ਅੱਜ ਯਾਨੀ ਬੁੱਧਵਾਰ ਨੂੰ ਭਾਰਤ ਤੇ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਲਾਂਘਾ ਸਿਰਫ਼ ਧਾਰਮਿਕ ਗਲਿਆਰਾ ਨਾ ਹੋ ਕੇ ਦੋਵੇਂ ਦੇਸ਼ਾਂ ਦਰਮਿਆਨ ਅਮਨ ਤੇ ਸ਼ਾਂਤੀ ਦੇ ਨਵੇਂ ਰਾਹ ਖੋਲ੍ਹੇਗਾ।

ਕਰਤਾਰਪੁਰ ਸਾਹਿਬ ਗਲਿਆਰਾ ਇੱਕੋ-ਇੱਕ ਅਜਿਹਾ ਰਸਤਾ ਹੋਵੇਗਾ, ਜਿਸ ਰਾਹੀਂ ਲੋਕ ਵੀਜ਼ਾ ਮੁਕਤ ਤਰੀਕੇ ਨਾਲ ਗੁਆਂਢੀ ਦੇਸ਼ ਵਿੱਚ ਜਾ ਸਕਣਗੇ। ਇੱਕ ਦੇਸ਼ ਦੇ ਬਾਸ਼ਿੰਦਿਆਂ ਨੂੰ ਬਗ਼ੈਰ ਝੰਜਟ ਤੇ ਕਾਗ਼ਜ਼ ਪੱਤਰਾਂ ਤੇ ਸੈਂਕੜੇ ਕਾਨੂੰਨੀ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਨ ਦੀ ਥਾਏਂ ਬੜੇ ਹੀ ਸੁਖਾਲੇ ਢੰਗ ਨਾਲ ਦੂਜੇ ਦੇਸ਼ ਵਿੱਚ ਜਾਣ ਦਾ ਮੌਕਾ ਮਿਲਣ ‘ਤੇ ਇੱਕ-ਦੂਜੇ ਪ੍ਰਤੀ ਵੈਰ ਵਿਰੋਧ ਤੇ ਨਫ਼ਰਤ ਖ਼ੁਦ-ਬ-ਖ਼ੁਦ ਘਟ ਜਾਵੇਗੀ।

ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਕਰਤਾਰਪੁਰ ਸਾਹਿਬ ਗਲਿਆਰੇ ਬਾਰੇ ਆਪੋ-ਆਪਣੇ ਵਿਚਾਰ ਰੱਖ ਚੁੱਕੇ ਹਨ ਤੇ ਦੋਵਾਂ ਦਾ ਸਾਰ ਇਸ ਲਾਂਘੇ ਨੂੰ ਦੋਸਤੀ ਤੇ ਅਮਨ ਚੈਨ ਦਾ ਬਣਾਉਣ ਦਾ ਜ਼ਰੀਆ ਕਰਾਰ ਦਿੰਦਾ ਹੈ। ਨਵਜੋਤ ਸਿੱਧੂ ਵੀ ਇਸ ਗਲਿਆਰੇ ਨੂੰ ਅਸੀਮ ਸੰਭਾਵਨਾਵਾਂ ਦਾ ਜ਼ਰੀਆ ਕਰਾਰ ਦਿੰਦੇ ਹਨ। ਉਨ੍ਹਾਂ ਮੁਤਾਬਕ ਕਰਤਾਰਪੁਰ ਸਾਹਿਬ ਗਲਿਆਰਾ ਸ਼ਾਂਤੀ ਦਾ ਪੈਗ਼ਾਮ ਦੇਵੇਗਾ ਜਿਸ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਵੈਰ ਦੀ ਭਾਵਨਾ ਖ਼ਤਮ ਹੋ ਜਾਵੇਗੀ।

ਸਿਆਸਤਦਾਨਾਂ ਦੇ ਅਜਿਹਾ ਕਹਿਣ ਪਿੱਛੇ ਕਈ ਕਾਰਨ ਹੋ ਸਕਦੇ ਹਨ ਪਰ ਧਾਰਮਿਕ ਯਾਤਰਾ ਦੇ ਨਾਲ-ਨਾਲ ਇਸ ਲਾਂਘੇ ਦੇ ਖੁੱਲ੍ਹਣ ਦਾ ਦੂਜਾ ਪੱਖ ਵੀ ਹੈ, ਵਪਾਰ। ਕਰਤਾਰਪੁਰ ਸਾਹਿਬ ਵਾਲੇ ਲਾਂਘੇ ਦੀ ਉਸਾਰੀ ਸ਼ੁਰੂ ਹੋਣ ਨਾਲ ਵਪਾਰੀਆਂ ਨੂੰ ਨਵੀਂ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ। ਦੋਵੇਂ ਦੇਸ਼ਾਂ ਵੱਲੋਂ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੇ ਸਾਲ ਨਵੰਬਰ ਤੋਂ ਪਹਿਲਾਂ ਇਹ ਲਾਂਘਾ ਸ਼ੁਰੂ ਕੀਤੇ ਜਾਣ ਦੀ ਆਸ ਹੈ, ਜੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਤੇ ਯਾਦਗਾਰ ਬਣਾ ਦੇਵੇਗਾ।