦਰਦ ਰਹੇਗਾ ਅਤੇ ਸਿਰ ਦੇ ਵਾਲ ਵੀ ਝੜਨ ਲਗਦੇ ਹਨ। ਮਰੀਜ਼ ਬਹੁਤ ਤਨਾਅ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ।
ਇਹ ਤਾਂ ਸਨ ਜੋੜਾਂ ਦੇ ਦਰਦ ਦੇ ਲੱਛਣ ਪਰ ਕੀ ਇਸ ਦਾ ਇਲਾਜ ਸਿਰਫ਼ ਇਹੀ ਹੈ ਕਿ ਦਰਦ ਮਾਰਨ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਦਿੱਤੀਆਂ ਜਾਣ? ਨਹੀਂ, ਇਹ ਤਾਂ ਕੋਈ ਇਲਾਜ ਨਾ ਹੋਇਆ। ਮੈਂ ਕਹਿੰਦਾ ਹਾਂ ਕਿ ਬਿਮਾਰੀ ਰੂਪੀ ਦਰਖ਼ਤ ਦੇ ਪੱਤੇ ਨਾ ਛਾਂਗੋ, ਜੜ੍ਹ ਹੀ ਖ਼ਤਮ ਕਰ ਦਿਓ। ਯੋਗ ਅਤੇ ਕੁਦਰਤੀ ਇਲਾਜ ਪ੍ਰਣਾਲੀ (ਨੈਚਰੋਪੈਥੀ) ਰਾਹੀਂ ਇਹ ਬਿਲਕੁਲ ਸੰਭਵ ਹੈ। ਜੋੜਾਂ ਦੇ ਦਰਦ ਦਾ ਮਰੀਜ਼ ਇਲਾਜ ਕਰਵਾ ਕੇ ਬਿਲਕੁਲ ਤੰਦਰੁਸਤ ਅਤੇ ਆਮ ਜ਼ਿੰਦਗੀ ਜਿਉਂ ਸਕਦਾ ਹੈ। ਜੇ ਮਰੀਜ਼ ਵਿੱਚ ਸਬਰ ਹੈ ਤਾਂ ਇਸ ਜਾਨ ਕੱਢਣ ਵਾਲੀ ਬਿਮਾਰੀ ਦਾ ਇਲਾਜ ਵੀ ਸੰਭਵ ਹੈ।
ਬਨਾਰਸ (ਵਾਰਾਣਸੀ) ਤੋਂ ਮੇਰੇ ਪਾਸ ਇਲਾਜ ਕਰਵਾਉਣ ਲਈ ਆਈ ਇੱਕ 40 ਸਾਲਾ ਸ੍ਰੀਮਤੀ ਸੰਗੀਤਾ ਜਿੰਦਲ ਅੱਜ ਜਿਸ ਤਰ੍ਹਾਂ ਖ਼ੁਸ਼ਗਵਾਰ ਜੀਵਨ ਜਿਉਂ ਰਹੀ ਹੈ, ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਆਰ ਏ. ਨਾਮ ਦਾ ਖ਼ੂਨ ਦਾ ਟੈੱਸਟ 360 ਸੀ ਜਦ ਕਿ ਇਸ ਸਮੇਂ ਸ੍ਰੀਮਤੀ ਜਿੰਦਲ ਬਿਲਕੁਲ ਠੀਕ ਹੈ। ਟੈੱਸਟ ਵੀ ਦਿੱਲੀ ਅਤੇ ਮੁੰਬਈ ਦੀਆਂ ਵੱਡੀਆਂ ਪੈਥੋਲੌਜੀਕਲ ਲੈਬੋਰੇਟੋਰੀਜ਼ ਵਿੱਚ ਹੋਏ ਹਨ। ਐਕਯੂਪ੍ਰੈਸ਼ਰ, ਯੋਗ, ਕੁਦਰਤੀ ਇਲਾਜ ਪ੍ਰਣਾਲੀ (ਨੈਚਰੋਪੈਥੀ) ਨੇ ਸ੍ਰੀਮਤੀ ਜਿੰਦਲ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਯੋਗ ਨਾਲ ਅਸੀਂ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹਾਂ। ਸ਼ਰੀਰ ਦੀਆਂ ਸ਼ੁੱਧੀ ਕਿਰਿਆਵਾਂ ਬਹੁਤ ਜ਼ਰੂਰੀ ਹਨ। ਸੂਤਰ ਨੇਤੀ, ਜਲ ਨੇਤੀ, ਕਪਾਲ ਭਾਤੀ, ਸਰ੍ਹੋਂ ਦਾ ਤੇਲ ਨੱਕ ਵਿੱਚ ਲਗਾਣਾ ਅਤੇ ਸਵੇਰੇ ਗੁਸਲਖ਼ਾਨੇ ਤੋਂ ਵੇਹਲੇ ਹੋ ਕੇ ਠੰਡੇ ਪਾਣੀ ਦਾ ਅਨੀਮਾ ਲਵੋ ਅਤੇ ਹਫ਼ਤੇ ਵਿੱਚ ਇੱਕ ਦੋ ਵਾਰ ਕੁੰਜਲ ਕਿਰਿਆ ਜੇਕਰ ਕੀਤੀ ਜਾਵੇ ਤਾਂ ਸਾਡੇ ਸ਼ਰੀਰ ਅੰਦਰ ਭਰਿਆ ਹੋਇਆ ਵਾਧੂ ਤੇਜ਼ਾਬ ਬਾਹਰ ਨਿੱਕਲ ਜਾਵੇਗਾ।
ਸੂਖਮ ਕਿਰਿਆ ਵਿੱਚ ਜੋੜਾਂ ਨ੍ਵੂੰ ਚਾਰੋਂ ਦਿਸ਼ਾਵਾਂ ਵਿੱਚ ਹੋਲੀ-ਹੌਲੀ ਘੁਮਾਓ। ਪਹਿਲਾਂ ਇੱਕ ਦਿਸ਼ਾ ਵਿੱਚ, ਫ਼ਿਰ ਦੂਜੀ ਦਿਸ਼ਾ ਵਿੱਚ ਅਤੇ ਫ਼ਿਰ ਸੱਜੇ-ਖੱਬੇ, ਉੱਪਰ-ਹੇਠਾਂ। ਮੁੱਠੀ ਬੰਦ ਕਰੋ ਫ਼ਿਰ ਢਿੱਲੀ ਛੱਡੋ। ਭੁਜੰਗ ਆਸਨ, ਸ਼ਲਭਾਸ਼ਨ, ਮੱਕਰਾਸ਼ਨ, ਸਵਾਸਨ ਬਹੁਤ ਫ਼ਾਇਦੇਮੰਦ ਹਨ। ਕੋਣ ਆਸਨ, ਪਾਦੋਤਾਨ ਆਸਨ, ਧਨੁਰ ਆਸਨ, ਵਜ਼ਰ ਆਸਨ, ਊਸ਼ਟਰਾਸਨ, ਸਰਵਾਂਗ ਆਸਨ, ਪਵਨ ਮੁਕਤਾਸਨ, ਆਦਿ ਕੁੱਝ ਆਸਨ ਹਨ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਜੋੜਾਂ ਦੇ ਦਰਦ ਘੱਟ ਜਾਂਦੇ ਹਨ ਅਤੇ ਪੇਟ ਨਾਲ ਸਬੰਧਤ ਮੁਸ਼ਕਿਲਾਂ ਦਾ ਵੀ ਅੰਤ ਹੋ ਜਾਂਦਾ ਹੈ। ਦੱਸੇ ਹੋਏ ਆਸਨ ਕਿਸੇ ਵੀ ਮਾਹਿਰ ਯੋਗ ਸਾਧਕ ਜਾਂ ਯੋਗ ਗੁਰੂ ਜਾਂ ਮਾਹਿਰ ਨੈਚਰੋਪੈਥੀ ਡਾਕਟਰ ਦੀ ਹਾਜ਼ਰੀ ਵਿੱਚ ਅਸਾਨੀ ਨਾਲ ਸਿੱਖੇ ਜਾ ਸਕਦੇ ਹਨ।
ਪ੍ਰਾਣਾਯਾਮ ਯੋਗ ਦਾ ਹੀ ਇੱਕ ਮਹੱਤਵਪੂਰਣ ਅੰਗ ਹੈ। ਅਗਨੀ ਸਾਹ ਕਿਰਿਆ 40-50 ਵਾਰ ਕਰੋ, ਲੰਬੇ ਡੂੰਘੇ ਸਾਹ ਲਵੋ। ਕਪਾਲ ਭਾਤੀ ਅਤੇ ਸੂਰਜਭੇਦੀ ਪ੍ਰਾਣਾਯਾਮ ਬਹੁਤ ਮਹੱਤਵਪੂਰਣ ਹਨ। ਜੋੜਾਂ ਦੇ ਦਰਦ ਖ਼ਤਮ ਕਰਨ ਵਿੱਚ ਨੈਚਰੋਪੈਥੀ ਇਲਾਜ (ਕੁਦਰਤੀ ਇਲਾਜ ਪ੍ਰਣਾਲੀ) ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੁਦਰਤ ਹੀ ਤਾਂ ਸਭ ਰੋਗਾਂ ਨੂੰ ਖ਼ਤਮ ਕਰਨ ਦਾ ਦਾਅਵਾ ਕਰਦੀ ਹੈ। ਇਸੇ ਲਈ ਕੁਦਰਤੀ ਇਲਾਜ ਪ੍ਰਣਾਲੀ ਨੂੰ ਅੰਗਰੇਜ਼ੀ ਵਿੱਚ ਨੇਚਰ ਕਿਓਰ ਕਿਹਾ ਜਾਂਦਾ ਹੈ। ਹੋਰ ਕਿਸੇ ਵੀ ਇਲਾਜ ਪ੍ਰਣਾਲੀ ਦੇ ਨਾਮ ਨਾਲ ਕਿਓਰ ਸ਼ਬਦ ਨਹੀਂ ਲਿਖਿਆ ਜਾਂਦਾ। ਕਿਓਰ ਦਾ ਮਤਲਬ ਰੋਗ ਖ਼ਤਮ ਕਰਨਾ ਹੀ ਹੈ। ਨੈਚੁਰਪੈਥੀ ਅਨੁਸਾਰ ਸਾਦਾ, ਹਲਕਾ, ਪਚਣ ਯੋਗ, ਬਿਨਾਂ ਮਿਰਚ ਮਸਾਲੇ ਅਤੇ ਬਹੁਤ ਹੀ ਘੱਟ ਨਮਕ ਵਾਲਾ ਭੋਜਨ ਸਲਾਦ ਸਮੇਤ ਉਬਲੀ ਹੋਈ ਸਬਜ਼ੀ ਖਾਓ। ਚਾਵਲ ਅਤੇ ਰੋਟੀ ਬਹੁਤ ਘੱਟ ਖਾਓ, ਪਰ ਮਿੱਠੇ ਫ਼ਲ, ਗਾਂ ਦੇ ਦੁੱਧ ਤੋਂ ਬਣੀ ਲੱਸੀ, ਹਰੀਆਂ ਸਬਜ਼ੀਆਂ ਖਾਓ। ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ।
ਸਵੇਰੇ ਸ਼ਾਮ ਨਿੰਬੂ ਪਾਣੀ ਪੀਓ। ਚਾਹ, ਕੌਫ਼ੀ, ਅਚਾਰ, ਨਮਕ, ਮਠਿਆਈ, ਗਰਮ ਭੋਜਨ, ਮੈਦੇ ਦੀਆਂ ਚੀਜ਼ਾਂ ਆਇਸਕ੍ਰੀਮ, ਠੰਡੀਆਂ ਚੀਜ਼ਾਂ, ਜ਼ਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਅਤੇ ਖੱਟੀਆਂ ਚੀਜ਼ਾਂ ਨਾ ਖਾਧੀਆਂ ਜਾਣ। ਪਰ ਵਾਇਟਾਮਿਨ ਏ, ਸੀ, ਡੀ, ਦੀ ਵਰਤੋਂ ਕਰੋ। ਸੇਅਬ, ਗਾਜ਼ਰ, ਚੁਕੰਦਰ, ਪਪੀਤਾ ਖਾਓ। ਸੰਤਰੇ ਅਤੇ ਪੇਠੇ ਦਾ ਰਸ ਵੀ ਫ਼ਾਇਦੇਮੰਦ ਹੈ। ਮੇਰੇ ਕੋਲ ਇਲਾਜ ਕਰਵਾਉਣ ਆਉਂਦੇ ਮਰੀਜ਼ ਵਰਤ ਰੱਖਣ ਤੋਂ ਨਹੀਂ ਟੱਲ ਸਕਦੇ। ਕਿਉਂਕਿ ਸ਼ਰੀਰ ਨੂੰ ਆਰਾਮ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਵਰਤ ਤੋਂ ਬਗੈਰ ਕੋਈ ਹੋਰ ਵਧੀਆ ਢੰਗ ਨਹੀਂ। ਭਾਰਤੀ ਸੰਸਕ੍ਰਿਤੀ ਦੇ ਇਤਿਹਾਸ ਵਿੱਚ ਵਰਤ ਦੇ ਬਹੁਤ ਫ਼ਾਇਦੇ ਦੱਸੇ ਗਏ ਹਨ। ਸਾਡੇ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਪੁਰਾਤਨ ਭਾਰਤੀ ਸਿਹਤ ਵਿਗਿਆਨੀਆਂ ਜਿਨ੍ਹਾਂ ਨੂੰ ਅਸੀਂ ਅੱਜ ਰਿਸ਼ੀਆਂ ਜਾਂ ਮਹਾਂਰਿਸ਼ੀਆਂ ਦੇ ਨਾਮ ਨਾਲ ਜਾਣਦੇ ਹਾਂ, ਸਾਨੂੰ ਵਰਤ ਰੱਖਣ ਦਾ ਢੰਗ ਦੱਸਿਆ ਅਤੇ ਇਸ ਨੂੰ ਜ਼ਰੂਰੀ ਵੀ ਕਿਹਾ, ਚਾਹੇ ਅੱਜ ਇਸ ਨੂੰ ਧਰਮ ਦੇ ਨਾਮ ਨਾਲ ਪੇਸ਼ ਕਰ ਦਿੱਤਾ ਗਿਆ ਹੈ। ਹਫ਼ਤੇ ਵਿੱਚ ਇੱਕ ਵਾਰ ਤਾਂ ਵਰਤ ਹਰ ਇੱਕ ਨੂੰ ਹੀ ਕਰ ਲੈਣਾ ਚਾਹੀਦਾ ਹੈ। ਰੋਗੀ ਜਿੰਨੇ ਦਿਨ ਵੱਧ ਕਰੇ, ਓਨਾ ਚੰਗਾ। ਵਰਤ ਵਾਲੇ ਦਿਨ ਫ਼ਲਾਂ ਦਾ ਰਸ ਪੀ ਸਕਦੇ ਹੋ। ਨਾਰੀਅਲ ਦਾ ਪਾਣੀ, ਬਾਥੂ ਦਾ ਸੂਪ, ਗਾਜਰ, ਅਨਾਨਾਸ ਦਾ ਰਸ ਪੀਓ। ਵਰਤ ਵਾਲੇ ਦਿਨ ਅਨੀਮਾ ਜ਼ਰੂਰ ਲਓ। ਮਾਲਿਸ਼ ਅਤੇ ਐਕਊਪ੍ਰੈਸ਼ਰ ਦੋਹੇ ਨੈਚਰੋਪੈਥੀ ਦ ਮੁੱਢ ਹਨ। ਸਰ੍ਹੋਂ ਦੇ ਤੇਲ ਵਿੱਚ ਲਹਸੁਨੇਸਾੜ ਕੇ ਹਲਕੀ-ਹਲਕੀ ਮਾਲਿਸ਼ ਕੀਤੀ ਜਾਵੇ ਜੇ ਸੋਜ਼ ਜ਼ਿਆਦਾ ਹੋਵੇ ਤਾਂ ਮਾਲਿਸ਼ ਨਾ ਕਰੋ।