ਐਸ਼ਵਰਿਆ ਦੀ ਭਾਬੀ ਨੇ ਖੋਲ੍ਹੇ ਕਈ ਖ਼ਾਸ ਰਾਜ਼
ਐਸ਼ਵਰਿਆ ਦੀ ਭਾਬੀ ਨੇ ਖੋਲ੍ਹੇ ਕਈ ਖ਼ਾਸ ਰਾਜ਼

ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ ਦੇਸ਼-ਵਿਦੇਸ਼ ’ਚ ਆਪਣੀ ਖੂਬਸੂਰਤੀ ਕਰਕੇ ਚਰਚਾਵਾਂ ਦਾ ਵਿਸ਼ਾ ਰਹਿੰਦੀ ਹੈ। ਉਸ ਦੀ ਫੈਨ ਫੌਲੌਇੰਗ ਵਿੱਚ ਦੁਨੀਆ ਭਰ ਦੇ ਲੋਕ ਸ਼ਾਮਲ ਹਨ। ਇੰਨੇ ਸਟਾਰਡਮ ਦੇ ਬਾਵਜੂਦ ਉਹ ਸਹੁਰੇ ਤੇ ਪੇਕੇ ਘਰ ਚੰਗੀ ਘਰੇਲੂ ਸੁਆਣੀ ਵਾਂਗ ਕਬੀਲਦਾਰੀਆਂ ਸੰਭਾਲਦੀ ਹੈ। ਉਸ ਨੂੰ ਅਕਸਰ ਹੀ ਪੂਰੇ ਪਰਿਵਾਰ ਨਾਲ ਸਮਾਂ ਗੁਜ਼ਾਰਦੇ ਵੇਖਿਆ ਜਾ ਸਕਦਾ ਹੈ। ਹਾਲ ਹੀ ਵਿੱਚ ਐਸ਼ਵਰਿਆ ਦੇ ਭਰਾ ਆਦਿੱਤਿਆ ਰਾਏ ਦੀ ਪਤਨੀ ਸ਼੍ਰੀਮਾ ਰਾਏ ਨੇ ਇੰਸਟਾਗ੍ਰਾਮ ’ਤੇ ਆਪਣੀ ਨਨਾਣ ਦੇ ‘ਨਿਕ ਨੇਮ’ ਦਾ ਖ਼ੁਲਾਸਾ ਕੀਤਾ ਹੈ।

ਸੋਸ਼ਸ ਮੀਡੀਆ ’ਤੇ ਐਸ਼ਵਰਿਆ ਦੀ ਭਾਬੀ ਸ਼੍ਰੀਮਾ ਨੂੰ ਕਿਸੇ ਨੇ ਪੁੱਛਿਆ ਕਿ ਉਹ ਆਪਣੇ ਬੱਚਿਆਂ ਨੂੰ ਕਿਵੇਂ ਦੱਸਦੀ ਹੈ ਕਿ ਉਨ੍ਹਾਂ ਦੀ ਭੂਆ ਕਿੰਨੀ ਮਕਬੂਲ ਹੈ। ਇਸ ਗੱਲ ਦਾ ਜਵਾਬ ਦਿੰਦਿਆਂ ਉਸ ਨੇ ਲਿਖਿਆ ਕਿ ਉਨ੍ਹਾਂ ਦੇ ਘਰ ਵਿੱਚ ਕਦੀ ਇਸ ਬਾਰੇ ਚਰਚਾ ਨਹੀਂ ਹੁੰਦੀ। ਐਸ਼ਵਰਿਆ ਨੂੰ ਬੱਚੇ ਘਰ ਵਿੱਚ ‘ਗੁੱਲੂ ਭੂਆ’ ਕਹਿ ਕੇ ਬੁਲਾਉਂਦੇ ਹਨ।

ਦੱਸਿਆ ਜਾਂਦਾ ਹੈ ਕਿ ਐਸ਼ਵਰਿਆ ਦਾ ਆਪਣੀ ਮਾਂ, ਭਰਾ ਤੇ ਭਰਜਾਈ ਦੇ ਨਾਲ-ਨਾਲ ਘਰ ਦੇ ਬੱਚਿਆਂ ਨਾਲ ਖ਼ਾਸ ਲਗਾਅ ਹੈ। ਉਹ ਅਕਸਰ ਹੀ ਭਰਾ ਦੇ ਬੱਚਿਆਂ ਨਾਲ ਮਸਤੀ ਕਰਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਐਸ਼ਵਰਿਆ ਦੀ ਨਨਾਣ ਸ਼ਵੇਤਾ ਬੱਚਨ ਦੇ ਬੱਚੇ ਵੀ ਐਸ਼ਵਰਿਆ ਦੇ ਕਾਫੀ ਕਰੀਬ ਹਨ।

ਕੁਝ ਦਿਨ ਪਹਿਲਾਂ ਹੀ ਐਸ਼ਵਰਿਆ ਦੀ ਧੀ ਆਰਾਧਿਆ ਦੇ ਜਨਮ ਦਿਨ ਮੌਕੇ ਬੱਚਨ ਪਰਿਵਾਰ ਨੇ ਪਾਰਟੀ ਰੱਖੀ ਸੀ ਜਿਸ ਵਿੱਚ ਕਈ ਬਾਲੀਵੁੱਡ ਸਿਤਾਰਿਆਂ ਦੇ ਬੱਚਿਆਂ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ ਵੀ ਐਸ਼ਵਰਿਆ ਨੇ ਸਾਰੇ ਬੱਚਿਆਂ ਨਾਲ ਖੂਬ ਮਸਤੀ ਕੀਤੀ ਸੀ।