ਸ਼ਕਰਕੰਦੀ ਜਾਂ ਸਵੀਟ ਪਟੇਟੋ ਦਾ ਸੇਵਨ ਸਰਦੀਆਂ ‘ਚ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਸ਼ਰੀਰ ਨੂੰ ਗਰਮ ਰੱਖਦੀ ਹੈ। ਕੁੱਝ ਲੋਕ ਇਸ ਨੂੰ ਉਬਾਲ ਕੇ ਤਾਂ ਕੁੱਝ ਇਸ ਨੂੰ ਚਾਟ ਬਣਾ ਕੇ ਖਾਣਾ ਪਸੰਦ ਕਰਦੇ ਹਨ। ਇਸ ‘ਚ ਫ਼ਾਈਬਰ, ਐਂਟੀ ਔਕਸੀਡੈਂਟ, ਵਾਇਟਾਮਿਨ ਅਤੇ ਹੋਰ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸ਼ਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਸ਼ਕਰਕੰਦੀ ਦੇ ਅਜਿਹੇ ਫ਼ਾਇਦੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਇਸ ਦਾ ਸੇਵਨ ਸ਼ੁਰੂ ਕਰ ਦੇਵੋਗੇ।
ਸ਼ੂਗਰ ‘ਚ ਫ਼ਾਇਦੇਮੰਦ: ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਸ਼ਕਰਕੰਦੀ ਦਾ ਸੇਵਨ ਕਰੋ। ਇਸ ‘ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਬਲੱਡ ਸ਼ੂਗਰ ਨੂੰ ਇੱਕਦਮ ਤੋਂ ਨਹੀਂ ਵਧਾਉਂਦੇ ਅਤੇ ਉਨ੍ਹਾਂ ਨੂੰ ਕੰਟਰੋਲ ‘ਚ ਰੱਖਦੇ ਹਨ।
ਐਜ਼ਮਾ ਰੋਗੀ ਲਈ ਫ਼ਾਇਦੇਮੰਦ: ਨੱਕ, ਸਾਹ ਵਾਲੀ ਨਲੀ ਅਤੇ ਫ਼ੇਫ਼ੜਿਆਂ ‘ਚ ਕੌਫ਼ ਜੰਮਣ ਨਾਲ ਐਜ਼ਮਾ ਰੋਗੀਆਂ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਅਜਿਹੇ ‘ਚ ਰੋਜ਼ ਇੱਕ ਸ਼ਕਰਕੰਦੀ ਉਬਾਲ ਕੇ ਖਾਣ ਨਾਲ ਕੌਫ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਐਜ਼ਮਾ ਦੇ ਰੋਗੀ ਨੂੰ ਆਰਾਮ ਮਿਲਦਾ ਹੈ।
ਭਾਰ ਵਧਾਉਣ ‘ਚ ਮਦਦਗਾਰ: ਇਸ ‘ਚ ਬਹੁਤ ਜ਼ਿਆਦਾ ਮਾਤਰਾ ‘ਚ ਸਟਾਰਚ ਹੁੰਦਾ ਹੈ ਜਿਸ ਨਾਲ ਮਸਲਜ਼ ਵਧਾਉਣ ‘ਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਵਾਇਟਾਮਿਨ, ਖਣਿਜ ਅਤੇ ਪ੍ਰੋਟੀਨ ਵਜ਼ਨ ਵਧਾਉਣ ‘ਚ ਵੀ ਸਹਾਈ ਹੁੰਦੇ ਹਨ।
ਦਿਲ ਦੀਆਂ ਬੀਮਾਰੀਆਂ ਤੋਂ ਬਚਾਅ: ਰੋਜ਼ਾਨਾ ਇੱਕ ਸ਼ਕਰਕੰਦੀ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਇਸ ‘ਚ ਕੌਪਰ ਵਾਇਟਾਮਿਨ ਬੀ-6 ਹੁੰਦਾ ਹੈ ਜੋ ਕੋਲੈਸਟਰੋਲ ਪੱਧਰ ਨੂੰ ਕੰਟਰੋਲ ‘ਚ ਰੱਖਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ।
ਫ਼ਾਈਬਰ ਦਾ ਚੰਗਾ ਸਰੋਤ: ਇਹ ਫ਼ਾਈਬਰ ਦਾ ਸਭ ਤੋਂ ਚੰਗਾ ਸਰੋਤ ਹੈ। ਇਸ ਤੋਂ ਇਲਾਵਾ ਇਸ ‘ਚ ਵਾਇਟਾਮਿਨ, ਆਇਰਨ, ਪੋਟੈਸ਼ੀਅਮ ਅਤੇ ਮੈਗਨੀਜ਼ੀਅਮ ਵੀ ਕਾਫ਼ੀ ਮਾਤਰਾ ‘ਚ ਮੌਜੂਦ ਹੁੰਦਾ ਹੈ ਜੋ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ।