ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸ਼ਨੀਵਾਰ ਨੂੰ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਹਥਿਆਰ ਤੇ ਵਿਸਫੋਟਕ ਵੀ ਬਰਾਮਦ ਕੀਤੇ ਹਨ। ਇਹ ਅੱਤਵਾਦੀ ਦਿੱਲੀ ਵਿੱਚ ਵੱਡੀ ਸਾਜ਼ਿਸ਼ ਘੜਨ ਦੀ ਫਿਰਾਕ ਵਿੱਚ ਸਨ। ਤਿੰਨੇ ਅੱਤਵਾਦੀ ਜੰਮੂ ਕਸ਼ਮੀਰ ਦੇ ਇਸਲਾਮਿਕ ਸਟੇਟ (ਆਈਐਸਜੇਕੇ) ਨਾਲ ਸਬੰਧਤ ਹਨ।

ਜੰਮੂ ਤੇ ਕਸ਼ਮੀਰ ਦੇ ਇਨ੍ਹਾਂ ਅੱਤਵਾਦੀਆਂ ਤੋਂ ਜਿਹੜੇ ਹਥਿਆਰ ਬਰਾਮਦ ਕੀਤੇ ਗਏ ਹਨ, ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਗ੍ਰਨੇਡ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਕਿ ਇਹ ਅੱਤਵਾਦੀ ਦਿੱਲੀ ਦਾ ਮਾਹੌਲ ਖਰਾਬ ਕਰਦੇ, ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਦਿੱਲੀ ’ਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਸੀ।14-15 ਨਵੰਬਰ ਨੂੰ ਦਿੱਲੀ ਵਿੱਚ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੇ ਦਿੱਲੀ ਵਿੱਚ ਸਰਗਰਮ ਹੋਣ ਦੀ ਚੇਤਾਵਨੀ ਦਿੱਤੀ ਗਈ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਤੋਂ ਪਾਕਿਸਤਾਨ ਦੇ ਹਮਾਇਤੀ ਅੱਤਵਾਦੀ ਦਿੱਲੀ ਜਾ ਸਕਦੇ ਹਨ।

ਇਸ ਸਬੰਧੀ ਥਾਂ-ਥਾਂ ਪੋਸਟਰ ਵੀ ਚਿਪਕਾਏ ਗਏ ਸੀ ਕਿ ਦਹਿਸ਼ਤਗਰਦ ਸੰਗਠਨ ਜੈਸ਼-ਏ-ਮੁਹੰਮਦ ਦੇ 6-7 ਅੱਤਵਾਦੀ ਦਿੱਲੀ ‘ਤੇ ਹਮਲਾ ਕਰਨ ਦੀ ਫਿਰਾਕ ਵਿੱਚ ਹਨ। ਇਨ੍ਹਾਂ ਦੇ ਪੰਜਾਬ ਦੇ ਫ਼ਿਰੋਜ਼ਪੁਰ ਇਲਾਕੇ ਵਿੱਚ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਦਿੱਲੀ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਸੀ।