ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕੌਮੀ ਸਿਆਸਤ ਵਿੱਚ ਵੱਡਾ ਨਾਂਅ ਹੋ ਗਿਆ ਹੈ। ਕਾਂਗਰਸ ਨੇ ਸਿੱਧੂ ਨੂੰ ਪੰਜ ਸੂਬਿਆਂ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਐਲਾਨ ਦਿੱਤਾ ਹੈ। ਸਿੱਧੂ ਤਿੰਨ ਸੂਬਿਆਂ ਵਿੱਚ ਕਾਂਗਰਸ ਲਈ ਪ੍ਰਚਾਰ ਕਰਨਗੇ।

ਨਵਜੋਤ ਸਿੰਘ ਸਿੱਧੂ 15 ਦਿਨ ਚੋਣਾਂ ਵਾਲੇ ਤਿੰਨ ਸੂਬਿਆਂ ‘ਚ ਪ੍ਰਚਾਰ ਮੁਹਿੰਮ ਕਰਨਗੇ। ਇਸ ਕੰਮ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪਾਰਟੀ ਨੇ ਸਿੱਧੂ ਖਾਤਰ ਵਿਸ਼ੇਸ਼ ਹੈਲੀਕਾਪਟਰ ਦਾ ਪ੍ਰਬੰਧ ਵੀ ਕਰ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਭਲਕੇ ਯਾਨੀ 16 ਨਵੰਬਰ ਤੋਂ ਛੱਤੀਸਗੜ੍ਹ ਤੋਂ ਆਪਣੀ ਇਸ ਨਵੀਂ ਸਿਆਸੀ ਪਾਰੀ ਦਾ ਆਗ਼ਾਜ਼ ਕਰਨਗੇ।

ਛੱਤੀਸਗੜ੍ਹ ‘ਚ ਤਿੰਨ ਦਿਨ ਪ੍ਰਚਾਰ ਮੁਹਿੰਮ ਪੂਰੀ ਕਰ ਕੇ ਅਗਲੇ ਛੇ ਦਿਨ ਮੱਧਪ੍ਰਦੇਸ਼ ‘ਚ ਸਿੱਧੂ ਦੇ ਜਾਦੂਈ ਬੋਲ ਗੂੰਜਣਗੇ। ਇਸ ਤੋਂ ਬਾਅਦ ਰਾਜਸਥਾਨ ਵਿੱਚ ਵੀ ਛੇ ਦਿਨ ਸਿੱਧੂ ਕਾਂਗਰਸੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਜ਼ਿਕਰਯੋਗ ਹੈ ਕਿ ਅਗਸਤ 2018 ਵਿੱਚ ਸਿੱਧੂ ਦੀ ਪਾਕਿਸਤਾਨ ਫੇਰੀ ਕੌਮੀ ਪੱਧਰ ‘ਤੇ ਵਿਵਾਦਾਂ ਵਿੱਚ ਆਈ ਸੀ, ਪਰ ਉਨ੍ਹਾਂ ਦੇ ਬੇਬਾਕ ਅੰਦਾਜ਼ ਅਤੇ ਜ਼ਬਰਦਸਤ ਭਾਸ਼ਣ ਕਲਾ ਸਦਕਾ ਪਾਰਟੀ ਨੇ ਤਿੰਨ ਸੂਬਿਆਂ ਵਿੱਚ ਪ੍ਰਚਾਰ ਕਰਨ ਦਾ ਜ਼ਿੰਮਾ ਉਨ੍ਹਾਂ ਨੂੰ ਸੌਂਪਿਆ ਹੈ।

ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਵਿੱਚ ਪਹਿਲੇ ਗੇੜ ਲਈ ਵੋਟਿੰਗ ਬੀਤੀ 12 ਨੂੰ ਹੋ ਚੁੱਕੀ ਹੈ ਅਤੇ ਦੂਜੇ ਗੇੜ ਲਈ 20 ਨੂੰ ਵੋਟਾਂ ਪੈਣਗੀਆਂ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਆਉਂਦੀ 28 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਅੰਤ ਵਿੱਚ ਰਾਜਸਥਾਨ ਤੇ ਤੇਲੰਗਾਨਾ ਵਿੱਚ ਆਉਣ ਵਾਲੀ ਸੱਤ ਦਸੰਬਰ ਨੂੰ ਵੋਟਾਂ ਪੈਣਗੀਆਂ। ਪੰਜੇ ਸੂਬਿਆਂ ਦੇ ਨਤੀਜੇ 11 ਦਸੰਬਰ 2018 ਨੂੰ ਐਲਾਨੇ ਜਾਣਗੇ।