ਨਵੀਂ ਦਿੱਲੀ: ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਸੁਨੀਲ ਅਰੋੜਾ ਨੇ ਅੱਜ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਵਜੋਂ ਹਲਫ਼ ਲੈ ਲਿਆ ਹੈ। ਅਰੋੜਾ ਅੱਜ ਦੇਸ਼ ਦੇ 23ਵੇਂ ਮੁੱਖ ਚੋਣ ਕਮਿਸ਼ਨਰ ਬਣੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਦੀ ਸਹੁੰ ਚੁਕਾਈ।

ਸੁਨੀਲ ਅਰੋੜਾ ਨੇ ਸ਼ਨੀਵਾਰ ਸੇਵਾਮੁਕਤ ਹੋਏ ਓਪੀ ਰਾਵਤ ਦੀ ਥਾਂ ਅਹੁਦਾ ਸੰਭਾਲਿਆ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੀ ਨਿਗਰਾਨੀ ਵਿੱਚ ਹੋਣਗੀਆਂ। ਅਰੋੜਾ ਆਈਏਐਸ 1980 ਬੈਚ ਦੇ ਰਾਜਸਥਾਨ ਕਾਡਰ ਦੇ ਅਧਿਕਾਰੀ ਹਨ।

ਰਾਜਸਥਾਨ ‘ਚ ਪ੍ਰਸ਼ਾਸਨਿਕ ਸੇਵਾ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਚ ਤਾਇਨਾਤੀ ਤੋਂ ਇਲਾਵਾ 62 ਸਾਲਾ ਅਰੋੜਾ ਨੇ ਕੇਂਦਰ ਸਰਕਾਰ ਵਿੱਚ ਸੂਚਨਾ ਤੇ ਪ੍ਰਸਾਰਨ ਸਕੱਤਰ ਤੇ ਕੌਸ਼ਲ ਵਿਕਾਸ ਮੰਤਰਾਲੇ ‘ਚ ਵੀ ਸਕੱਤਰ ਦੇ ਤੌਰ ‘ਤੇ ਕੰਮ ਕੀਤਾ ਹੈ।